ਸੱਜਣ ਕੁਮਾਰ ''ਤੇ ਅਦਾਲਤ ਦੇ ਫੈਸਲੇ ਦਾ ਕੈਪਟਨ ਵਲੋਂ ਸਵਾਗਤ
Monday, Dec 17, 2018 - 07:10 PM (IST)

ਚੰਡੀਗੜ੍ਹ : 1984 ਸਿੱਖ ਵਿਰੋਧੀ ਦੰਗਿਆਂ ਵਿਚ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਉਂਦੇ ਹੋਏ ਅਦਾਲਤ ਵਲੋਂ ਸੁਣਾਈ ਗਈ ਉਮਰ ਕੈਦ ਦੀ ਸਜ਼ਾ ਦੇ ਫੈਸਲਾ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਵਾਗਤ ਕੀਤਾ ਹੈ। ਮੁੱਖ ਮੰਤਰੀ ਦਫ਼ਤਰ ਵਲੋਂ ਜਾਰੀ ਬਿਆਨ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਆਜ਼ਾਦ ਭਾਰਤ 'ਚ ਵਾਪਰੀਆਂ ਫਿਰਕੂ ਹਿੰਸਾ ਦੀਆਂ ਘਟਨਾਵਾਂ ਵਿਚ ਇਹ ਸਭ ਤੋਂ ਬੁਰੀ ਘਟਨਾ ਹੈ ਅਤੇ ਆਖਿਰਕਾਰ ਵਿਚ ਪੀੜਤਾਂ ਨੂੰ ਇਨਸਾਫ ਮਿਲਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੀੜਤਾਂ ਨੂੰ ਇਨਸਾਫ ਮਿਲਣ ਵਿਚ ਦੇਰ ਜ਼ਰੂਰ ਲੱਗੀ ਹੈ ਪਰ ਇਹ ਫੈਸਲਾ ਸ਼ਲਾਘਾਯੋਗ ਹੈ। ਇਸ ਦੌਰਾਨ ਗਾਂਧੀ ਪਰਿਵਾਰ ਦਾ ਬਚਾਅ ਕਰਦੇ ਹੋਏ ਮੁੱਖ ਮੰਤਰੀ ਨੇ ਇਸ ਮਾਮਲੇ 'ਚ ਕਾਂਗਰਸ ਅਤੇ ਗਾਂਧੀ ਪਰਿਵਾਰ ਦੀ ਭੂਮਿਕਾ ਤੋਂ ਇਨਕਾਰ ਕੀਤਾ।
ਮੁੱਖ ਮੰਤਰੀ ਨੇ ਸਿੱਖ ਦੰਗਿਆਂ ਨਾਲ ਜੁੜੇ ਮਾਮਲਿਆਂ 'ਚ ਗਾਂਧੀ ਪਰਿਵਾਰ ਦਾ ਨਾਂ ਆਪਣੇ ਸਿਆਸੀ ਲੀਡਰਾਂ ਦੇ ਇਸ਼ਾਰਿਆਂ 'ਤੇ ਵਾਰ-ਵਾਰ ਘੜੀਸਣ ਲਈ ਬਾਦਲ ਪਰਿਵਾਰ ਦੀ ਨਿੰਦਾ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਿੱਖ ਵਿਰੋਧੀ ਦੰਗਿਆਂ ਵਿਚ ਸ਼ਾਮਿਲ ਹੋਰ ਦੋਸ਼ੀਆਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ।