ਸਾਹਿਬਜ਼ਾਦਿਆਂ ਦੀ ਗ੍ਰਿਫਤਾਰੀ, ਤਸ਼ੱਦਦ ਅਤੇ ਸ਼ਹੀਦੀ ਦੀ ਗਾਥਾ

12/28/2018 10:05:56 AM

ਜਲੰਧਰ - 6 ਅਤੇ 7 ਪੋਹ ਸੰਮਤ 1761 (20-21 ਦਸੰਬਰ 1704 ਈ.) ਦੀ ਰਾਤ ਨੂੰ ਜਦੋਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ ਤਾਂ ਉਸ ਸਮੇਂ ਉਨ੍ਹਾਂ ਨਾਲ ਉਨ੍ਹਾਂ ਦਾ ਪਰਿਵਾਰ, ਚਾਰੇ ਸਾਹਿਬਜ਼ਾਦੇ, ਮਾਤਾ ਗੁਜਰੀ ਜੀ, 1500 ਦੇ ਲਗਭਗ ਘੋੜ ਸਵਾਰ ਅਤੇ ਪੈਦਲ ਸਿੰਘ ਸਨ। ਜਦੋਂ ਵਹੀਰ ਕੀਰਤਪੁਰ ਤੋਂ ਹੋ ਕੇ ਸਰਸਾ ਨਦੀ ਕੋਲ ਪਹੁੰਚੀ ਤਾਂ ਪਹਾੜੀ ਰਾਜਿਆਂ ਅਤੇ ਮੁਗਲ ਫੌਜਾਂ ਨੇ ਆਪਣੀਆਂ ਦਿੱਤੀਆਂ ਕਸਮਾਂ ਤੋੜ ਕੇ ਉਨ੍ਹਾਂ ਨੂੰ ਆ ਘੇਰ ਲਿਆ ਅਤੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਉਸ ਸਮੇਂ ਕਹਿਰ ਦੀ ਠੰਢ ਸੀ ਅਤੇ ਸਰਸਾ ਨਦੀ 'ਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਠਾਠਾਂ ਮਾਰ ਰਿਹਾ ਸੀ। ਕੁਝ ਜੱਥੇ ਵੈਰੀ ਦਾ ਟਾਕਰਾ ਕਰਨ ਲਈ ਉਥੇ ਹੀ ਖੜ੍ਹ ਗਏ ਪਰ ਗੁਰੂ ਸਾਹਿਬ ਜੀ ਦਾ ਸਾਰਾ ਪਰਿਵਾਰ ਨਦੀ ਪਾਰ ਕਰਨ ਸਮੇਂ ਖੇਰੂੰ-ਖੇਰੂੰ ਹੋ ਗਿਆ। ਵੱਡੇ ਸਾਹਿਬਜ਼ਾਦੇ ਅਤੇ ਗੁਰੂ ਸਾਹਿਬ 40 ਸਿੰਘਾਂ ਨਾਲ ਚਮਕੌਰ ਸਾਹਿਬ ਵੱਲ ਚੱਲ ਪਏ। ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਉਨ੍ਹਾਂ ਦਾ ਰਸੋਈਆ ਗੰਗਾ ਰਾਮ ਆਪਣੇ ਘਰ ਪਿੰਡ ਖੇੜੀ ਵਿਖੇ ਲੈ ਗਿਆ, ਜੋ ਗੁਰੂ ਸਾਹਿਬ ਜੀ ਦੇ ਘਰ ਪਿਛਲੇ 22 ਸਾਲ ਤੋਂ ਰਹਿ ਰਿਹਾ ਸੀ। ਮਾਤਾ ਜੀ ਪਾਸ ਕੁਝ ਹੀਰੇ ਜਵਾਹਰਾਤਾਂ ਦਾ ਬਕਸਾ ਸੀ, ਜਿਸ ਦੇ ਲਾਲਚ ਨੇ ਗੰਗੂ ਦਾ ਮਨ ਬਦਲ ਦਿੱਤਾ। ਉਸ ਦੀ ਮਾਤਾ ਸੋਭੀ ਨੇ ਉਸ ਨੂੰ ਬੜਾ ਸਮਝਾਇਆ ਕਿ ਉਸ ਨੇ 22 ਸਾਲ ਗੁਰੂ ਜੀ ਦਾ ਲੂਣ ਖਾਧਾ ਹੈ, ਉਹ ਲੂਣ – ਹਰਾਮੀ ਨਾ ਕਰੇ ਪਰ ਗੰਗੂ ਨੇ ਆਪਣੀ ਸਾਰੀ ਸੇਵਾ 'ਤੇ ਪਾਣੀ ਫੇਰ ਦਿੱਤਾ ਅਤੇ ਬਦ-ਕਲਾਮੀ 'ਤੇ ਉਤਰ ਆਇਆ। ਹੀਰੇ ਜਵਾਹਰਾਤਾਂ ਦੀ ਚਮਕ ਨੇ ਉਸ ਦੀਆਂ ਅੱਖਾਂ ਲਾਲਚ ਨਾਲ ਅੰਨ੍ਹੀਆਂ ਕਰ ਦਿੱਤੀਆਂ।

