ਸਮਝੌਤੇ ਲਈ ਬੁਲਾ ਕੇ ਅਕਾਲੀ ਆਗੂ ਨੇ ਦਿੱਤਾ ਜ਼ਹਿਰ, ਆਖਰੀ ਵੀਡੀਓ ਵਾਇਰਲ

Sunday, Dec 16, 2018 - 06:29 PM (IST)

ਸੁਲਤਾਨਪੁਰ ਲੋਧੀ (ਰਣਜੀਤ ਥਿੰਦ) : ਕਪੂਰਥਲਾ ਦੇ ਸੁਲਤਾਨਪੁਰ ਲੋਧੀ 'ਚ ਸ਼ੱਕੀ ਹਾਲਾਤ 'ਚ 44 ਸਾਲਾ ਵਿਅਕਤੀ ਦੀ ਮੌਤ ਹੋ ਗਈ। ਪਰਿਵਾਰ ਦਾ ਦੋਸ਼ ਹੈ ਕਿ ਇਕ ਘੰਟਾ ਪਹਿਲਾਂ ਪੁਲਸ ਘਰੋਂ ਉਸ ਨੂੰ ਇਹ ਕਹਿ ਕੇ ਲੈ ਗਈ ਸੀ ਕਿ ਤੁਹਾਡਾ ਕਿਸੇ ਨਾਲ ਸਮਝੌਤਾ ਕਰਵਾਉਣਾ ਹੈ ਅਤੇ ਬਾਅਦ ਵਿਚ ਉਸ ਦੀ ਜ਼ਹਿਰ ਨਿਗਲਣ ਕਾਰਨ ਮੌਤ ਹੋ ਗਈ। ਇਸ ਮਾਮਲੇ ਵਿਚ ਮ੍ਰਿਤਕ ਦੀ ਇਲਾਜ ਦੌਰਾਨ ਆਖਰੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿਚ ਮ੍ਰਿਤਕ ਦਰਸ਼ਨ ਨੇ ਉਸ ਨੂੰ ਜ਼ਹਿਰ ਦੇਣ ਦੇ ਦੋਸ਼ ਵੀ ਲਗਾਏ ਹਨ, ਜਿਸ ਵਿਅਕਤੀ 'ਤੇ ਉਸਨੂੰ ਜ਼ਹਿਰ ਦੇਣ ਦਾ ਦੋਸ਼ ਲਗਾਏ ਹਨ ਉਹ ਨਗਰ ਕੌਂਸਲ ਦਾ ਸਾਬਕਾ ਪ੍ਰਧਾਨ ਅਤੇ ਅਕਾਲੀ ਆਗੂ ਹੈ। ਇਲਜ਼ਾਮ ਹੈ ਕਿ ਜ਼ਮੀਨੀ ਵਿਵਾਦ ਦੇ ਮਾਮਲੇ 'ਚ ਅਕਾਲੀ ਆਗੂ ਨੇ ਉਸ ਨੂੰ ਸ਼ੈਲਰ 'ਤੇ ਲਿਜਾ ਕੇ ਜ਼ਹਿਰ ਦੇ ਦਿੱਤਾ। ਦਰਸ਼ਨ ਦੀ ਮੌਤ ਤੋਂ ਬਾਅਦ ਰੋਸ ਵਿਖਾਵਾ ਕਰਦਿਆਂ ਪਰਿਵਾਰ ਨੇ ਪੁਲਸ 'ਤੇ ਵੀ ਗੰਭੀਰ ਦੋਸ਼ ਲਾਏ ਹਨ। 
ਉਧਰ ਪੁਲਸ ਵਲੋਂ ਮ੍ਰਿਤਕ ਦੇ ਆਖਰੀ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਬਿਨਾਂ ਸ਼ੱਕ ਪੁਲਸ ਵਲੋਂ ਕਾਰਵਾਈ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ ਪਰ ਇਕ ਪਾਸੇ ਜਿਥੇ ਦੋਸ਼ ਸਿਆਸੀ ਰਸੂਖ ਵਾਲੇ ਬੰਦਿਆਂ 'ਤੇ ਲੱਗ ਰਹੇ ਹਨ, ਉਥੇ ਹੀ ਪੁਲਸ ਖੁਦ ਵੀ ਦੋਸ਼ਾਂ ਦੇ ਕਟਹਿਰੇ 'ਚ ਖੜ੍ਹੀ ਹੈ। ਹੁਣ ਦੇਖਣਾ ਇਹ ਹੈ ਕਿ ਪੀੜਤ ਪਰਿਵਾਰ ਨੂੰ ਕਦੋਂ ਤੇ ਕੀ ਇਨਸਾਫ ਮਿਲਦਾ ਹੈ।


author

Gurminder Singh

Content Editor

Related News