ਮਹਿਲਾ ਸਿਪਾਹੀ ਨੂੰ ਕੁੱਟਣ ਤੇ ਗਾਲ੍ਹਾਂ ਕੱਢਣ ''ਤੇ ਕੁੜੀ ਗ੍ਰਿਫਤਾਰ
Sunday, Sep 08, 2019 - 04:55 PM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਪੁਲਸ ਨੇ ਟ੍ਰੈਫਿਕ ਡਾਈਵਰਟ ਕਰਨ ਦੀ ਡਿਊਟੀ ਦੌਰਾਨ ਮਹਿਲਾ ਸਿਪਾਹੀ ਨੂੰ ਗਾਲ੍ਹਾਂ ਕੱਢਣ ਅਤੇ ਉਸ ਦੀ ਕੁੱਟਮਾਰ ਕਰਨ 'ਤੇ ਇਕ ਕੁੜੀ ਨੂੰ ਗ੍ਰਿਫਤਾਰ ਕਰਦਿਆਂ ਉਸ ਵਿਰੁੱਧ ਥਾਣਾ ਸਿਟੀ ਸੰਗਰੂਰ ਵਿਖੇ ਕੇਸ ਦਰਜ ਕੀਤਾ ਹੈ।
ਥਾਣੇਦਾਰ ਹਰਦਿਆਲ ਦਾਸ ਨੇ ਦੱਸਿਆ ਕਿ ਮੁਦੱਈ ਮਹਿਲਾ ਸਿਪਾਹੀ ਰਜੀਆ ਵਾਸੀ ਹਿੰਮਤਾਣਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਲੰਘੀ 7 ਸਤੰਬਰ ਨੂੰ ਵੱਡਾ ਚੌਂਕ ਥਾਣਾ ਸਿਟੀ ਸੰਗਰੂਰ ਵਿਖੇ ਧਰਨਾ ਲੱਗਾ ਹੋਇਆ ਸੀ ਤਾਂ ਮੁਦੱਈ ਦੀ ਸਮੇਤ ਮਹਿਲਾ ਸਿਪਾਹੀ ਮਮਤਾ ਰਾਣੀ ਨਾਲ ਛੋਟਾ ਚੌਂਕ ਬਾਜ਼ਾਰ ਵਿਚ ਟ੍ਰੈਫਿਕ ਡਾਈਵਰਟ ਕਰਨ ਦੀ ਡਿਊਟੀ ਲੱਗੀ ਹੋਈ ਸੀ। ਦੁਪਹਿਰ ਕਰੀਬ 12:40 ਵਜੇ ਮਨਪ੍ਰੀਤ ਕੌਰ ਵਾਸੀ ਸੰਘਰੇੜੀ ਆਪਣੀ ਸਕੂਟਰੀ 'ਤੇ ਉਥੋਂ ਲੰਘ ਰਹੀ ਸੀ, ਜਿਸ ਨੂੰ ਮੁਦੱਈ ਰਜੀਆ ਨੇ ਰੁਕਣ ਦਾ ਇਸ਼ਾਰਾ ਕੀਤਾ ਪਰ ਉਹ ਨਾ ਰੁਕੀ। ਇਸ ਉਪਰੰਤ ਅਚਾਨਕ ਮਨਪ੍ਰੀਤ ਕੌਰ ਵਾਪਸ ਆਈ ਜਿਸ ਨੇ ਮੁਦੱਈ ਨੂੰ ਗਾਲ੍ਹਾਂ ਕੱਢੀਆਂ ਅਤੇ ਉਸ ਦੀ ਕੁੱਟਮਾਰ ਕਰਨ ਲੱਗੀ। ਪੁਲਸ ਨੇ ਮੁਦੱਈ ਦੀ ਸ਼ਿਕਾਇਤ ਦੀ ਪੜਤਾਲ ਕਰਦਿਆਂ ਮਨਪ੍ਰੀਤ ਕੌਰ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।