ਸੰਦੀਪ ਨੰਗਲ ਕਤਲ ਦਾ ਮਾਮਲਾ ਗਰਮਾਇਆ, ਪਰਿਵਾਰਕ ਮੈਂਬਰਾਂ ਨੇ ਨਕੋਦਰ ਸਿਵਲ ਹਸਪਤਾਲ 'ਚ ਦਿੱਤਾ ਧਰਨਾ

03/16/2022 11:40:18 AM

ਨਕੋਦਰ (ਪਾਲੀ)- ਸੰਦੀਪ ਨੰਗਲ ਅੰਬੀਆਂ ਦੇ ਕਤਲ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਕਾਤਲਾਂ ਦੀ ਗ੍ਰਿਫ਼ਤਾਰੀ ਨਾ ਹੋਣ ਨੂੰ ਲੈ ਕੇ ਸੰਦੀਪ ਦੇ ਪਰਿਵਾਰਕ ਮੈਂਬਰਾਂ ਸਮੇਤ ਹੋਰ ਖੇਡ ਪ੍ਰੇਮੀਆਂ ਵੱਲੋਂ ਨਕੋਦਰ ਸਿਵਲ ਹਸਪਤਾਲ 'ਚ ਧਰਨਾ ਲਗਾਇਆ ਗਿਆ ਹੈ। ਇਥੇ ਦੱਸਣਯੋਗ ਹੈ ਕਿ ਸੰਦੀਪ ਨੰਗਲ ਅੰਬੀਆਂ ਦੇ ਅਣਪਛਾਤੇ ਕਾਤਲਾਂ ਨੂੰ ਫੜਨਾ ਪੁਲਸ ਲਈ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਭਾਵੇਂ ਬੀਤੇ ਦਿਨੀਂ ਨਕੋਦਰ ਪੁਲਸ ਨੇ ਮ੍ਰਿਤਕ ਸੰਦੀਪ ਦਾ ਪੋਸਟਮਾਰਟਮ ਕਰਵਾਉਣ ਲਈ ਸਾਰੇ ਦਸਤਾਵੇਜ਼ ਮੁਕੰਮਲ ਕਰ ਲਏ ਸਨ ਪਰ ਆਸ ਸੀ ਕਿ ਮ੍ਰਿਤਕ ਸੰਦੀਪ ਦੇ ਪਰਿਵਾਰਕ ਮੈਂਬਰਾਂ ਦੇ ਵਿਦੇਸ਼ ਤੋਂ ਆਉਣ ਉਪਰੰਤ ਮੰਗਲਵਾਰ ਪੋਸਟਮਾਰਟਮ ਕਰਵਾ ਕੇ ਸਸਕਾਰ ਹੋ ਜਾਵੇਗਾ ਪਰ ਦੇਰ ਰਾਤ ਮ੍ਰਿਤਕ ਸੰਦੀਪ ਦੇ ਪਰਿਵਾਰਕ ਮੈਂਬਰਾਂ ਐਲਾਨ ਕੀਤਾ ਕਿ ਜਿੰਨਾ ਚਿਰ ਮ੍ਰਿਤਕ ਸੰਦੀਪ ਦੇ ਕਾਤਲਾਂ ਨੂੰ ਪੁਲਸ ਗ੍ਰਿਫ਼ਤਾਰ ਨਹੀਂ ਕਰਦੀ, ਉਨ੍ਹਾਂ ਚਿਰ ਨਾ ਤਾਂ ਸੰਦੀਪ ਦਾ ਪੋਸਟਮਾਰਟਮ ਅਤੇ ਨਾ ਹੀ ਉਸ ਦਾ ਸਸਕਾਰ ਕੀਤਾ ਜਾਵੇਗਾ। 
ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਸੀ ਨਾ ਹੀ ਕੋਈ ਤਾਕਤ ਇਹ ਕਰਵਾ ਸਕਦੀ ਹੈ। ਪਰਿਵਾਰਿਕ ਮੈਂਬਰਾਂ ਨੇ ਮ੍ਰਿਤਕ ਸੰਦੀਪ ਨੂੰ ਚਾਹੁਣ ਵਾਲੇ ਦੋਸਤ ਮਿੱਤਰ, ਕਬੱਡੀ ਪ੍ਰੇਮੀਆਂ ਅਤੇ ਕਬੱਡੀ ਖ਼ਿਡਾਰੀਆਂ ਨੂੰ ਅਪੀਲ ਕੀਤੀ ਸੀ ਕਿ ਸਾਰੇ ਸੰਦੀਪ ਨੂੰ ਇਨਸਾਫ਼ ਦਿਵਾਉਣ ਲਈ ਸਵੇਰ ਸਿਵਲ ਹਸਪਤਾਲ ਨਕੋਦਰ ਪਹੁੰਚਣ । ਇਸ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕਬੱਡੀ ਦੇ ਨਾਮਵਰ ਖ਼ਿਡਾਰੀ, ਦੋਸਤ ਮਿੱਤਰ ਅਤੇ ਪਿੰਡ ਵਾਸੀ ਹਾਜ਼ਰ ਸਨ । 

