ਮਾਮਲਾ ਸਾਂਸੀ ਭਾਈਚਾਰੇ ਖ਼ਿਲਾਫ਼ ਟਿੱਪਣੀ ਦਾ, ਵਿਵਾਦਾਂ 'ਚ ਘਿਰਨ ਮਗਰੋਂ ਮਾਸਟਰ ਸਲੀਮ ਨੇ ਮੰਗੀ ਮੁਆਫ਼ੀ

06/11/2023 1:11:01 AM

ਜਲੰਧਰ (ਸੋਨੂੰ) : ਮਸ਼ਹੂਰ ਗਾਇਕ ਮਾਸਟਰ ਸਲੀਮ ਵਿਵਾਦਾਂ 'ਚ ਘਿਰ ਗਏ ਹਨ। ਦਰਅਸਲ, ਲੋਕਾਂ ਦਾ ਇਲਜ਼ਾਮ ਹੈ ਕਿ ਸਲੀਮ ਨੇ ਸਾਂਸੀ ਭਾਈਚਾਰੇ ਖ਼ਿਲਾਫ਼ ਗਲਤ ਟਿੱਪਣੀ ਕੀਤੀ ਸੀ, ਜਿਸ ਕਾਰਨ ਸਮਾਜ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਦੇ ਚੱਲਦਿਆਂ ਮੁਹੱਲੇ ਦੇ ਲੋਕ ਮਾਸਟਰ ਸਲੀਮ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਉਣ ਥਾਣਾ-1 ਵਿਖੇ ਪੁੱਜੇ। ਭਾਈਚਾਰੇ ਦੇ ਲੋਕਾਂ ਨੇ ਮਾਸਟਰ ਸਲੀਮ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੀ ਮੰਗ ਹੈ ਕਿ ਸਲੀਮ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਜਾਵੇ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਦੇ ਨੌਜਵਾਨ ਆਗੂ ਪ੍ਰਧਾਨ ਦੀਪਕ ਵਾਸੀ ਇੰਦਰਾ ਕਾਲੋਨੀ ਨੇ ਦੱਸਿਆ ਕਿ ਮਾਸਟਰ ਸਲੀਮ ਵੱਲੋਂ ਕੀਤੀ ਗਈ ਗਲਤ ਟਿੱਪਣੀ ਦੀ ਆਡੀਓ ਅਤੇ ਵੀਡੀਓ ਵੀ ਸਾਡੇ ਕੋਲ ਮੌਜੂਦ ਹੈ।

ਇਹ ਵੀ ਪੜ੍ਹੋ : ਸਕਾਰਪੀਓ ਗੱਡੀ 'ਚ ਘੁੰਮਦੇ ਸ਼ੱਕੀ ਵਿਅਕਤੀਆਂ ਨੂੰ ਰੋਕਣ ਗਈ ਪੁਲਸ ਤਾਂ ਟੱਕਰ ਮਾਰ ਹੋਏ ਫਰਾਰ

ਉਨ੍ਹਾਂ ਕਿਹਾ ਕਿ ਸਾਨੂੰ ਮਾਸਟਰ ਸਲੀਮ ਦੇ ਬੰਦਿਆਂ ਵੱਲੋਂ ਵੀ ਫੋਨ ਆਏ ਹਨ ਤੇ ਬੈਠ ਕੇ ਮਾਮਲਾ ਸੁਲਝਾਉਣ ਲਈ ਕਿਹਾ ਜਾ ਰਿਹਾ ਹੈ ਪਰ ਉਹ ਉਨ੍ਹਾਂ ਨਾਲ ਸਮਝੌਤਾ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਕਿਹਾ ਕਿ ਭਾਵੇਂ ਇਹ ਉਨ੍ਹਾਂ ਦਾ ਪਰਿਵਾਰਕ ਮਾਮਲਾ ਸੀ ਪਰ ਇਸ ਦੌਰਾਨ ਉਨ੍ਹਾਂ ਸਾਡੀ ਜਾਤੀ ਨੂੰ ਅਪਸ਼ਬਦ ਕਹੇ, ਜਿਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੀਪਕ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਸਾਡੀ ਗੱਲ ਨਾ ਸੁਣੀ ਤਾਂ ਉਹ ਇਸ ਮੁੱਦੇ ਨੂੰ ਦਿੱਲੀ ਤੱਕ ਲੈ ਕੇ ਜਾਣਗੇ। ਉਨ੍ਹਾਂ ਦੀ ਮੰਗ ਹੈ ਕਿ ਮਾਸਟਰ ਸਲੀਮ ਨੂੰ ਖੁਦ ਆ ਕੇ ਇਸ ਮਾਮਲੇ ਵਿੱਚ ਮੁਆਫ਼ੀ ਮੰਗਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਸ ਵੱਲੋਂ ਗੈਰ-ਕਾਨੂੰਨੀ ਲਾਟਰੀ ਆਪ੍ਰੇਟਰਾਂ, ਜੂਏਬਾਜ਼ਾਂ ਖ਼ਿਲਾਫ਼ ਸੂਬਾ ਪੱਧਰੀ ਕਾਰਵਾਈ, 40 FIR's ਦਰਜ

ਇਸ ਮਾਮਲੇ 'ਤੇ ਮਾਸਟਰ ਸਲੀਮ ਨੇ ਇਕ ਵੀਡੀਓ ਜਾਰੀ ਕਰ ਕਿਹਾ ਕਿ ਪਿਛਲੇ ਦਿਨੀਂ ਇਕ ਆਡੀਓ ਵਾਇਰਲ ਹੋਈ ਸੀ, ਜਿਸ ਵਿੱਚ ਸਾਂਸੀ ਭਾਈਚਾਰੇ 'ਚ ਗਲਤਫਹਿਮੀ ਪੈਦਾ ਹੋ ਗਈ। ਮੈਂ ਸਾਂਸੀ ਭਾਈਚਾਰੇ ਨੂੰ ਬਹੁਤ ਪਿਆਰ ਕਰਦਾ ਹਾਂ। ਮੇਰਾ ਅਜਿਹਾ ਕੋਈ ਇਰਾਦਾ ਨਹੀਂ ਸੀ। ਉਨ੍ਹਾਂ ਕਿਹਾ ਕਿ ਮੇਰੇ ਬਿਆਨ ਨਾਲ ਜੇਕਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮੁਆਫ਼ੀ ਮੰਗਦਾ ਹਾਂ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News