ਪਿਛਲੇ 3 ਸਾਲਾਂ ਤੋਂ ਆਰ. ਓ. ਸਿਸਟਮ ਦੇ ਪਾਣੀ ਤੋਂ ਵਾਂਝੇ ਨੇ ਖੁੰਡੇ ਹਲਾਲ ਦੇ ਵਾਸੀ

07/18/2018 7:02:55 AM

ਮੰਡੀ ਲੱਖੇਵਾਲੀ(ਸੁਖਪਾਲ, ਪਵਨ)-ਪਿੰਡ ਖੁੰਡੇ ਹਲਾਲ ਦੇ ਵਾਸੀਆਂ ਨੂੰ ਪੀਣ ਲਈ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਸਰਕਾਰੀ ਸਿਹਤ ਡਿਸਪੈਂਸਰੀ ਵਿਚ ਆਰ. ਓ. ਸਿਸਟਮ ਲਵਾ ਕੇ ਦਿੱਤਾ ਸੀ ਪਰ ਪਿਛਲੇ ਕਰੀਬ 3 ਸਾਲਾਂ ਤੋਂ ਉਕਤ ਆਰ. ਓ. ਸਿਸਟਮ ਬੰਦ ਪਿਆ ਹੈ ਅਤੇ ਉੱਥੇ ਜਿੰਦਰਾ ਲੱਗਾ ਹੋਇਆ ਹੈ, ਜਿਸ ਕਾਰਨ ਪਿੰਡ ਵਾਸੀ ਆਰ. ਓ. ਸਿਸਟਮ ਦੇ ਪਾਣੀ ਤੋਂ ਵਾਂਝੇ ਹੋਏ ਪਏ ਹਨ। ਇਸ ਸਮੇਂ ਪਿੰਡ ਵਾਸੀਅਾਂ  ਤਰਸੇਮ ਸਿੰਘ ਖੁੰਡੇ ਹਲਾਲ, ਕਾਕਾ ਸਿੰਘ ਖੁੰਡੇ ਹਲਾਲ  ਅਤੇ ਡਾ. ਗੁਰਸੇਵਕ ਸਿੰਘ ਖੁੰਡੇ ਹਲਾਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਿੰਡ ’ਚ ਜਲਘਰ ਵਾਲੇ ਪਾਸੇ ਜਿੱਥੇ ਪਾਣੀ ਪੀਣ ਯੋਗ ਹੈ, ਵਿਖੇ ਨਵਾਂ ਆਰ. ਓ. ਸਿਸਟਮ ਲਾਇਆ ਜਾਵੇ। ਉਨ੍ਹਾਂ ਦੱਸਿਆ ਕਿ ਜਿਸ ਥਾਂ ’ਤੇ ਪਹਿਲਾਂ ਇਹ ਸਿਸਟਮ ਲਾਇਆ ਗਿਆ ਸੀ, ਉੱਥੇ ਉਂਝ ਵੀ ਪਾਣੀ ਪੀਣ ਯੋਗ ਨਹੀਂ ਸੀ। ਜ਼ਿਕਰਯੋਗ ਹੈ ਕਿ ਉਕਤ ਪਿੰਡ ਦੀ ਅਾਬਾਦੀ 3500 ਦੇ ਲਗਭਗ ਹੈ ਅਤੇ ਉਕਤ ਸਿਸਟਮ ਨਾ ਚੱਲਣ ਕਰ ਕੇ ਲੋਕ ਨੇਡ਼ੇ ਲੰਘਦੀ ਕੱਸੀ ਜਾਂ ਨਲਕਿਆਂ ਤੋਂ ਪਾਣੀ ਭਰ ਕੇ ਲਿਆਉਂਦੇ ਹਨ ਅਤੇ ਜਲਘਰ ਦਾ ਪਾਣੀ ਵੀ ਪੀਂਦੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਕ ਪਾਸੇ ਸਰਕਾਰ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਲੋਕਾਂ ਨੂੰ ਸਾਫ਼-ਸੁਥਰਾ ਤੇ ਸ਼ੁੱਧ ਪਾਣੀ ਪੀਣ ਲਈ ਅਪੀਲਾਂ ਕਰਦੇ ਹਨ ਪਰ ਦੂਜੇ ਪਾਸੇ ਇੱਥੇ ਆਰ. ਓ. ਸਿਸਟਮ ਬੰਦ ਪਏ ਨੂੰ  3 ਸਾਲ ਹੋ ਗਏ ਹਨ ਅਤੇ ਪ੍ਰਸ਼ਾਸਨ ਨੇ ਕੋਈ ਸਾਰ ਨਹੀਂ ਲਈ। ਮਾਡ਼ਾ ਪਾਣੀ ਪੀਣ ਨਾਲ ਪਿੰਡ ਦੇ ਕਈ ਲੋਕ ਕੈਂਸਰ, ਕਾਲਾ ਪੀਲੀਆ ਅਤੇ ਹੱਡੀਆਂ ਦੇ ਰੋਗਾਂ ਤੋਂ ਪੀਡ਼ਤ ਹਨ। 
 


Related News