ਸਾਧਵੀ ਯੌਨ ਸ਼ੋਸ਼ਣ ਮਾਮਲਾ : 25 ਅਗਸਤ ਨੂੰ ਪੰਜਾਬ ਦੇ ਸਾਰੇ ਸਕੂਲ, ਕਾਲਜ ਰਹਿਣਗੇ ਬੰਦ
Thursday, Aug 24, 2017 - 12:35 AM (IST)
ਚੰਡੀਗਡ਼੍ਹ—ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਖਿਲਾਫ ਚੱਲ ਰਹੇ ਸਾਧਵੀ ਯੌਨ ਸ਼ੋਸ਼ਣ ਮਾਮਲੇ 'ਚ 25 ਅਗਸਤ ਨੂੰ ਪੰਚਕੂਲਾ ਅਦਾਲਤ 'ਚ ਫੈਸਲਾ ਆਉਣਾ ਹੈ। ਇਸ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵਲੋਂ 25 ਅਗਸਤ ਨੂੰ ਸਕੂਲਾਂ, ਕਾਲਜਾਂ ਨੂੰ ਬੰਦ ਰੱਖਣ ਦੇ ਆਦੇਸ਼ ਦੇ ਦਿੱਤੇ ਹਨ। ਇਸ ਤੋਂ ਇਲਾਵਾ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਫੈਸਲੇ ਤੋਂ ਪਹਿਲਾਂ ਹੀ ਡੇਰਾ ਮੁਖੀ ਦੇ ਹਮਾਇਤੀਆਂ ਨੇ ਪੰਚਕੂਲਾ 'ਚ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਕਾਨੂੰਨ ਵਿਵਸਥਾ ਨੂੰ ਖਤਰਾ ਹੋ ਸਕਦਾ ਹੈ। ਇਸ ਸਬੰਧ 'ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਇਕ ਪਟੀਸ਼ਨ ਦਾਇਰ ਕਰਦੇ ਹੋਏ ਮਾਮਲੇ 'ਚ ਉਚਿਤ ਆਦੇਸ਼ ਦੇਣ ਦੀ ਮੰਗ ਕੀਤੀ ਗਈ ਹੈ।
ਗੁਰਮੀਤ ਸ਼ੁੱਕਰਵਾਰ ਨੂੰ ਸੀ.ਬੀ.ਆਈ. ਕੋਰਟ 'ਚ ਹੋਣਗੇ ਪੇਸ਼
ਪਟੀਸ਼ਨਰ ਨੇ ਕਿਹਾ ਕਿ ਪੰਚਕੂਲਾ ਨੇੜਲੇ ਲੋਕ ਪਿਛਲੇ ਕਈ ਦਿਨਾਂ ਤੋਂ ਖੌਫ 'ਚ ਜੀਅ ਰਹੇ ਹਨ। ਜਿਵੇਂ-ਜਿਵੇਂ ਫੈਸਲੇ ਦਾ ਦਿਨ ਨੇੜੇ ਆ ਰਿਹਾ ਹੈ। ਡੇਰੇ ਦੇ ਹਮਾਇਤੀਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਧਾਰਾ-144 ਤੋਂ ਬਾਅਦ ਵੀ ਲੱਖਾਂ ਲੋਕ ਇਕੱਠੇ ਹੋ ਗਏ ਹਨ, ਜਿਸ ਕਾਰਨ ਸਕੂਲਾਂ ਅਤੇ ਕਾਲਜਾਂ 'ਚ ਉਸ ਦਿਨ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਅਦਾਲਤ ਨੇ ਵੀ ਕੰਮਕਾਜ ਠੱਪ ਕਰ ਦਿੱਤਾ ਹੈ। ਉਧਰ ਗੁਰਮੀਤ ਰਾਮ ਰਹੀਮ ਦੇ ਵਕੀਲ ਐੱਸ. ਕੇ. ਗਰਗ ਨਿਰਵਾਨਾ ਨੇ ਕਿਹਾ ਕਿ ਗੁਰਮੀਤ ਸ਼ੁੱਕਰਵਾਰ ਨੂੰ ਸੀ.ਬੀ.ਆਈ. ਕੋਰਟ 'ਚ ਪੇਸ਼ ਹੋਣਗੇ। ਉਨ੍ਹਾਂ ਨੇ ਸਾਰਿਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਨਰਵਾਨਾ ਹਾਈ ਕੋਰਟ ਦਾ ਮੁੱਖ ਵਕੀਲ ਹੈ ਅਤੇ ਡੇਰਾ ਮੁਖੀ ਦੇ ਸਾਰੇ ਕੇਸਾਂ ਦੀ ਉਹ ਪੈਰਵੀ ਕਰਦਾ ਹੈ। ਨਰਵਾਨਾ ਨੇ ਕਿਹਾ ਕਿ ਡੇਰੇ ਵਲੋਂ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ।
