ਰੁੱਸੇ ਵਿਧਾਇਕਾਂ ਦੀ ਪਾਰਟੀ ''ਚ ਮੁੜ ਵਾਪਸੀ ਦੀਆਂ ਭਗਵੰਤ ਮਾਨ ਨੇ ਰੱਖੀਆਂ ਸਖਤ ਸ਼ਰਤਾਂ
Saturday, Feb 15, 2020 - 04:59 PM (IST)
ਸੰਗਰੂਰ (ਰਾਜੇਸ਼ ਕੋਹਲੀ) : ਰੁੱਸੇ ਵਿਧਾਇਕਾਂ ਦੀ ਪਾਰਟੀ ਵਿਚ ਵਾਪਸੀ 'ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕੁਝ ਸ਼ਰਤਾਂ ਰੱਖੀਆਂ ਹਨ। ਸੰਗਰੂਰ ਵਿਖੇ ਆਪਣੇ ਦਫਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਾਨ ਨੇ ਕਿਹਾ ਕਿ ਜੇਕਰ ਉਹ ਵਾਪਸ ਆਉਣਾ ਚਾਹੁੰਦੇ ਹਨ ਤਾਂ ਆ ਸਕਦੇ ਹਨ ਪਰ ਜੋ ਉਨ੍ਹਾਂ ਨੇ ਲਾਈਨ ਤੋੜੀ ਹੈ ਉਸ ਵਿਚ ਹੁਣ ਉਨ੍ਹਾਂ ਨੂੰ ਪਿੱਛੇ ਹੀ ਲੱਗਣਾ ਪਏਗਾ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਜੇਕਰ ਕੋਈ ਬਿਨਾਂ ਸੁਆਰਥ ਦੇ ਆਉਣਾ ਚਾਹੁੰਦਾ ਹੈ ਤਾਂ ਉਹ ਆ ਸਕਦਾ ਹੈ। ਸਾਡੀ ਸ਼ਰਤ ਹੈ ਕਿ ਪੰਜਾਬ ਲਈ ਵਫਾਦਾਰ ਹੋਣਾ ਚਾਹੀਦਾ ਹੈ ਅਤੇ ਪੰਜਾਬ ਦੀ ਮਿੱਟੀ ਨੂੰ ਪਿਆਰ ਕਰਨ ਵਾਲਾ ਹੋਣਾ ਚਾਹੀਦਾ ਹੈ।
ਇਸ ਦੌਰਾਨ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਦੀ ਤੀਜੀ ਵਾਰ ਸਰਕਾਰ ਬਣਨ 'ਤੇ ਕਿਹਾ ਹੈ ਕਿ ਹੁਣ ਪੰਜਾਬ ਦੀ ਵਾਰੀ ਹੈ। ਉਨ੍ਹਾਂ ਕਿਹਾ ਕਿ ਇਹ ਆਮ ਆਦਮੀ ਦੀ ਜਿੱਤ ਹੈ। ਦਿੱਲੀ ਦੀ ਜਿੱਤ ਈਮਾਨਦਾਰੀ, ਬਿਜਲੀ, ਪਾਣੀ, ਸਕੂਲਾਂ ਦੀ ਜਿੱਤ ਹੈ। ਦਿੱਲੀ ਦੀ ਜਿੱਤ ਮੁਹੱਲਾ ਕਲੀਨਿਕਾਂ ਤੇ ਬੇਰੋਜ਼ਗਾਰੀ ਨੂੰ ਦੂਰ ਕਰਨ ਦੀ ਸੋਚ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀ ਜਿੱਤ ਦੇਸ਼ ਨੂੰ ਤੋੜਨ ਵਾਲਿਆਂ ਖਿਲਾਫ ਜਨਤਾ ਦੀ ਜਿੱਤ ਹੈ। ਇਸ ਮੌਕੇ ਮਾਨ ਨੇ ਕਿਹਾ ਕਿ ਇਸ ਜਿੱਤ ਦਾ ਪੰਜਾਬ 'ਤੇ ਬਹੁਤ ਅਸਰ ਪਏਗਾ, ਕਿਉਂਕਿ ਲੋਕਾਂ ਦਾ ਪਾਰਟੀ 'ਤੇ ਯਕੀਨ ਬਣਿਆ ਹੈ। ਪੰਜਾਬ ਦੇ ਲੋਕ ਦੋਵੇਂ ਰਵਾਇਤੀ ਪਾਰਟੀਆਂ ਤੋਂ ਦੁਖੀ ਹਨ।
ਉਥੇ ਹੀ ਨਵਜੋਤ ਸਿੱਧੂ 'ਤੇ ਬੋਲਦੇ ਹੋਏ ਮਾਨ ਨੇ ਕਿਹਾ ਕਿ ਸਿੱਧੂ ਇਕ ਚੰਗੇ ਅਤੇ ਈਮਾਨਦਾਰ ਨੇਤਾ ਹਨ ਅਤੇ ਲੋਕ ਵੀ ਉਨ੍ਹਾਂ ਨੂੰ ਕਾਫੀ ਪਿਆਰ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਉਨ੍ਹਾਂ ਨਾਲ ਨਿੱਜੀ ਤੌਰ 'ਤੇ ਕੋਈ ਗੱਲਬਾਤ ਨਹੀਂ ਹੋਈ ਹੈ।