23 ਫਰਵਰੀ ਨੂੰ ਹੋਣ ਵਾਲੀ ਪੰਥਕ ਰੈਲੀ ਨਵਾਂ ਇਤਿਹਾਸ ਸਿਰਜੇਗੀ : ਪਰਮਿੰਦਰ ਢੀਂਡਸਾ

Thursday, Feb 20, 2020 - 09:43 AM (IST)

23 ਫਰਵਰੀ ਨੂੰ ਹੋਣ ਵਾਲੀ ਪੰਥਕ ਰੈਲੀ ਨਵਾਂ ਇਤਿਹਾਸ ਸਿਰਜੇਗੀ : ਪਰਮਿੰਦਰ ਢੀਂਡਸਾ

ਸੰਗਰੂਰ (ਸਿੰਗਲਾ) : ''23 ਫਰਵਰੀ ਨੂੰ ਹੋਣ ਵਾਲੀ ਪੰਥਕ ਰੈਲੀ ਨਵਾਂ ਇਤਿਹਾਸ ਸਿਰਜੇਗੀ ਅਤੇ ਸਿੱਖ ਸਿਆਸਤ ਨੂੰ ਨਵੀਂ ਦਿਸ਼ਾ ਦੇਵੇਗੀ।'' ਇਹ ਵਿਚਾਰ ਸਾਬਕਾ ਵਿੱਤ ਮੰਤਰੀ ਅਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਰੈਲੀ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਕਹੇ। ਉਨ੍ਹਾਂ ਦਾਅਵਾ ਕੀਤਾ ਕਿ ਇਕੱਲੇ ਜ਼ਿਲਾ ਸੰਗਰੂਰ ਦੀ ਇਹ ਰੈਲੀ 23 ਫਰਵਰੀ ਨੂੰ ਅਕਾਲੀ ਦਲ (ਬਾਦਲ) ਵੱਲੋਂ ਕੀਤੀ ਪੰਜਾਬ ਪੱਧਰੀ ਰੈਲੀ ਨਾਲੋਂ ਕਿਤੇ ਵੱਡੀ ਰੈਲੀ ਹੋਵੇਗੀ।

ਉਨ੍ਹਾਂ ਰੈਲੀ ਦੇ ਪ੍ਰਬੰਧਾਂ ਲਈ ਸੁਖਦੇਵ ਸਿੰਘ ਢੀਂਡਸਾ ਦੇ ਸਾਥੀ ਸੀਨੀਅਰ ਆਗੂਆਂ ਨਾਲ ਵੀ ਸਲਾਹ-ਮਸ਼ਵਰਾ ਕੀਤਾ ਅਤੇ ਰੈਲੀ ਲਈ ਪੁਖਤਾ ਪ੍ਰਬੰਧ ਦਾ ਐਲਾਨ ਕੀਤਾ। ਬਾਅਦ 'ਚ ਢੀਂਡਸਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਮਾਨਸਿਕਤਾ ਅਤੇ ਭਾਵਨਾ ਵੀ ਅਕਾਲੀ ਲੀਡਰਾਂ ਵਾਲੀ ਨਹੀਂ ਰਹੀ, ਜਿਸ ਕਰਕੇ ਪੰਥ ਪ੍ਰਸਤ ਵਰਕਰ ਅਤੇ ਪੰਜਾਬ ਹਿਤੈਸ਼ੀ ਲੋਕ ਅਕਾਲੀ ਦਲ (ਬਾਦਲ) ਤੋਂ ਕਿਨਾਰਾ ਕਰ ਚੁੱਕੇ ਹਨ। ਉਨ੍ਹਾਂ ਸਪੱਸ਼ਟ ਤੌਰ 'ਤੇ ਕਿਹਾ ਕਿ ਅਕਾਲੀ ਦਲ (ਬਾਦਲ) ਦਾ ਭਾਜਪਾ ਨਾਲ ਸਬੰਧ ਵੀ ਮਜਬੂਰੀ ਵਾਲਾ ਹੈ। ਮਜਬੂਰੀ ਵਾਲਾ ਗਠਜੋੜ ਲੰਮਾ ਸਮਾਂ ਚੱਲ ਹੀ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਹੁਣ ਅਕਾਲੀ ਦਲ (ਬਾਦਲ) ਨੂੰ ਭਾਜਪਾ 'ਤੇ ਭਰੋਸਾ ਨਹੀਂ ਰਿਹਾ ਅਤੇ ਭਾਜਪਾ ਨੂੰ ਸੁਖਬੀਰ ਸਿੰਘ ਬਾਦਲ 'ਤੇ ਵਿਸ਼ਵਾਸ ਨਹੀਂ ਹੈ। ਇਸ ਮੌਕੇ ਜਥੇ. ਰਜਿੰਦਰ ਸਿੰਘ ਕਾਂਝਲਾ, ਜਥੇ. ਗੁਰਚਰਨ ਸਿੰਘ ਬਚੀ, ਸੁਖਵੰਤ ਸਿੰਘ ਸਰਾਓ, ਸ਼੍ਰੋਮਣੀ ਕਮੇਟੀ ਮੈਂਬਰ ਹਰਦੇਵ ਸਿੰਘ ਰੋਗਲਾ, ਰਾਮਪਾਲ ਸਿੰਘ ਬਹਿਣੀਵਾਲ ਆਦਿ ਮੌਜੂਦ ਸਨ।      


author

cherry

Content Editor

Related News