50 ਗ੍ਰਾਮ ਹੈਰੋਇਨ ਤੇ ਕਾਰ ਸਮੇਤ 3 ਨੌਜਵਾਨ ਗ੍ਰਿਫਤਾਰ

07/09/2019 10:49:23 AM

ਸੰਗਤ ਮੰਡੀ (ਵਰਮਾ) : ਸੀ.ਆਈ.ਏ.ਸਟਾਫ 1 ਦੀ ਪੁਲਸ ਨੇ ਬਠਿੰਡਾ-ਬਾਦਲ ਸੜਕ 'ਤੇ ਪੈਂਦੇ ਪਿੰਡ ਘੁੱਦਾ ਵਿਖੇ ਹਰਿਆਣਾ ਨੰਬਰੀ ਸਕੋਡਾ ਸਵਾਰ ਤਿੰਨ ਨੌਜਵਾਨਾਂ ਨੂੰ 50 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਸ ਵੱਲੋਂ ਇਸ ਇਲਾਕੇ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਾਵਰੀ ਕੀਤੀ ਗਈ ਹੈ। ਸੀ.ਆਈ.ਏ ਸਟਾਫ 1 ਦੇ ਐੱਸ.ਆਈ. ਬਲਵੰਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਤਿੰਨ ਨੌਜਵਾਨ ਬਾਦਲ ਪਿੰਡ ਪਾਸਿਓਂ ਗੱਡੀ 'ਤੇ ਕੋਈ ਨਸ਼ੀਲਾ ਪਦਾਰਥ ਲੈ ਕੇ ਆ ਰਹੇ ਹਨ। ਇਸ ਅਧਾਰ 'ਤੇ ਪੁਲਸ ਪਾਰਟੀ ਵੱਲੋਂ ਬੀਤੀ ਰਾਤ ਪਿੰਡ ਘੁੱਦਾ ਵਿਖੇ ਨਾਕਾਬੰਦੀ ਕੀਤੀ ਹੋਈ ਸੀ।

ਇਸ ਦੌਰਾਨ ਬਾਦਲ ਪਿੰਡ ਪਾਸਿਓਂ ਇਕ ਹਰਿਆਣਾ ਨੰਬਰੀ ਸਕੋਡਾ ਕਾਰ ਆ ਰਹੀ ਸੀ ਜਿਸ 'ਚ ਤਿੰਨ ਨੌਜਵਾਨ ਸਵਾਰ ਸਨ। ਪੁਲਸ ਪਾਰਟੀ ਵੱਲੋਂ ਜਦੋਂ ਉਕਤ ਕਾਰ ਸਵਾਰ ਨੌਜਵਾਨਾਂ ਨੂੰ ਰੋਕ ਕੇ ਕਾਰ ਦੀ ਤਲਾਸ਼ੀ ਲਈ ਤਾਂ ਕਾਰ 'ਚੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ। ਫੜੇ ਗਏ ਕਾਰ ਸਵਾਰ ਨੌਜਵਾਨਾਂ ਦੀ ਪਛਾਣ ਰਣਜੀਤ ਸਿੰਘ ਵਾਸੀ ਪਿਉਰੀ, ਕੁਲਦੀਪ ਸਿੰਘ ਵਾਸੀ ਜੰਗੀਰਾਣਾ ਅਤੇ ਸੁਪਰੀਮ ਸਿੰਘ ਵਾਸੀ ਹੁਸਨਰ ਦੇ ਤੌਰ 'ਤੇ ਹੋਈ ਹੈ। ਪੁਲਸ ਵੱਲੋਂ ਉਕਤ ਨੌਜਵਾਨਾਂ ਵਿਰੁੱਧ ਥਾਣਾ ਨੰਦਗੜ੍ਹ ਵਿਖੇ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਹਵਾਲਾਤ 'ਚ ਬੰਦ ਕਰ ਦਿੱਤਾ ਗਿਆ ਹੈ।


cherry

Content Editor

Related News