ਇਹ ਵੀ ਪੜ੍ਹੋ: ‘ਆਪ’ ਦੀ ਸਰਕਾਰ: ਨਵੇਂ ‘ਗੌਡਫਾਦਰ’ ਦੀ ਭਾਲ ’ਚ ਜੁਟੀ ਸੂਬੇ ਦੀ ਅਫ਼ਸਰਸ਼ਾਹੀ

PunjabKesari

ਕੱਬਡੀ ਟੂਰਨਾਮੈਂਟ ਦੌਰਾਨ ਸ਼ਰੇਆਮ ਗੋਲ਼ੀਆਂ ਮਾਰ ਕੇ ਕੀਤਾ ਸੀ ਕਤਲ
ਦੱਸਣਯੋਗ ਹੈ ਕਿ ਥਾਣਾ ਸਦਰ ਅਧੀਨ ਆਉਂਦੇ ਪਿੰਡ ਮੱਲ੍ਹੀਆਂ ਖੁਰਦ ’ਚ ਇਕ ਚੱਲਦੇ ਕਬੱਡੀ ਟੂਰਨਾਮੈਂਟ ਦੌਰਾਨ ਨਾਮਵਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਥਾਣਾ ਸ਼ਾਹਕੋਟ ਦੇ ਪਿੰਡ ਨੰਗਲ ਅੰਬੀਆਂ ਦਾ ਰਹਿਣ ਵਾਲਾ ਸੰਦੀਪ ਨੰਗਲ ਅੰਬੀਆਂ (38) ਪੁੱਤਰ ਸਰਵਨ ਸਿੰਘ ਕਬੱਡੀ ਦਾ ਚਮਕਦਾ ਸਿਤਾਰਾ ਅੰਤਰਰਾਸ਼ਟਰੀ ਖਿਡਾਰੀ ਸੀ। ਪਿੰਡ ਮੱਲ੍ਹੀਆਂ ’ਚ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ ਕਿ ਇਸ ਦੌਰਾਨ 4-5 ਅਣਪਛਾਤੇ ਵਿਅਕਤੀ ਗੱਡੀ ’ਚ ਆਏ ਤੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ’ਤੇ ਅੰਨ੍ਹੇਵਾਹ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ’ਚ ਨਕੋਦਰ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਲਿਜਾਇਆ ਗਿਆ, ਜਿਥੇ ਉਸ ਨੇ ਦਮ ਤੋੜ ਦਿੱਤਾ। ਹਮਲਾਵਰਾਂ ਵੱਲੋਂ ਅੰਨ੍ਹੇਵਾਹ ਚਲਾਈਆਂ ਗੋਲੀਆਂ ਦੇ ਛੱਰੇ ਟੂਰਨਾਮੈਂਟ ਦੇਖ ਰਹੇ 2 ਹੋਰ ਨੌਜਵਾਨਾਂ ਦੇ ਵੀ ਲੱਗੇ, ਜਿਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।

PunjabKesari

ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਕਾਂਡ ਵਿਚ ਉਸ ਸਮੇਂ ਨਵਾਂ ਮੋੜ ਆ ਗਿਆ ਸੀ ਜਦੋਂ ਇਸ ਕਤਲ ਦੀ ਜ਼ਿੰਮੇਵਾਰੀ ਕਥਿਤ ਤੌਰ ’ਤੇ ਲਾਰੈਂਸ ਬਿਸ਼ਨੋਈ ਗਰੁੱਪ ਨੇ ਲਈ। ਲਾਰੈਂਸ ਬਿਸ਼ਨੋਈ ਗਰੁੱਪ ਨਾਂ ਦੀ ਆਈ. ਡੀ. ’ਤੇ ਲਿਖਿਆ ਗਿਆ ਹੈ ਕਿ ਸੰਦੀਪ ਨੰਗਲ ਅੰਬੀਆਂ ਨੂੰ ਨਰਕ ਵੱਲ ਅਸੀਂ ਹੀ ਭੇਜਿਆ ਹੈ ਅਤੇ ਇਸ ਦਾ ਕਸੂਰ ਇਹ ਸੀ ਕਿ ਇਸ ਨੇ ਸਾਡੇ ਗਰੁੱਪ ਨਾਲ ਧੋਖਾ ਕਰਦੇ ਹੋਏ ਆਪਣਾ ਕੰਮ ਕਢਵਾ ਲਿਆ ਅਤੇ ਫਿਰ ਲਾਰਾ ਲਗਾਈ ਰੱਖਿਆ ਅਤੇ ਬਾਅਦ ਵਿਚ ਵਿਦੇਸ਼ ਭੱਜ ਗਿਆ, ਅਸੀਂ ਇਸ ਨੂੰ ਮਾਰਿਆ ਹੈ ਕਿਉਂਕਿ ਹੁਣ ਇਸ ਦਾ ਮਰਨਾ ਜ਼ਰੂਰੀ ਸੀ।

