ਪੰਜਾਬ ''ਚ ਮਹਿੰਗੀ ਹੋਈ ਰੇਤ ਬੱਜਰੀ, ਮੁੱਖ ਮੰਤਰੀ ਦਫਤਰ ਵੀ ਨਹੀਂ ਰੁਕਵਾ ਸਕਿਆ ਗੁੰਡਾ ਟੈਕਸ

08/24/2019 10:44:02 AM

ਜਲੰਧਰ (ਖੁਰਾਣਾ)— ਇਸ ਮਹੀਨੇ ਦੇ ਸ਼ੁਰੂ 'ਚ 'ਪੰਜਾਬ ਕੇਸਰੀ' ਨੇ ਪਠਾਨਕੋਟ ਖੇਤਰ 'ਚ ਰੇਤ-ਬੱਜਰੀ ਮਾਫੀਆ ਵੱਲੋਂ ਗੈਰ-ਕਾਨੂੰਨੀ ਰੂਪ 'ਚ ਵਸੂਲੇ ਜਾ ਰਹੇ ਗੁੰਡਾ ਟੈਕਸ ਦਾ ਮੁੱਦਾ ਚੁੱਕਿਆ ਸੀ ਅਤੇ ਇਸ ਕੰਮ 'ਚ ਲੱਗੇ ਲੋਕਾਂ ਦੀ ਪੋਲ ਖੋਲ੍ਹੀ ਸੀ। ਇਸ ਗੁੰਡਾ ਟੈਕਸ ਦੀ ਵਸੂਲੀ ਨਾਲ ਜਿੱਥੇ ਉਸ ਖੇਤਰ 'ਚ ਸਥਿਤ ਕ੍ਰੈਸ਼ਰ ਮਾਲਕ ਅਤੇ ਟਰਾਂਸਪੋਰਟ ਕਾਰੋਬਾਰ 'ਚ ਲੱਗੇ ਕਾਰੋਬਾਰੀ ਕਾਫੀ ਦੁਖੀ ਸਨ, ਉਥੇ ਇਸ ਗੁੰਡਾ ਟੈਕਸ ਦਾ ਅਸਰ ਕਰਤਾਰਪੁਰ ਕਾਰੀਡੋਰ ਅਤੇ ਸੁਲਤਾਨਪੁਰ ਲੋਧੀ ਖੇਤਰ ਵਿਚ ਚੱਲ ਰਹੇ 550 ਸਾਲਾ ਪ੍ਰੋਗਰਾਮਾਂ 'ਤੇ ਵੀ ਪੈ ਰਿਹਾ ਸੀ। ਗੈਰ-ਕਾਨੂੰਨੀ ਢੰਗ ਨਾਲ ਵਸੂਲੇ ਜਾ ਰਹੇ ਗੁੰਡਾ ਟੈਕਸ ਦਾ ਮਾਮਲਾ ਉਠਣ ਤੋਂ ਮਗਰੋਂ ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਅਤੇ ਵਿਭਾਗ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਫਤਰ ਤੱਕ ਇਹ ਗੱਲ ਪਹੁੰਚਾਈ ਸੀ ਅਤੇ ਇਸ ਸਿਲਸਿਲੇ 'ਚ ਮੁੱਖ ਮੰਤਰੀ ਦੇ ਚੀਫ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਦੇ ਨਾਲ ਇਕ ਉੱਚ ਪੱਧਰੀ ਮੀਟਿੰਗ ਵੀ ਹੋਈ ਸੀ, ਜਿਸ ਦੌਰਾਨ ਪਠਾਨਕੋਟ ਅਤੇ ਗੁਰਦਾਸਪੁਰ ਖੇਤਰ ਦੇ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਭੇਜੀਆਂ ਗਈਆਂ ਸਨ ਕਿ ਗੁੰਡਾ ਟੈਕਸ ਦੀ ਨਾਜਾਇਜ਼ ਵਸੂਲੀ ਵਰਗੇ ਮਾਮਲਿਆਂ ਨਾਲ ਸਖਤੀ ਨਾਲ ਨਿੱਬੜਿਆ ਜਾਵੇ ਅਤੇ ਲੋਕਾਂ ਦੇ ਉਸਾਰੂ ਕੰਮਾਂ ਲਈ ਕੰਟਰੋਲ ਰੇਟ 'ਤੇ ਰੇਤ ਬੱਜਰੀ ਦੀ ਸਪਲਾਈ ਯਕੀਨੀ ਬਣਾਈ ਜਾਵੇ।

ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਦਫਤਰ ਨਾਲ ਸਬੰਧਤ ਸਭਨਾਂ ਅਧਿਕਾਰੀਆਂ ਨੂੰ ਤਾਂ ਇਹ ਗੁੰਡਾ ਟੈਕਸ ਦੀ ਵਸੂਲੀ ਫੌਰੀ ਤੌਰ 'ਤੇ ਰੁਕਵਾਉਣ ਦੀਆਂ ਹਦਾਇਤਾਂ ਜਾਰੀ ਹੋਈਆਂ ਪਰ ਇਹ ਹੁਕਮ ਹਵਾ 'ਚ ਹੀ ਰਹਿ ਗਏ ਕਿਉਂਕਿ ਇਕ ਦਿਨ ਲਈ ਵੀ ਗੁੰਡਾ ਟੈਕਸ ਦੀ ਵਸੂਲੀ ਦਾ ਕੰਮ ਨਹੀਂ ਰੁਕ ਸਕਿਆ। ਉਲਟਾ ਜਿੱਥੇ 500 ਰੁਪਏ ਪ੍ਰਤੀ ਸੈਂਕੜਾ ਕੱਚੀ ਪਰਚੀ ਕੱਟੀ ਜਾ ਰਹੀ ਸੀ, ਉਥੇ ਹੀ ਉਸ ਨੂੰ ਵਧਾ ਕੇ 600 ਰੁਪਏ ਕਰ ਦਿੱਤਾ ਗਿਆ। ਇੰਨਾ ਅਸਰ ਜ਼ਰੂਰ ਹੋਇਆ ਕਿ ਜਿਹੜੇ ਲੋਕ ਗੁੰਡਾ ਟੈਕਸ ਦਾ ਵਿਰੋਧ ਕਰ ਰਹੇ ਸਨ ਜਾਂ ਪ੍ਰਭਾਵਸ਼ਾਲੀ ਅਤੇ ਸਿਫਾਰਸ਼ੀ ਸਨ, ਉਨ੍ਹਾਂ ਦੀ ਕੱਚੀ ਪਰਚੀ ਦਾ ਰੇਟ 400 ਰੁਪਏ ਪ੍ਰਤੀ ਸੈਂਕੜਾ ਹੋ ਗਿਆ। ਦੂਜੇ ਪਾਸੇ ਪੂਰੇ ਪੰਜਾਬ ਵਿਚ ਰੇਤ-ਬੱਜਰੀ ਮਹਿੰਗੀ ਹੋ ਜਾਣ ਕਾਰਨ ਹਾਹਾਕਾਰ ਮਚ ਗਈ ਹੈ ਅਤੇ ਸ਼ਹਿਰਾਂ ਵਿਚ ਸਾਰੇ ਵਿਕਾਸ ਕੰਮ ਰੁਕ ਗਏ ਹਨ। ਜਿਹੜੇ ਲੋਕ ਘਰ ਬਣਾਉਣ ਦਾ ਸੁਪਨਾ ਦੇਖ ਰਹੇ ਸਨ, ਉਨ੍ਹਾਂ ਦਾ ਬਜਟ ਗੜਬੜਾ ਗਿਆ ਹੈ। ਇਸ ਨੂੰ ਲੈ ਕੇ ਵੀ ਲੋਕਾਂ 'ਚ ਪੰਜਾਬ ਦੀ ਕਾਂਗਰਸ ਸਰਕਾਰ ਪ੍ਰਤੀ ਰੋਸ ਪੈਦਾ ਹੋ ਗਿਆ ਹੈ।

