ਪੰਚਾਇਤਾਂ ਵਲੋਂ ਕਰੋੜਾਂ ਦੀਆਂ ਗ੍ਰਾਂਟਾਂ ''ਚ ਘਪਲਿਆਂ ਦੇ ਮਾਮਲੇ ''ਚ ਵਿਜੀਲੈਂਸ ਜਾਂਚ ਕਰੇਗੀ ਦੁੱਧ ਦਾ ਦੁੱਧ ''ਤੇ ਪਾਣੀ ਦਾ ਪਾਣੀ : ਰਿੰਕੂ ਢਿੱਲੋਂ
Sunday, Aug 20, 2017 - 03:49 PM (IST)
ਝਬਾਲ (ਹਰਬੰਸ ਲਾਲੂਘੁੰਮਣ)-ਪਿੱਛਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਵੇਲੇ 10 ਸਾਲਾਂ ਦੌਰਾਂਨ ਪਿੰਡਾਂ ਦੇ ਵਿਕਾਸ ਦੇ ਨਾਂ 'ਤੇ ਪੰਚਾਇਤਾਂ ਨੂੰ ਜਾਰੀ ਕੀਤੀਆਂ ਗਈਆਂ ਕਰੋੜਾਂ ਰੁਪਾਇਆਂ ਦੀਆਂ ਗ੍ਰਾਂਟਾਂ 'ਚ ਕਥਿਤ ਤੌਰ 'ਤੇ ਹੋਈਆਂ ਬੇਨਿਯਮੀਆਂ ਦੀਆਂ ਪਰਤਾਂ ਖੁੱਲਣ ਤੋਂ ਬਾਅਦ ਹਾਲ ਹੀ 'ਚ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਲਏ ਗਏ ਫ਼ੈਸਲੇ ਦਾ ਸਵਾਗਤ ਕਰਦਿਆਂ ਕਾਂਗਰਸ ਸੋਸ਼ਲ ਮੀਡੀਆ ਸੈੱਲ ਮਾਝਾ 'ਤੇ ਦੋਆਬਾ ਜੋਨਾਂ ਦੇ ਚੇਅਰਮੈਨ ਰਿੰਕੂ ਢਿੱਲੋਂ ਨੇ ਕਿਹਾ ਕਿ ਵਿਜੀਲੈਂਸ ਜਾਂਚ ਦੁੱਧ ਦਾ ਦੁੱਧ 'ਤੇ ਪਾਣੀ ਦਾ ਪਾਣੀ ਕਰ ਦੇਵੇਗੀ। ਸਥਾਨਿਕ ਕਸਬੇ ਵਿਖੇ ਪ੍ਰੈਸ ਕਾਨਫਰੰਸ ਦੌਰਾਂਨ ਰਿੰਕੂ ਢਿੱਲੋਂ ਨੇ ਕਿਹਾ ਕਿ ਕਈ ਜ਼ਿਲਿਆਂ ਅੰਦਰ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਕਿ ਕਈ ਪੰਚਾਇਤ ਸਕੱਤਰ ਜਾਂਚ ਦੀ ਖੂਫ਼ੀਆ ਨਜ਼ਰ ਤੋਂ ਬਚਣ ਲਈ ਜਾਂਚ ਕਮੇਟੀ ਨੂੰ ਰਿਕਾਰਡ ਨਹੀਂ ਦੇ ਰਹੇ ਹਨ, ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਪੰਚਾਇਤੀ ਫ਼ੰਡਾਂ 'ਚ ਵੱਡੇ ਪੱਧਰ 'ਤੇ ਹੋਈ ਘੱਪਲੇਬਾਜੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਰਿੰਕੂ ਢਿੱਲੋਂ ਨੇ ਜ਼ਿਲਾ ਤਰਨ ਤਾਰਨ ਅੰਦਰ ਅਕਾਲੀ ਦਲ ਦੀਆਂ ਪੰਚਾਇਤਾਂ ਨੂੰ ਜਾਰੀ ਗ੍ਰਾਂਟਾਂ 'ਚ ਵੱਡੇ ਪੱਧਰ 'ਤੇ ਗੋਲਮਾਲ ਹੋਣ ਦੇ ਜਿਥੇ ਸ਼ੰਕੇ ਪ੍ਰਗਟ ਕੀਤੇ ਹਨ ਉਥੇ ਉਨ•ਾਂ ਨੇ ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਪਿੰਡਾਂ 'ਚ ਸਾਬਕਾ ਵਿਧਾਇਕ ਵੱਲੋਂ ਜਾਰੀ ਕੀਤੀਆਂ ਗ੍ਰਾਂਟਾਂ ਦੀ ਮੌਜੂਦਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਕੋਲੋ ਵਿਜੀਲੈਂਸ ਜਾਂਚ ਜਲਦੀ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਇਸ ਹਲਕੇ ਦੀਆਂ ਪੰਚਾਇਤਾਂ ਦੀ ਵਿਜੀਲੈਂਸ ਜਾਂਚ ਹੋ ਜਾਂਦੀ ਹੈ ਤਾਂ ਬਹੁਤ ਸਾਰੇ ਐਸੇ ਸਰਪੰਚਾਂ ਦੇ ਚਿਹਰੇ ਬੇਨਿਕਾਬ ਹੋ ਜਾਣਗੇ ਜਿੰਨਾਂ ਵੱਲੋਂ ਸਰਕਾਰ ਦੇ ਕਰੋੜਾਂ ਰੁਪਏ ਹਜਮ ਕਰ ਲਏ ਗਏ ਹਨ ਉਥੇ ਹੀ ਪੰਚਾਇਤ ਵਿਭਾਗ ਦੇ ਕਈ ਅਧਿਕਾਰੀਆਂ ਦੇ ਭ੍ਰਿਸ਼ਟ ਚੇਹਰੇ ਵੀ ਬੇਪਰਦ ਹੋ ਜਾਣਗੇ। ਰਿੰਕੂ ਢਿੱਲੋਂ ਨੇ ਸਰਹੱਦੀ ਖੇਤਰ ਦੇ ਕੁਝ ਪਿੰਡਾਂ ਦੇ ਨਾਂਅ ਨਸ਼ਰ ਕਰਦਿਆਂ ਕਿਹਾ ਕਿ ਉਕਤ ਪਿੰਡ ਅਜਿਹੇ ਪਿੰਡ ਹਨ, ਜਿੰਨਾਂ 'ਚ ਮੌਜ਼ੂਦ ਅਕਾਲੀ ਦਲ ਦੇ ਚਹੇਤਿਆਂ ਅਤੇ ਸਰਪੰਚਾਂ 'ਤੇ ਸਾਬਕਾ ਵਿਧਾਇਕ ਜਿਆਦਾ ਹੀ ਮੇਹਰਬਾਨ ਸਨ ਅਤੇ ਉਨ੍ਹਾਂ ਪਿੰਡਾਂ ਨੂੰ ਰੱਜ ਕੇ ਗ੍ਰਾਂਟਾਂ ਦੇ ਰੂਪ 'ਚ ਪੈਸਿਆਂ ਦੇ ਖੁੱਲੇ ਗੱਫੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਵਿਧਾਇਕ ਡਾ. ਅਗਨੀਹੋਤਰੀ ਉਕਤ ਪਿੰਡਾਂ ਨੂੰ ਜਾਰੀ ਸਰਕਾਰੀ ਪੈਸੇ ਦੀ ਜਾਂਚ ਕਰਵਾਉਣ ਅਤੇ ਦੋਸ਼ੀ ਪਾਏ ਜਾਣ ਵਾਲੇ ਜਿੰਮੇਵਾਰ ਲੋਕਾਂ ਨੂੰ ਕਾਨੂੰਨ ਦੇ ਸਿਕੰਜੇ 'ਚ ਲਿਆ ਕਿ ਪਿੱਛਲੇ 10 ਸਾਲਾਂ 'ਚ ਹੋਈਆਂ ਬੇਨਿਯਮੀਆਂ ਦਾ ਹਿਸਾਬ ਲੈਣ। ਇਸ ਮੌਕੇ ਪੰਜਬ ਜਨਰਲ ਸਕੱਤਰ ਗੁਣਰਾਜ ਸਿੰਘ ਬੰਟੀ ਗੰਡੀਵਿੰਡ, ਚੇਅਰਮੈਨ ਡਾ. ਸੋਨੂੰ ਝਬਾਲ, ਜ਼ਿਲਾ ਪ੍ਰਧਾਨ ਸੋਸ਼ਲ ਮੀਡੀਆ ਸੈੱਲ ਕਾਂਗਰਸ ਰਾਜਕਰਨ ਸਿੰਘ ਭੱਗੂਪੁਰ, ਚੇਅਰਮੈਨ ਜੱਸ ਲਾਲਪੁਰਾ, ਚੇਅਰਮੈਨ ਲਾਲੀ ਓਠੀਆਂ ਆਦਿ ਹਾਜ਼ਰ ਸਨ।