ਇਹ ਵੀ ਪੜ੍ਹੋ: ਜਲੰਧਰ ਵਿਖੇ ਗੈਸਟ ਹਾਊਸ ’ਚੋਂ ਰੰਗਰਲੀਆਂ ਮਨਾਉਂਦੇ ਫੜੇ ਗਏ ਮੁੰਡੇ-ਕੁੜੀਆਂ

PunjabKesari

ਜੱਗੂ ਭਗਵਾਨਪੁਰੀਆ ਨੇ ਦੱਸਿਆ ਫਰਜ਼ੀ
ਉਧਰ ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਲੈਣ ਦੀ ਸੋਸ਼ਲ ਮੀਡੀਆ ’ਤੇ ਪੋਸਟ ਵਾਇਰਲ ਹੋਣ ਤੋਂ ਬਾਅਦ ਗੈਂਗਸਟਰ ਗਰੁੱਪ ਜੱਗੂ ਭਗਵਾਨਪੁਰੀਆ ਨੇ ਵੀ ਇਕ ਪੋਸਟ ਸਾਂਝੀ ਕੀਤੀ। ਜਿਸ ਵਿਚ ਭਗਵਾਨਪੁਰੀਆ ਗਰੁੱਪ ਨੇ ਇਸ ਪੋਸਟ ਨੂੰ ਫਰਜ਼ੀ ਕਰਾਰ ਦਿੱਤਾ ਹੈ। ਜੱਗੂ ਭਗਵਾਨਪੁਰੀਆ ਨਾਂ ਦੀ ਫੇਸਬੁੱਕ ਆਈ. ਡੀ. ’ਤੇ ਲਿਖਿਆ ਗਿਆ ਹੈ ਕਿ ਸੰਦੀਪ ਨੰਗਲ ਅੰਬੀਆਂ ਸਾਡਾ ਭਰਾ ਸੀ ਅਤੇ ਹਮੇਸ਼ਾ ਰਹੇਗਾ। ਇਹ ਇਕ ਸੁਪਰਸਟਾਰ ਸੀ। ਬਹੁਤ ਦੁੱਖ਼ ਹੈ ਉਸ ਦੇ ਚਲੇ ਜਾਣ ਦਾ। ਰੋਜ਼-ਰੋਜ਼ ਅਜਿਹੇ ਪੁੱਤ ਨਹੀਂ ਜੰਮਦੇ। ਅਸੀਂ ਕਬੱਡੀ ਨੂੰ ਪਰਮੋਟ ਕਰਦੇ ਹਾਂ। ਕੋਈ ਵੀ ਬਿਨਾਂ ਕਿਸੇ ਗੱਲ ਤੋਂ ਫੇਕ ਖ਼ਬਰ ਨਾ ਚਲੀ ਜਾਵੇ। ਪਹਿਲਾਂ ਸਭ ਵੈਰੀਫਾਈ ਕੀਤਾ ਜਾਵੇ। ਇਥੇ ਇਹ ਵੀ ਦੱਸਣਯੋਗ ਹੈ ਕਿ ‘ਜਗ ਬਾਣੀ’ ਇਨ੍ਹਾਂ ਪੋਸਟਾਂ ਦੀ ਪੁਸ਼ਟੀ ਨਹੀਂ ਕਰਦਾ ਹੈ ਕਿ ਇਹ ਪੋਸਟ ਅਸਲੀ ਹਨ ਜਾਂ ਫੇਕ, ਫਿਲਹਾਲ ਇਹ ਹੁਣ ਜਾਂਚ ਦਾ ਵਿਸ਼ਾ ਜ਼ਰੂਰ ਬਣ ਚੁੱਕਾ ਹੈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਵੱਡੀ ਵਾਰਦਾਤ, 2 ਦਿਨ ਤੋਂ ਲਾਪਤਾ ਨੌਜਵਾਨ ਦਾ ਗੋਲ਼ੀ ਮਾਰ ਕੇ ਕਤਲ, ਖੇਤਾਂ 'ਚੋਂ ਮਿਲੀ ਲਾਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News