ਅਹਿਮ ਖ਼ਬਰ : ਪੰਜਾਬ ਦੇ ਇਸ ਸਿਵਲ ਹਸਪਤਾਲ ਨੂੰ ਐਲਾਨਿਆ ਗਿਆ ਸੂਬੇ ਦਾ ਸਰਵੋਤਮ ਹਸਪਤਾਲ
Saturday, Feb 11, 2023 - 12:09 PM (IST)
ਸਮਰਾਲਾ (ਗਰਗ, ਬੰਗੜ) : ਸਿਵਲ ਸਰਜਨ ਲੁਧਿਆਣਾ ਡਾ. ਹਤਿੰਦਰ ਕੌਰ ਨੇ ਦੱਸਿਆ ਕਿ ਕੇਂਦਰੀ ਟੀਮ ਨੇ ਐੱਨ. ਕਿਊ. ਐੱਸ. ਅਧੀਨ ਸਬ-ਡਵੀਜ਼ਨਲ ਹਸਪਤਾਲ ਸਮਰਾਲਾ ਦੀ ਕੀਤੀ ਗਈ ਜਾਂਚ ਉਪਰੰਤ ਇਸ ਨੂੰ ਪੰਜਾਬ ਦਾ ਸਰਵੋਤਮ ਹਸਪਤਾਲ ਐਲਾਨਿਆ ਹੈ। ਇਸ ਸਬੰਧੀ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੇਂਦਰੀ ਜਾਂਚ ਟੀਮ ਵਲੋਂ ਪਿਛਲੇ ਸਾਲ ਦਸੰਬਰ ਵਿਚ ਸਥਾਨਕ ਸਬ-ਡਵੀਜ਼ਨ ਹਸਪਤਾਲ ਦੀ ਜਾਂਚ ਕੀਤੀ ਗਈ ਸੀ। ਇਸ ਦੀ ਜੋ ਰਿਪੋਰਟ ਆਈ ਹੈ, ਉਸ 'ਚ ਹਸਪਤਾਲ 81 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਸਰਟੀਫਿਕੇਟ ਹਾਸਲ ਕਰਨ 'ਚ ਸਫ਼ਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਜ਼ਿਲ੍ਹਾ ਲੁਧਿਆਣਾ ਲਈ ਬੜੇ ਹੀ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਦੇ ਸਟਾਫ਼ ਵਲੋਂ ਬੜੀ ਹੀ ਤਨਦੇਹੀ ਨਾਲ ਸੇਵਾ ਨਿਭਾਅ ਕੇ ਇਸ ਹਸਪਤਾਲ ਦੇ ਕੰਮ ਬੜੇ ਹੀ ਸੁਚੱਜੇ ਢੰਗ ਨਾਲ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਚੰਡੀਗੜ੍ਹ : 'ਰੋਜ਼ ਫੈਸਟੀਵਲ' 'ਚ ਹੈਲੀਕਾਪਟਰ ਦੇ ਝੂਟੇ ਲੈਣ ਵਾਲਿਆਂ ਨੂੰ ਨਿਰਾਸ਼ ਕਰ ਦੇਵੇਗੀ ਇਹ ਖ਼ਬਰ
ਕੇਂਦਰੀ ਜਾਂਚ ਟੀਮ ਵਲੋਂ ਹਸਪਤਾਲ ਦੇ ਹਰ ਇਕ ਪਹਿਲੂ ’ਤੇ ਬੜੀ ਗੰਭੀਰਤਾ ਨਾਲ ਜਾਂਚ ਕੀਤੀ ਜਾਂਦੀ ਹੈ ਕਿ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਤਾਂ ਨਹੀਂ ਕਰਨਾ ਪੈਂਦਾ ਅਤੇ ਕੀ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਸਮੇਂ ਸਿਰ ਮਿਲ ਰਹੀਆਂ ਹਨ। ਇਸ ਤੋਂ ਇਲਾਵਾ ਜਾਂਚ 'ਚ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕੀਤੇ ਜਾਣ ਪੱਖੋਂ ਵੀ ਘੋਖਿਆ ਜਾਂਦਾ ਹੈ। ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਮਨਦੀਪ ਕੌਰ ਨੇ ਦੱਸਿਆ ਕਿ ਹਸਪਤਾਲ ਸਮਰਾਲਾ ਉਕਤ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਸੀ। ਇਸ ਲਈ ਐੱਨ. ਕਿਊ. ਐੱਸ. ਦਾ ਸਰਟੀਫਿਕੇਟ ਹਾਸਲ ਕੀਤਾ ਹੈ।
ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਸਮਰਾਲਾ ਡਾ. ਤਾਰਕਜੋਤ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਭੇਜੀ ਗਈ ਟੀਮ ਵਲੋਂ ਦਸੰਬਰ 2022 ’ਚ ਹਸਪਤਾਲ ਦਾ 3 ਦਿਨ ਦਾ ਦੌਰਾ ਕੀਤਾ ਗਿਆ ਸੀ। ਇਸ ਦੌਰਾਨ ਟੀਮ ਨੇ ਹਸਪਤਾਲ ਦੇ 12 ਮਹਿਕਮਿਆਂ ਦਾ ਡੂੰਘਾਈ ਨਾਲ ਨਿਰੀਖਣ ਕੀਤਾ। ਨਿਰੀਖਣ ਉਪਰੰਤ ਟੀਮ ਨੇ ਹਸਪਤਾਲ ਦੀ ਕਾਰਗੁਜ਼ਾਰੀ ਨੂੰ ਸਾਰੇ ਮਾਪਦੰਡਾਂ ਵਿਚ ਯੋਗ ਪਾਇਆ। ਸਮਰਾਲਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਆਮ ਲੋਕਾਂ ਲਈ ਮਿਆਰੀ ਸਿਹਤ ਸੇਵਾਵਾਂ ਦੇਣ ਵਾਲੇ ਇਸ ਹਸਪਤਾਲ ਵਲੋਂ ਐੱਨ. ਕਿਊ. ਐੱਸ. ਸਰਟੀਫਿਕੇਟ ਹਾਸਲ ਕਰਨਾ ਸਿਵਲ ਹਸਪਤਾਲ ਸਮਰਾਲਾ ਲਈ ਫ਼ਖ਼ਰ ਵਾਲੀ ਗੱਲ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