ਜੇਲ ’ਚ ਧਰਮਸੌਤ ਨਾਲ 7 ਦਿਨਾਂ ’ਚ ਪਰਿਵਾਰ ਦੇ ਸਿਰਫ 2 ਮੈਂਬਰ ਹੀ ਕਰਨ ਗਏ ਮੁਲਾਕਾਤ!

06/20/2022 11:11:38 AM

ਨਾਭਾ (ਜੈਨ) : ਜੇਲ ’ਚ ਸਾਬਕਾ ਕੈਬਨਿਟ ਮੰਤਰੀ ਧਰਮਸੌਤ ਨਾਲ 7 ਦਿਨਾਂ ’ਚ ਪਰਿਵਾਰ ਦੇ ਦੋ ਮੈਂਬਰ ਹੀ ਮੁਲਾਕਾਤ ਕਰਨ ਗਏ ਹਨ। ਸਾਧੂ ਸਿੰਘ ਧਰਮਸੌਤ ਦੀਆਂ ਆਉਣ ਵਾਲੇ ਦਿਨਾਂ ਵਿਚ ਮੁਸੀਬਤਾਂ ਹੋਰ ਵੱਧ ਸਕਦੀਆਂ ਹਨ। ਵਿਧਾਇਕ ਦੇਵ ਮਾਨ ਨੇ ਨਾਭਾ ਇਲਾਕੇ ਦੀਆਂ ਪੰਚਾਇਤਾਂ ਨੂੰ ਮਿਲੀਆਂ ਲਗਭਗ 12 ਕਰੋੜ ਰੁਪਏ ਦੀਆਂ ਗ੍ਰਾਂਟਾਂ, ਰਿਆਸਤੀ ਸ਼ਹਿਰ ਵਿਚ ਉਸਾਰੇ ਗਏ ਗੇਟਾਂ ਦੇ ਨਾਂ ’ਤੇ ਸਰਕਾਰੀ ਵਿਕਾਸ ਗ੍ਰਾਂਟ ਦੀ ਦੁਰਵਰਤੋਂ ਸਮੇਤ ਲਗਭਗ 80 ਕਰੋੜ ਰੁਪਏ ਫੰਡਾਂ ਦੀ ਜਾਂਚ ਲਈ ਵਿਜੀਲੈਂਸ ਕਾਰਵਾਈ ਦੀ ਮੰਗ ਕੀਤੀ ਹੈ। ਸੱਤਾ ਦਾ ਆਨੰਦ ਲੈਣ ਵਾਲੇ ਧਰਮਸੌਤ ਦੇ 6-7 ਚਹੇਤਿਆਂ ਨੇ ਬਿਊਰੋ ਅਧਿਕਾਰੀਆਂ ਕੋਲ ਪਹੁੰਚ ਕੇ ਸੰਗੀਨ ਦੋਸ਼ ਲਗਾਏ ਹਨ ਕਿ ਕਿਵੇਂ ਮਾਰਚ 2017 ਤੋਂ ਲੈ ਕੇ ਸਤੰਬਰ 2021 ਤੱਕ ਜੰਗਲਾਤ ਬੀੜਾਂ ’ਚ ਦਰੱਖਤਾਂ ਦੀ ਕਟਾਈ ਕੀਤੀ ਗਈ। ਗ੍ਰਾਂਟਾਂ ਦੀ ਦੁਰਵਰਤੋਂ ਕੀਤੀ ਅਤੇ ਖਰਚ ਰਾਸ਼ੀ ਦੇ ਸਰਟੀਫਿਕੇਟ ਨਹੀਂ ਦਿੱਤੇ। ਚੌਕੀ ਇੰਚਾਰਜਾਂ/ ਪੁਲਸ ਮੁਲਾਜ਼ਮਾਂ ਤੋਂ ਨਾਜਾਇਜ਼ ਵਸੂਲੀ ਕਰਨ ਦੇ ਕਿੱਸਿਆਂ ਨਾਲ ਦਲ-ਬਦਲੂਆਂ ਦੀ ਨੀਂਦ ਵੀ ਉਡ ਗਈ ਹੈ, ਜੋ ਹੁਣ ‘ਆਪ’ ਦੇ ਚਹੇਤੇ ਬਣ ਕੇ ਖੁਦ ਨੂੰ ਸਾਧ ਕਹਿ ਰਹੇ ਹਨ।

ਧਰਮਸੌਤ ਦੇ ਖਾਸ ਚਹੇਤਿਆਂ ਨੇ ਜੇਲ ਵਿਚ ਜਾ ਕੇ ਮੁਲਾਕਾਤ ਕਰਨ ਦੀ ਬਜਾਏ ਪਰਿਵਾਰ ਤੋਂ ਦੂਰੀ ਬਣਾ ਲਈ ਹੈ, ਜਿਸ ਸਬੰਧੀ ਕਈ ਚਰਚੇ ਚਲ ਰਹੇ ਹਨ। ਇਕ ਸੀਨੀਅਰ ਕਾਂਗਰਸੀ (ਜੋ ਮਾਨ ਸਰਕਾਰ ਦੇ ਵਿੱਤ ਮੰਤਰੀ ਦਾ ਨੇੜਲਾ ਰਿਸ਼ਤੇਦਾਰ ਹੈ) ਨੇ ਦੱਸਿਆ ਕਿ ਉਹ ਜੇਲ ’ਚ ਉਨ੍ਹਾਂ ਨੂੰ ਮਿਲਣ ਲਈ ਗਿਆ ਸੀ ਪਰ ਧਰਮਸੌਤ ਨੇ ਕਿਹਾ ਕਿ ਉਹ ਪਰਿਵਾਰ ਤੋਂ ਇਲਾਵਾ ਕਿਸੇ ਨੂੰ ਨਹੀਂ ਮਿਲਣਗੇ।

ਸੂਤਰਾਂ ਅਨੁਸਾਰ ਸੰਗਰੂਰ ਜ਼ਿਮਨੀ ਚੋਣ ਤੋਂ ਬਾਅਦ ਐੱਸ. ਸੀ. ਵਿਦਿਆਰਥੀਆਂ ਦੇ ਸਕਾਲਰਸ਼ਿਪ ਘਪਲੇ ਦੀ ਫਾਈਲ ਖੁੱਲ ਰਹੀ ਹੈ, ਜਿਸ ਸੰਬੰਧੀ ਧਰਮਸੌਤ ਸਮੇਤ ਕਈ ਅਧਿਕਾਰੀਆਂ ਦੀਆਂ ਪ੍ਰੇਸ਼ਾਨੀਆਂ ਵੱਧ ਜਾਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੰਗਰੂਰ ਦੇ ਹਲਕਿਆਂ ਵਿਚ ਚੋਣ ਮੀਟਿੰਗਾਂ ਦੌਰਾਨ ਧਰਮਸੌਤ ਬਾਰੇ ਵਾਰ-ਵਾਰ ਨਵੇਂ ਕਿੱਸੇ ਸੁਣਾਏ ਜਾਣ ਤੋਂ ਬਾਅਦ ਸਪੱਸ਼ਟ ਹੈ ਕਿ ਧਰਮਸੌਤ ਨੂੰ ਹੋਰ ਕੇਸਾਂ ’ਚ ਵੀ ਜਲਦੀ ਹੀ ਉਲਝਾਇਆ ਜਾ ਸਕਦਾ ਹੈ।


Gurminder Singh

Content Editor

Related News