ਦਬਾਅ ਦੇ ਹੋਰ ਹਥਕੰਡੇ ਵੀ ਇਸਤੇਮਾਲ ਹੋਣ ਲੱਗੇ
ਪਠਾਨਕੋਟ ਖੇਤਰ 'ਚ ਨਵੇਂ ਉਭਰੇ ਬੱਜਰੀ ਰੇਤ ਮਾਫੀਆ ਨੇ ਜਿੱਥੇ ਗੁੰਡਾ ਟੈਕਸ ਦੀ ਵਸੂਲੀ ਨੂੰ ਨਿਰੰਤਰ ਜਾਰੀ ਰੱਖਿਆ ਹੋਇਆ ਹੈ, ਉਥੇ ਹੀ ਹੁਣ ਸਭਨਾਂ ਨੂੰ ਅਲਟੀਮੇਟਮ ਦੇ ਦਿੱਤਾ ਗਿਆ ਹੈ ਕਿ ਪਹਿਲੀ ਅਕਤੂਬਰ ਤੋਂ ਰਾਇਲਟੀ/ਪਰਚੀ 900 ਰੁਪਏ ਪ੍ਰਤੀ ਸੈਂਕੜਾ ਹੋ ਜਾਵੇਗੀ। ਇਸ ਲਈ ਨਵੇਂ ਰੇਟਾਂ ਦੇ ਲਈ ਤਿਆਰ ਰਹਿਣ।
ਇਸ ਮਾਫੀਆ ਨੇ ਆਪਣੀਆਂ ਜੇਬਾਂ ਭਰਨ ਦੇ ਲਈ ਨਵੇਂ ਹਥਕੰਡੇ ਅਪਣਾਉਣੇ ਵੀ ਸ਼ੁਰੂ ਕਰ ਦਿੱਤੇ ਹਨ। ਪਤਾ ਲੱਗਾ ਹੈ ਕਿ ਪਠਾਨਕੋਟ ਅਤੇ ਗੁਰਦਾਸਪੁਰ ਖੇਤਰਾਂ ਦੇ ਰਸਤਿਆਂ 'ਚ ਜਿਹੜੀਆਂ ਗੱਡੀਆਂ ਹਿਮਾਚਲ ਦੀ ਰੇਤ ਬੱਜਰੀ (ਜਿਹੜੀ ਤਲਵਾੜਾ ਬੈਲਟ, ਊਨਾ ਬੈਲਟ ਅਤੇ ਜੇਜੋਂ ਸਾਈਟ 'ਤੇ ਹੁੰਦੀ ਹੈ) ਦਾ ਮਾਲ ਲੈ ਕੇ ਨਿਕਲਦੀ ਹੈ, ਜ਼ਿਆਦਾਤਰ ਨਾਕਿਆਂ 'ਤੇ ਉਨ੍ਹਾਂ ਨੂੰ ਰੁਕਵਾ ਕੇ ਮੋਟੇ ਚਲਾਨ ਕਟਵਾਏ ਜਾ ਰਹੇ ਹਨ। 'ਪੰਜਾਬ ਕੇਸਰੀ' ਦੀ ਟੀਮ ਨੇ ਦੇਖਿਆ ਕਿ ਅਜਿਹੇ ਹੀ ਇਕ ਟਰੱਕ ਦਾ ਚਲਾਨ 35 ਹਜ਼ਾਰ ਰੁਪਏ ਦਾ ਕੱਟਿਆ ਗਿਆ, ਇਸ ਤੋਂ ਸਾਬਿਤ ਹੁੰਦਾ ਹੈ ਕਿ ਕਿਤੇ ਨਾ ਕਿਤੇ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਇਸ ਰੇਤ ਬੱਜਰੀ ਮਾਫੀਆ ਲਈ ਕੰਮ ਕਰ ਰਹੇ ਹਨ।

ਸੁਲਤਾਨਪੁਰ ਲੋਧੀ ਅਤੇ ਕਰਤਾਰਪੁਰ ਕਾਰੀਡੋਰ ਦੀ ਉਸਾਰੀ ਅਜੇ ਤਕ ਪ੍ਰਭਾਵਿਤ
ਜ਼ਿਕਰਯੋਗ ਹੈ ਕਿ ਪਠਾਨਕੋਟ ਖੇਤਰ 'ਚ ਰੇਤ ਬੱਜਰੀ 'ਤੇ ਪਿਛਲੇ ਕਈ ਹਫਤਿਆਂ ਤੋਂ ਵਸੂਲੇ ਜਾ ਰਹੇ ਗੁੰਡਾ ਟੈਕਸ ਦਾ ਮਾਮਲਾ ਇਕ ਪਾਸੇ ਜਿੱਥੇ ਕ੍ਰੈਸ਼ਰ ਮਾਲਕਾਂ ਨੇ ਚੁੱਕਿਆ ਸੀ, ਉਥੇ ਹੀ ਕਰਤਾਰਪੁਰ ਕਾਰੀਡੋਰ ਦੀ ਉਸਾਰੀ ਕਰ ਰਹੇ ਅਤੇ ਸੁਲਤਾਨਪੁਰ ਲੋਧੀ 'ਚ 550 ਸਾਲਾ ਪ੍ਰੋਗਰਾਮਾਂ ਲਈ ਉਸਾਰੂ ਕੰਮਾਂ 'ਚ ਲੱਗੇ ਠੇਕੇਦਾਰਾਂ ਨੇ ਇਸ ਨਾਜਾਇਜ਼ ਵਸੂਲੀ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਸੀ ਅਤੇ ਕਿਹਾ ਸੀ ਕਿ ਕੱਚੇ ਮਾਲ ਦੀ ਮਹਿੰਗਾਈ ਅਤੇ ਥੁੜ ਕਾਰਨ ਦੋਵੇਂ ਪ੍ਰਾਜੈਕਟ ਪ੍ਰਭਾਵਿਤ ਹੋ ਸਕਦੇ ਹਨ ਕਿਉਂਕਿ ਇਹ ਦੋਵੇਂ ਪ੍ਰਾਜੈਕਟ ਪੂਰੇ ਪੰਜਾਬ, ਖਾਸ ਕਰਕੇ ਸਿੱਖ ਭਾਈਚਾਰੇ ਲਈ ਅਤਿਅੰਤ ਅਹਿਮ ਹਨ ਇਸ ਲਈ ਮੰਨਿਆ ਜਾ ਰਿਹਾ ਸੀ ਕਿ ਪੰਜਾਬ ਸਰਕਾਰ ਇਸ ਵੱਲ ਖਾਸ ਧਿਆਨ ਦੇਵੇਗੀ ਪਰ ਜਿਸ ਪ੍ਰਕਾਰ ਮੁੱਖ ਮੰਤਰੀ ਦਫਤਰ ਤੋਂ ਨਿਕਲੀਆਂ ਹਦਾਇਤਾਂ ਦੇ ਬਾਵਜੂਦ ਪਠਾਨਕੋਟ ਦੇ ਖੇਤਰ 'ਚ ਗੁੰਡਾ ਟੈਕਸ ਦੀ ਵਸੂਲੀ ਲਗਾਤਾਰ ਜਾਰੀ ਹੈ, ਉਸ ਤੋਂ ਜਾਪਦਾ ਹੈ ਕਿ ਕਿਤੇ ਨਾ ਕਿਤੇ ਨਵਾਂ ਰੇਤ ਬੱਜਰੀ ਮਾਫੀਆ ਸਿਆਸੀ ਰੂਪ ਵਿਚ ਕਾਫੀ ਅਸਰਦਾਇਕ ਹੈ।

