SAD ਦੇ ਉਮੀਦਵਾਰ ਗੁਰਪ੍ਰੀਤ ਰਾਜੂ ਖੰਨਾ ਨੇ ਖੇਤੀਬਾੜੀ ਮੰਤਰੀ ਰਣਦੀਪ ਨਾਭਾ ਨੂੰ ਦਿੱਤੀ ਵੱਡੀ ਚੁਣੌਤੀ (ਵੀਡੀਓ)
Saturday, Feb 05, 2022 - 11:32 PM (IST)
ਜਲੰਧਰ (ਵੈੱਬ ਡੈਸਕ): ‘ਜਗ ਬਾਣੀ’ ਦੇ ਬਹੁਚਰਚਿਤ ਪ੍ਰੋਗਰਾਮ ‘ਨੇਤਾ ਜੀ ਸਤਿ ਸ੍ਰੀ ਅਕਾਲ’ ਵਿਚ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਅਮਲੋਹ ਹਲਕੇ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨਾਲ ਗੱਲਬਾਤ ਕੀਤੀ ਗਈ। ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਕੋਲੋਂ ਤਿੱਖੇ ਸਵਾਲ ਪੁੱਛੇ ਗਏ, ਉਥੇ ਹੀ ਰਾਜੂ ਖੰਨਾ ਨੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਪਰਿਵਾਰ ਦੇ ਅਣਸੁਣੇ ਕਿੱਸੇ ਵੀ ਦਰਸ਼ਕਾਂ ਨਾਲ ਸਾਂਝੇ ਕੀਤੇ।
ਇਹ ਵੀ ਪੜ੍ਹੋ : CM ਚੰਨੀ ਵੱਲੋਂ ਪੰਜਾਬ ’ਚ ਧਰਮ ਪਰਿਵਰਤਨ ਬਾਰੇ ਦਿੱਤਾ ਗਿਆ ਬਿਆਨ ਬੇਹੱਦ ਸ਼ਰਮਨਾਕ : ਸਿਰਸਾ
ਇਸ ਦੌਰਾਨ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਪੰਜਾਬ ਦੇ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਵੱਲੋਂ ਹਲਕੇ ’ਚ ਕਰਵਾਏ ਵਿਕਾਸ ਦੇ ਬਿਆਨ ’ਤੇ ਸ਼ਬਦੀ ਹਮਲੇ ਕੀਤੇ। ਇਸ ਦੌਰਾਨ ਰਾਜੂ ਖੰਨਾ ਨੇ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਮੈਂ ਵਿਕਾਸ ਕਾਰਜਾਂ ਨੂੰ ਲੈ ਕੇ ਉਨ੍ਹਾਂ ਨਾਲ ਡਿਬੇਟ ਕਰਨ ਨੂੰ ਤਿਆਰ ਹਾਂ । ਜੇ ਉਨ੍ਹਾਂ ਕੋਲ ਟਾਈਮ ਘੱਟ ਹੈ ਤਾਂ ਮੈਂ ਉਨ੍ਹਾਂ ਦੇ ਘਰ ’ਚ ਜਾ ਕੇ ਵੀ ਡਿਬੇਟ ਕਰ ਸਕਦਾ ਹਾਂ। ਰਾਜੂ ਖੰਨਾ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਖੇਤੀਬਾੜੀ ਮੰਤਰੀ ਬਣਨ ਤੋਂ ਬਾਅਦ ਜ਼ੀਰੋ ਨੰਬਰ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਅਮਲੋਹ ’ਚ ਜਿਹੜੇ ਵਿਕਾਸ ਕਾਰਜਾਂ ਦੀ ਉਹ ਗੱਲ ਕਰਦੇ ਹਨ, ਸ਼੍ਰੋਮਣੀ ਅਕਾਲੀ ਦੀ ਸਰਕਾਰ ਸਮੇਂ ਹੀ ਹੋਏ ਹਨ। ਰਾਜੂ ਖੰਨਾ ਨੇ ਕਿਹਾ ਕਿ ਕਾਂਗਰਸ ਦੇ ਪੰਜ ਸਾਲ ਦੇ ਕਾਰਜਕਾਲ ਤੇ ਖੇਤੀਬਾੜੀ ਮੰਤਰੀ ਬਣਨ ’ਤੇ ਕਾਕਾ ਰਣਦੀਪ ਸਿੰਘ ਕੋਈ ਗ੍ਰਾਂਟ ਨਹੀਂ ਲੈ ਕੇ ਆਏ। ਇਕ ਬੱਸ ਸਟੈਂਡ ਦਾ ਨੀਂਹ ਪੱਥਰ ਰੱਖਿਆ ਸੀ, ਉਹ ਬਣ ਗਿਆ ਤੇ 20 ਲੱਖ ਰੁਪਿਆ ਨਵੀਨੀਕਰਨ ’ਤੇ ਲਾ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ : ਇਸ ਵਾਰ ਚੋਣ ਦੰਗਲ ’ਚ ਕਿਸਮਤ ਅਜ਼ਮਾਉਣ ਉਤਰਨਗੇ 1304 ਉਮੀਦਵਾਰ
ਰਾਜੂ ਖੰਨਾ ਨੇ ਕਿਹਾ ਕਿ ਗੜ੍ਹਿਆਂ ਨਾਲ ਖ਼ਰਾਬ ਹੋਈ ਆਲੂਆਂ ਦੀ 3 ਹਜ਼ਾਰ ਏਕੜ ਫਸਲ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਫੋਨ ਕਰ ਕੇ ਗਿਰਦਾਵਰੀ ਕਰਵਾਉਣ ਲਈ ਕਿਹਾ ਪਰ ਉਨ੍ਹਾਂ ਨੇ ਇਸ ’ਤੇ ਕੋਈ ਗੌਰ ਨਹੀਂ ਕੀਤੀ। ਕਾਕਾ ਰਣਦੀਪ ਸਿੰਘ ਵੱਲੋਂ ਗੌਰ ਨਾ ਕਰਨ ਕਰਕੇ ਉਨ੍ਹਾਂ ਨੂੰ ਨੁਕਸਾਨੀ ਹੋਈ ਫਸਲ ਦੇ ਮੁਆਵਜ਼ੇ ਲਈ ਧਰਨਾ ਲਾਉਣਾ ਪਿਆ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਗੱਲ ਕੀਤੀ ਤੇ ਉਨ੍ਹਾਂ ਨੇ ਸਪੈਸ਼ਲ ਗਿਰਦਾਵਰੀ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਅਮਲੋਹ ਹਲਕੇ ’ਚ ਡੀ. ਏ. ਪੀ. ਖਾਦ ਬਲੈਕ ’ਚ ਵਿਕਦੀ ਰਹੀ ਤੇ ਲੋਕ ਹਰਿਆਣੇ ’ਚੋਂ ਖਾਦ ਲਿਆਉਂਦੇ ਰਹੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ’ਚ ਵੱਡੀ ਪੱਧਰ ’ਤੇ ਵਿਕਾਸ ਕਾਰਜ ਕਰਵਾਏ ਗਏ। ਉਨ੍ਹਾਂ ਨੇ ਨਿਰਪੱਖ ਹੋ ਕੇ ਵਿਕਾਸ ਕਾਰਜ ਕਰਵਾਏ। ਇਸ ਦੌਰਾਨ ਵਿਰੋਧੀ ਦੇ ਇਲਜ਼ਾਮ ਕਿ ਰਾਜੂ ਖੰਨਾ ਬਾਹਰਲਾ ਉਮੀਦਵਾਰ ਹੈ, ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਮੇਰੀ ਜਨਮ ਭੂਮੀ ਕੋਈ ਵੀ ਹੋਵੇ ਪਰ ਮੇਰੀ ਕਰਮਭੂਮੀ ਅਮਲੋਹ ਹਲਕਾ ਹੀ ਹੈ। ਇਹ ਸਾਡਾ ਪੁਰਾਣਾ ਸ਼ਹਿਰ ਹੈ। ਮੇਰੀ 10-15 ਸਾਲ ਤੋਂ ਰਿਹਾਇਸ਼ ਇਥੇ ਹੀ ਹੈ।