ਅਕਾਲੀ ਦਲ ਵੱਲੋਂ ਉਪ ਚੋਣ ''ਚ ਉਤਾਰੇ ਉਮੀਦਵਾਰ ਨੂੰ ਪੁਲਸ ਕਰ ਰਹੀ ਹੈ ਤਲਾਸ਼ : ਸੱਤਪਾਲ ਸਿੰਘ

02/16/2018 11:26:35 AM

ਬੁਢਲਾਡਾ (ਬਾਂਸਲ) : ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਵਾਰਡ ਨੰਬਰ 2 ਦੀ ਉਪ ਚੋਣ ਮੈਦਾਨ 'ਚ ਉਤਾਰੇ ਗਏ ਉਮੀਦਵਾਰ ਦੀ ਪੁਲਸ ਤਲਾਸ਼ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਉਮੀਦਵਾਰ ਇਕ ਮੁਕੱਦਮੇ 'ਚ ਲੋੜੀਂਦਾ ਹੈ,ਇਹ ਸ਼ਬਦ ਇੱਥੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਕਾਂਗਰਸੀ ਉਮੀਦਵਾਰ ਵਜੋਂ ਵਿਧਾਨ ਸਭਾ ਦੀ ਚੋਣ ਲੜ੍ਹ ਚੁੱਕੇ ਸੱਤਪਾਲ ਸਿੰਘ ਮੂਲੇਵਾਲਾ ਨੇ ਕਹੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਚੋਣ ਮੈਦਾਨ 'ਚ ਉਤਾਰੇ ਉਮੀਦਵਾਰ ਤੋਂ ਇਹ ਗੱਲ ਸਪਸ਼ੱਟ ਹੋ ਜਾਂਦੀ ਹੈ ਕਿ ਉਹ ਇਕ ਵਾਰ ਫੇਰ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਕਾਂਗਰਸ ਪਾਰਟੀ ਨੇ ਸਾਫ ਸੁਥਰੇ ਅਕਸ ਵਾਲੇ ਉਮੀਦਵਾਰ ਤੀਰਥ ਸਿੰਘ ਸਵੀਟੀ ਨੂੰ ਮੈਦਾਨ 'ਚ ਉਤਾਰਿਆ ਹੈ, ਜਿਸ ਕਾਰਨ ਲੋਕਾਂ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਰਡ ਦੇ ਲੋਕ ਕਾਂਗਰਸ ਉਮੀਦਵਾਰ ਨੂੰ ਜਿਤਾਉਣ ਲਈ ਆਪਣੇ ਮਨ੍ਹਾ 'ਚ ਫੈਸਲਾ ਕਰ ਚੁੱਕੇ ਹਨ।
ਇਸ ਮੌਕੇ ਕਾਂਗਰਸ ਦੇ ਸੀਨੀਅਰ ਨੇਤਾ ਮਨਪ੍ਰੀਤ ਮਾਨ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੇ 10 ਸਾਲ ਦੇ ਰਾਜ 'ਚ ਲੁੱਟਣ ਅਤੇ ਕੁੱਟਣ ਦੀ ਨੀਤੀ ਤਹਿਤ ਪੰਜਾਬ ਦੀ ਜਨਤਾ ਨੂੰ ਲੁੱਟਿਆ ਹੈ ਅਤੇ ਮੁੜ ਤੋਂ ਇਹ ਉਪ ਚੋਣਾਂ ਰਾਹੀਂ ਗੁੰਡਾਗਰਦੀ ਦੇ ਸਹਾਰੇ ਲੋਕਾਂ 'ਤੇ ਰਾਜ ਕਰਨ ਦੇ ਮਨਸੁੱਬੇ ਪਾਲੀ ਬੈਠੇ ਹਨ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 2 ਦੀ ਉਪ ਚੋਣ 'ਚ ਕਿਸੇ ਵੀ ਕਿਸਮ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸੀਨੀਅਰ ਆਗੂ ਧੀਰਾ ਸਿੰਘ ਬੀਰੋਕੇ ਨੇ ਕਿਹਾ ਕਿ ਵਾਰਡ 'ਚ ਕਾਂਗਰਸੀ ਵਰਕਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਇਸ ਮੌਕੇ ਤੀਰਥ ਸਿੰਘ ਸਵੀਟੀ, ਸਰਪੰਚ ਜਗਦੇਵ ਸਿੰਘ ਘੋਗਾ, ਸਰਪੰਚ ਗੁਰਸੰਗਤ ਸਿੰਘ ਆਦਿ ਹਾਜ਼ਰ ਸਨ।
 


Related News