ਜਦੋਂ ਰਾਤ ਨੂੰ ਮਾਤਾ ਜੀ ਅਤੇ ਸਾਹਿਬਜ਼ਾਦੇ ਸੁੱਤੇ ਪਏ ਸਨ ਤਾਂ ਉਸ ਨੇ ਮਾਤਾ ਜੀ ਦਾ ਕੀਮਤੀ ਸਾਮਾਨ ਚੋਰੀ ਕਰ ਲਿਆ। ਜਦੋਂ ਮਾਤਾ ਗੁਜਰੀ ਜੀ ਨੇ ਇਸ ਬਾਰੇ ਗੰਗੂ ਤੋਂ ਪੁੱਛਿਆ ਤਾਂ ਉਹ ਸੱਚਾ ਬਣਨ ਦੀ ਖਾਤਰ ਰੌਲਾ ਪਾਉਣ ਲੱਗ ਪਿਆ। ਮਾਤਾ ਜੀ ਨੇ ਉਸ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨਿਆ। ਉਲਟਾ ਮਾਤਾ ਜੀ ਨੂੰ ਹੀ ਦੋਸ਼ ਦੇਣ ਲੱਗਾ ਅਤੇ ਕਹਿਣ ਲੱਗਾ ਕਿਹਾ ਕਿ ਉਹ ਸਾਹਿਬਜ਼ਾਦਿਆਂ ਦੇ ਬਾਰੇ ਸੂਬਾ ਸਰਹੰਦ ਨੂੰ ਜਾ ਕੇ ਸੂਹ ਦੇ ਦੇਵੇਗਾ। ਉਸ ਨੇ ਪਿੰਡ ਦੇ ਚੌਧਰੀ ਨਾਲ ਸਲਾਹ ਕੀਤੀ ਤੇ ਫਿਰ ਉਹ ਮੋਰਿੰਡਾ ਜਾਣ ਲਈ ਤਿਆਰ ਹੋ ਗਏ। ਉਸ ਨੇ ਮੋਰਿੰਡਾ ਵਿਖੇ ਕੋਤਵਾਲਾਂ ਜਾਨੀ ਖਾਂ ਤੇ ਮਾਨੀ ਖਾਂ ਨੂੰ ਸਾਹਿਬਜ਼ਾਦਿਆਂ ਬਾਰੇ ਸੂਚਨਾ ਦੇ ਦਿੱਤੀ ਅਤੇ ਉਨ੍ਹਾਂ ਤੋਂ ਆਪਣਾ ਇਨਾਮ ਮੰਗ ਲਿਆ। ਜਦੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਜੋਰਾਵਰ ਸਿੰਘ ਅਤੇ ਫਤਿਹ ਸਿੰਘ ਵਜ਼ੀਰ ਖਾਂ ਦੀ ਕੈਦ 'ਚ ਸਨ ਤਾਂ ਵਜ਼ੀਰ ਖਾਂ ਨੇ ਧਰਮ ਬਦਲਣ ਦੇ ਉਨ੍ਹਾਂ ਨੂੰ ਬਹੁਤ ਲਾਲਚ ਦਿੱਤੇ ਪਰ ਸਾਹਿਬਜ਼ਾਦਾ ਫ਼ਤਹਿ ਸਿੰਘ ਆਪਣੇ ਵੱਡੇ ਵੀਰ ਜ਼ੋਰਾਵਰ ਸਿੰਘ ਨਾਲ ਸੂਬਾ ਸਰਹਿੰਦ ਦੀ ਕਚਹਿਰੀ 'ਚ ਬਿਨ੍ਹਾਂ ਕਿਸੇ ਖੌਫ਼ ਦੇ ਅੜੇ ਰਹੇ। ਜਦੋਂ ਮਾਤਾ ਗੁਜਰੀ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਕਿ ਸਾਹਿਬਜ਼ਾਦਿਆਂ ਨੇ ਦੁਨਿਆਵੀ ਵਸਤਾਂ ਦੇ ਲਾਲਚ ਦੀ ਥਾਂ ਆਪਣੇ ਧਰਮ ਦੀ ਆਨ ਅਤੇ ਸ਼ਾਨ ਲਈ ਕੁਰਬਾਨੀ ਦੇਣੀ ਕਬੂਲ ਕਰ ਲਈ ਹੈ।