ਸ਼ਰਾਬ ਅਤੇ ਰੇਤ ਬੱਜਰੀ ਨੂੰ ਲੈ ਕੇ ਕੀਤੇ ਚੋਣ ਵਾਅਦੇ ਉਡ-ਪੁੱਡ ਗਏ : ਵਿਜ
ਕਾਂਗਰਸੀ ਨੇਤਾ ਸੁਦੇਸ਼ ਵਿਜ ਜਿਨ੍ਹਾਂ ਨੇ ਰੇਤ ਬੱਜਰੀ 'ਤੇ ਵਸੂਲੇ ਜਾ ਰਹੇ ਗੁੰਡਾ ਟੈਕਸ ਦਾ ਮਾਮਲਾ ਅੱਗੇ ਵਧ ਕੇ ਚੁੱਕਿਆ ਸੀ, ਨੇ ਰਾਜ ਸਰਕਾਰ ਨੂੰ ਖਬਰਦਾਰ ਕੀਤਾ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ ਸ਼ਰਾਬ ਅਤੇ ਰੇਤ ਬੱਜਰੀ ਦੀਆਂ ਕੀਮਤਾਂ ਨੂੰ ਘੱਟ ਕਰਨ ਦੇ ਜਿਹੜੇ ਚੋਣ ਵਾਅਦੇ ਕੀਤੇ ਗਏ ਸਨ, ਉਹ ਉਡ-ਪੁੱਡ ਗਏ ਹਨ ਕਿਉਂਕਿ ਇਕ ਪਾਸੇ ਪੂਰੇ ਸੂਬੇ 'ਚ ਸ਼ਰਾਬ ਦੇ ਕਾਰੋਬਾਰ 'ਤੇ ਏਕਾਧਿਕਾਰ ਹੋ ਗਿਆ ਹੈ ਅਤੇ ਛੋਟੇ ਠੇਕੇਦਾਰ ਖਤਮ ਹੋ ਗਏ ਹਨ, ਉਥੇ ਹੀ ਰੇਤ ਬੱਜਰੀ ਕਾਰੋਬਾਰ 'ਤੇ ਵੀ ਮਾਫੀਆ ਹਾਵੀ ਹੋ ਚੁੱਕਾ ਹੈ। ਜਿਹੜੀ ਰਾਜਸੀ ਪੁਸ਼ਤ-ਪਨਾਹੀ ਦੇ ਬਗੈਰ ਸੰਭਵ ਨਹੀਂ ਹੈ। ਮੁੱਖ ਮੰਤਰੀ ਨੂੰ ਖੁਦ ਇਸ ਮਾਮਲੇ 'ਚ ਅੱਗੇ ਆ ਕੇ ਮਾਫੀਆ ਨਾਲ ਨਿੱਬੜਣਾ ਹੋਵੇਗਾ।


shivani attri

Content Editor

Related News