ਰੇਤ-ਬੱਜਰੀ ਦੇ ਟਰੱਕਾਂ ਦੀ ਆਵਾਜਾਈ 'ਤੇ ਲਾਈ ਰੋਕ

01/06/2018 3:56:32 PM

ਕਪੂਰਥਲਾ (ਗੁਰਵਿੰਦਰ ਕੌਰ, ਮਲਹੋਤਰਾ)— ਐੱਸ. ਡੀ. ਐੱਮ. ਭੁਲੱਥ ਬਰਜਿੰਦਰ ਸਿੰਘ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਨਡਾਲਾ ਚੌਕ ਤੋਂ ਟਾਂਡਾ ਰੋਡ, ਬੇਗੋਵਾਲ ਤੱਕ ਰੇਤ/ਬੱਜਰੀ ਦੇ ਟਰੱਕਾਂ/ਟਰਾਲਿਆਂ ਆਦਿ ਦੀ ਆਵਾਜਾਈ 'ਤੇ ਸਵੇਰੇ 7 ਤੋਂ ਸ਼ਾਮ 9 ਵਜੇ ਤੱਕ ਰੋਕ ਲਾਉਣ ਦੇ ਹੁਕਮ ਜਾਰੀ ਕੀਤੇ ਹਨ। 
ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਪਰੋਕਤ ਹੁਕਮ ਅਨਾਜ, ਚੌਲਾਂ ਦੇ ਟਰੱਕਾਂ 'ਤੇ ਲਾਗੂ ਨਹੀਂ ਹੋਣਗੇ ਅਤੇ ਪਾਬੰਦੀ ਦੇ ਇਹ ਹੁਕਮ 28 ਫਰਵਰੀ ਤੱਕ ਲਾਗੂ ਰਹਿਣਗੇ। ਐੱਸ. ਡੀ. ਐੱਮ. ਬਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ 'ਚ ਆਇਆ ਹੈ ਕਿ ਨਡਾਲਾ ਚੌਕ ਤੋਂ ਟਾਂਡਾ ਰੋਡ, ਬੇਗੋਵਾਲ ਤੱਕ ਰੇਤ, ਬੱਜਰੀ ਦੇ ਟਰੱਕਾਂ, ਟਰਾਲਿਆਂ ਦੀ ਆਵਾਜਾਈ ਬਹੁਤ ਵਧ ਗਈ ਹੈ, ਜਿਸ ਕਰਕੇ ਪਿਛਲੇ ਸਮੇਂ ਦੌਰਾਨ ਇਸ ਰੋਡ 'ਤੇ ਕਈ ਹਾਦਸੇ ਹੋ ਚੁੱਕੇ ਹਨ। 
ਇਸ ਰੋਡ 'ਤੇ ਆਬਾਦੀ ਅਤੇ ਆਸ-ਪਾਸ ਦੇ ਪਿੰਡਾਂ ਨੂੰ ਨਿਕਲਦੀਆਂ ਸੜਕਾਂ ਕਾਰਨ ਕੋਈ ਵੱਡਾ ਜਾਨੀ ਹਾਦਸਾ ਹੋ ਸਕਦਾ ਹੈ ਤੇ ਅਮਨ-ਕਾਨੂੰਨ ਦੀ ਸਮੱਸਿਆ ਪੈਦਾ ਹੋ ਸਕਦੀ ਹੈ, ਇਸ ਲਈ ਇਸ ਰੋਡ 'ਤੇ ਰੇਤ, ਬੱਜਰੀ ਦੇ ਟਰੱਕਾਂ, ਟਰਾਲਿਆਂ ਦੀ ਆਵਾਜਾਈ ਨੂੰ ਕੰਟਰੋਲ 'ਚ ਰੱਖਣਾ ਬਹੁਤ ਜ਼ਰੂਰੀ ਹੈ।


Related News