ਆਸਟ੍ਰੇਲੀਆ ਜਾਣ ਦੇ ਕੁੱਝ ਘੰਟੇ ਪਹਿਲਾਂ ਹੀ ਧਰਮਸੌਤ ਦੇ ਸਾਬਕਾ OSD ਨੂੰ ਕੀਤਾ ਗਿਆ ਗ੍ਰਿਫ਼ਤਾਰ

Wednesday, Jun 08, 2022 - 02:02 PM (IST)

ਚੰਡੀਗੜ੍ਹ (ਰਮਨਜੀਤ) : ਪੰਜਾਬ ਵਿਜੀਲੈਂਸ ਬਿਓਰੋ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਸਮੇਤ 2 ਸਾਬਕਾ ਓ. ਐੱਸ. ਡੀਜ਼. ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ 'ਚ ਚਮਕੌਰ ਸਿੰਘ ਦਾ ਨਾਂ ਵੀ ਸ਼ਾਮਲ ਹੈ। ਜਾਣਕਾਰੀ ਮੁਤਾਬਕ ਦੋਸ਼ੀ ਚਮਕੌਰ ਸਿੰਘ ਗ੍ਰਿਫ਼ਤਾਰੀ ਦੇ ਕੁੱਝ ਘੰਟੇ ਪਹਿਲਾਂ ਆਸਟ੍ਰੇਲੀਆ ਭੱਜਣ ਵਾਲਾ ਸੀ ਪਰ ਇਸ ਤੋਂ ਪਹਿਲਾਂ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਾਬਕਾ ਮੰਤਰੀ ਦੇ ਓ. ਐੱਸ. ਡੀ. ਚਮਕੌਰ ਸਿੰਘ ਨੇ ਦਿੱਲੀ ਤੋਂ ਸਿੰਗਾਪੁਰ ਏਅਰਲਾਈਨਜ਼ ਦੀ ਉਡਾਣ ਰਾਹੀਂ ਪਰਥ ਜਾਣਾ ਸੀ।

ਇਹ ਵੀ ਪੜ੍ਹੋ : ਅੱਜ ਮੁੜ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ, ਨਵੀਂ ਆਬਕਾਰੀ ਨੀਤੀ 'ਤੇ ਚਰਚਾ ਸੰਭਵ

ਚਮਕੌਰ ਸਿੰਘ ਨੂੰ ਸ਼ਾਇਦ ਇਸ ਗੱਲ ਦਾ ਸੰਕੇਤ ਮਿਲ ਗਿਆ ਸੀ ਕਿ ਉਸ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ 2 ਜੂਨ ਨੂੰ ਰਿਸ਼ਵਤ ਲੈਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤੇ ਗਏ ਠੇਕੇਦਾਰ ਹਰਮੋਹਿੰਦਰ ਸਿੰਘ ਨੇ ਚਮਕੌਰ ਸਿੰਘ ਦੇ ਆਸਟ੍ਰੇਲੀਆ ਜਾਣ ਦਾ ਖ਼ੁਲਾਸਾ ਪਹਿਲਾਂ ਹੀ ਕਰ ਦਿੱਤਾ ਸੀ। ਇਸ ਲਈ ਉਸ ਨੂੰ ਭੱਜਣ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਫਿਲਹਾਲ ਸਾਧੂ ਸਿੰਘ ਧਰਮਸੌਤ ਸਮੇਤ ਇਨ੍ਹਾਂ ਤਿੰਨਾਂ ਮੁਲਾਜ਼ਮਾਂ ਦਾ ਅਦਾਲਤ ਵੱਲੋਂ ਤਿੰਨ ਦਿਨ ਦਾ ਵਿਜੀਲੈਂਸ ਰਿਮਾਂਡ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : 27 ਜੂਨ ਨੂੰ ਪੇਸ਼ ਹੋਵੇਗਾ 'ਪੰਜਾਬ' ਦਾ ਬਜਟ, ਕੈਬਨਿਟ ਮੀਟਿੰਗ ਦੌਰਾਨ ਲਿਆ ਗਿਆ ਫ਼ੈਸਲਾ

ਦੱਸਣਯੋਗ ਹੈ ਕਿ ਪੰਜਾਬ ਵਿਜੀਲੈਂਸ ਬਿਓਰੋ ਵੱਲੋਂ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਨੂੰ ਖੈਰ ਦੇ ਦਰੱਖਤਾਂ ਦੀ ਕਟਾਈ ਲਈ ਪਰਮਿਟ ਜਾਰੀ ਕਰਨ, ਅਧਿਕਾਰੀਆਂ ਦੇ ਤਬਾਦਲੇ, ਖ਼ਰੀਦਦਾਰੀ ਅਤੇ ਐੱਨ. ਓ. ਸੀ. ਜਾਰੀ ਕਰਨ ਆਦਿ ਸਬੰਧੀ ਸੰਗਠਿਤ ਭ੍ਰਿਸ਼ਟਾਚਾਰ 'ਚ ਸ਼ਾਮਲ ਹੋਣ ਦੇ ਦੋਸ਼ ਹੇਠ ਬੀਤੇ ਦਿਨ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਦੇ ਨਾਲ ਹੀ ਓ. ਐੱਸ. ਡੀ. ਚਮਕੌਰ ਸਿੰਘ ਸਮੇਤ ਇਕ ਹੋਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News