ਅਗਲੇ ਦਿਨ (27 ਦਸੰਬਰ 1704 ਈ. 13 ਪੋਹ ਸੰਮਤ 1761) ਜਦੋਂ ਸਵੇਰੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਖੜ੍ਹਾ ਕੀਤਾ ਗਿਆ ਤਾਂ ਫਿਰ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਅਜੇ ਵੀ ਦੀਨ ਕਬੂਲ ਕਰ ਲੈਣ ਪ੍ਰੰਤੂ ਉਨ੍ਹਾਂ ਨੇ ਬੜੀ ਨਿਡਰਤਾ ਪੂਰਵਕ ਕਿਹਾ ਕਿ ਪਾਪ ਦੀ ਇਸ ਦੀਵਾਰ ਨੂੰ ਜਲਦੀ ਉੱਚਾ ਕਰੋ ਤਾਂ ਜੋ ਮੁਗਲ ਰਾਜ ਦਾ ਖਾਤਮਾ ਵੀ ਜਲਦੀ ਹੋ ਸਕੇ। ਇਹ ਕਹਿ ਕੇ ਸਾਹਿਬਜ਼ਾਦੇ ਜਪੁਜੀ ਸਾਹਿਬ ਦਾ ਪਾਠ ਕਰਨ ਲੱਗੇ। ਦੀਵਾਰ ਉੱਚੀ ਹੋਣ ਲੱਗੀ। ਜਦੋਂ ਦੀਵਾਰ ਛੋਟੇ ਸਾਹਿਬਜ਼ਾਦੇ ਦੇ ਗਲੇ ਤੱਕ ਪੁੱਜੀ ਤਾਂ ਦੋਹਾਂ ਨੇ ਇਕ ਦੂਜੇ ਵੱਲ ਵੇਖਿਆ ਜ਼ੋਰਾਵਰ ਕਹਿਣ ਲੱਗਾ, ”ਵੀਰੇ ਤੂੰ ਮੇਰੇ ਤੋਂ ਛੋਟਾ ਹੈਂ ਪਰ ਦਾਦਾ ਸ੍ਰੀ ਗੁਰੂ ਤੇਗ ਬਹਾਦਰ ਦੇ ਚਰਨਾਂ ਵਿਚ ਮੇਰੇ ਤੋਂ ਪਹਿਲਾਂ ਜਾ ਰਿਹਾ ਹੈਂ। ਦੋਵੇਂ ਮਾਸੂਮ ਜਿੰਦਾਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ।” 

ਫ਼ਤਹਿ ਸਿੰਘ ਨੇ ਮਹਿਜ਼ ਸੱਤ ਸਾਲ ਦੀ ਉਮਰ ਵਿੱਚ ਸ਼ਹਾਦਤ ਪਾਈ। ਇਹ ਸਪਸ਼ਟ ਹੈ ਕਿ ਸਾਹਿਬਜ਼ਾਦਿਆਂ ਦੀ ਮੌਤ ਨੀਹਾਂ ਵਿੱਚ ਦਮ ਘੁੱਟਣ ਕਰਕੇ ਨਹੀਂ ਹੋਈ ਸਗੋਂ ਉਨ੍ਹਾਂ ਦੇ ਸਿਰ ਕਲਮ ਕੀਤੇ ਗਏ। ਇਸ ਦੁਖ਼ਦਾਈ ਖ਼ਬਰ ਦਾ ਪਤਾ ਜਦੋਂ ਮਾਤਾ ਗੁਜਰੀ ਜੀ ਨੂੰ ਲੱਗਿਆ ਤਾਂ ਉਹਨਾਂ ਤੋਂ ਇਹ ਸਦਮਾ ਬਰਦਾਸ਼ਤ ਨਹੀਂ ਹੋਇਆ ਤੇ ਉਹ ਵੀ ਜੋਤੀ ਜੋਤ ਸਮਾ ਗਏ। ਇਹ ਸ਼ਹਾਦਤ ਇਸ ਦੁਨੀਆ 'ਤੇ ਅਜਿਹੀ ਸ਼ਹਾਦਤ ਬਣ ਗਈ ਕਿ ਜੋ ਵੀ ਇਸ ਵਾਕਿਆ ਨੂੰ ਸੁਣਦਾ ਹੈ, ਉਹ ਆਪਣੀਆਂ ਅੱਖਾਂ ਵਿੱਚੋਂ ਹੰਝੂ ਵਗਣੋਂ ਰੋਕ ਨਹੀਂ ਪਾਉਂਦਾ।


rajwinder kaur

Content Editor

Related News