ਐੱਸ. ਐੱਚ. ਓ. ਦਾ ਫੂਕਿਆ ਪੁਤਲਾ

04/17/2018 5:10:01 AM

ਚੋਹਲਾ ਸਾਹਿਬ,   (ਨਈਅਰ)-  ਪਿੰਡ ਠੱਕਰਪੁਰਾ ਦੇ ਅਕਾਲੀ ਦਲ ਨਾਲ ਸਬੰਧਤ ਸਰਪੰਚ ਦੇ ਖਿਲਾਫ ਪੁਲਸ ਥਾਣਾ ਚੋਹਲਾ ਸਾਹਿਬ ਵਿਖੇ ਦਰਜ ਕੀਤੇ ਗਏ ਕੇਸ ਨੂੰ ਝੂਠਾ ਅਤੇ ਮਨਘੜਤ ਦੱਸਦੇ ਹੋਏ ਇਸ ਕੇਸ ਨੂੰ ਰੱਦ ਕਰਨ ਅਤੇ ਇਸ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਪੁਲਸ ਥਾਣਾ ਚੋਹਲਾ ਸਾਹਿਬ ਦੇ ਬਾਹਰ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਅਤੇ ਦਿੱਤਾ ਗਿਆ ਧਰਨਾ ਅੱਜ ਥਾਣਾ ਚੋਹਲਾ ਸਾਹਿਬ ਦੇ ਮੁਖੀ ਦਾ ਪੁਤਲਾ ਸਾੜਨ ਉਪਰੰਤ ਸਮਾਪਤ ਕਰ ਦਿੱਤਾ ਗਿਆ ਅਤੇ ਸੰਘਰਸ਼ ਦੀ ਅਗਲੀ ਰੂਪ-ਰੇਖਾ ਉਲੀਕਣ ਲਈ ਮੀਟਿੰਗ ਸੱਦ ਲਈ ਗਈ ਹੈ।
 ਅੱਜ ਇਥੋਂ ਦੇ ਬਾਜ਼ਾਰ ਦੇ ਮੁੱਖ ਚੌਕ 'ਚ ਐੱਸ. ਐੱਚ. ਓ. ਦਾ ਪੁਤਲਾ ਸਾੜਨ ਅਤੇ ਬਾਜ਼ਾਰਾਂ 'ਚ ਨਾਅਰੇਬਾਜ਼ੀ ਕਰਨ ਮੌਕੇ ਹੋਏ ਇੱਕਠ ਦੌਰਾਨ ਸੰਬੋਧਨ ਕਰਦੇ ਹੋਏ ਜਮਹੂਰੀ ਕਿਸਾਨ ਸਭਾ ਦੇ ਆਗੂ ਨਿਰਪਾਲ ਸਿੰਘ ਜੌਣੇਕੇ, ਜਨਵਾਦੀ ਇਸਤਰੀ ਸਭਾ ਦੀ ਆਗੂ ਨਰਿੰਦਰ ਕੌਰ, ਨਿਰਮਾਣ ਮਜ਼ਦੂਰ ਯੂਨੀਅਨ ਦੇ ਆਗੂ ਧਰਮ ਸਿੰਘ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲਾ ਪ੍ਰਧਾਨ ਸੁਲੱਖਣ ਸਿੰਘ ਤੁੜ ਨੇ ਕਿਹਾ ਕਿ ਥਾਣਾ ਚੋਹਲਾ ਸਾਹਿਬ ਦੀ ਪੁਲਸ ਪਾਰਟੀ ਵੱਲੋਂ ਹਲਕਾ ਪੱਟੀ ਦੇ ਪਿੰਡ ਠੱਕਰਪੁਰਾ ਦੇ ਸਰਪੰਚ ਦਿਲਬਾਗ ਸਿੰਘ ਖਿਲਾਫ ਅਫੀਮ ਬਰਾਮਦ ਕਰਨ ਦਾ ਕਥਿਤ ਝੂਠਾ ਅਤੇ ਮਨਘੜਤ ਕੇਸ ਦਰਜ ਕੀਤਾ ਗਿਆ ਹੈ ਜਦੋਂਕਿ ਸੱਚਾਈ ਕੁਝ ਹੋਰ ਹੈ।
ਉਨ੍ਹਾਂ ਕਿਹਾ ਕਿ ਇਸ ਕੇਸ ਨੂੰ ਰੱਦ ਕਰਨ ਅਤੇ ਇਸ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਨੂੰ ਲੈ ਕੇ ਪਰਿਵਾਰ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੂੰ ਨਾਲ ਲੈ ਕੇ ਪੁਲਸ ਥਾਣਾ ਚੋਹਲਾ ਸਾਹਿਬ ਦੇ ਬਾਹਰ ਭੁੱਖ ਹੜਤਾਲ ਅਤੇ ਧਰਨਾ ਲਾਇਆ ਗਿਆ ਸੀ ਪਰ ਕੋਈ ਵੀ ਉੱਚ ਅਧਿਕਾਰੀ ਇਸ ਮੌਕੇ ਵਿਸ਼ਵਾਸ ਦੇਣ ਲਈ ਨਹੀਂ ਪੁੱਜਾ। ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਸੱਦੀ ਗਈ ਹੈ, ਜਿਸ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਅਗਲਾ ਪ੍ਰੋਗਰਾਮ ਰੱਖਿਆ ਜਾਵੇਗਾ ਅਤੇ ਇਨਸਾਫ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ।  ਇਸ ਸਬੰਧੀ ਥਾਣਾ ਚੋਹਲਾ ਸਾਹਿਬ ਦੇ ਐੱਸ. ਐੱਚ. ਓ ਸੁਖਰਾਜ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਹੀ ਕਾਰਵਾਈ ਕੀਤੀ ਗਈ ਹੈ ਅਤੇ ਦਿਲਬਾਗ ਸਿੰਘ ਦੇ ਖਿਲਾਫ ਜਿਹੜਾ ਮੁਕੱਦਮਾ ਦਰਜ ਹੋਇਆ ਹੈ ਉਹ ਬਿਲਕੁਲ ਸਹੀ ਹੈ।


Related News