ਐੱਸ. ਬੀ. ਆਈ. ਦਾ ਏ. ਟੀ. ਐੱਮ. ਤੋੜਨ ਦੀ ਕੋਸ਼ਿਸ਼, ਮੁੰਬਈ ''ਚ ਵੱਜਿਆ ਸਾਈਰਨ

02/02/2018 8:06:16 AM

ਚੰਡੀਗੜ੍ਹ, (ਸੁਸ਼ੀਲ)- ਨਕਾਬਪੋਸ਼ ਲੁਟੇਰਿਆਂ ਨੇ ਸੈਕਟਰ-47 ਵਿਚ ਐੱਸ. ਬੀ. ਆਈ. ਦਾ ਏ. ਟੀ. ਐੱਮ. ਤੋੜਨ ਦੀ ਕੋਸ਼ਿਸ਼ ਕੀਤੀ, ਜਿਸ ਦਾ ਸਾਈਰਨ ਮੁੰਬਈ ਸਥਿਤ ਮੁੱਖ ਦਫ਼ਤਰ ਵਿਚ ਵੱਜਿਆ। ਮੁੰਬਈ ਤੋਂ ਇਸ ਦੀ ਜਾਣਕਾਰੀ ਚੰਡੀਗੜ੍ਹ ਪੁਲਸ ਨੂੰ ਦਿੱਤੀ ਗਈ। ਉਸ ਤੋਂ ਬਾਅਦ ਸੈਕਟਰ-31 ਪੁਲਸ ਮੌਕੇ 'ਤੇ ਪਹੁੰਚੀ। ਪੁਲਸ ਦੇ ਪਹੁੰਚਣ ਤੋਂ ਪਹਿਲਾਂ ਨੌਜਵਾਨ ਫਰਾਰ ਹੋ ਗਏ। ਵਾਰਦਾਤ ਸਮੇਂ ਏ. ਟੀ. ਐੱਮ. ਵਿਚ ਕੋਈ ਵੀ ਸਕਿਓਰਿਟੀ ਗਾਰਡ ਤਾਇਨਾਤ ਨਹੀਂ ਸੀ। ਫਾਰੈਂਸਿਕ ਮੋਬਾਇਲ ਟੀਮ ਨੇ ਮੌਕੇ 'ਤੇ ਪਹੁੰਚ ਕੇ ਫਿੰਗਰ ਪ੍ਰਿੰਟ ਹਾਸਲ ਕੀਤੇ। ਉਥੇ ਹੀ ਨਾਲ ਵਾਲੀ ਦੁਕਾਨ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਨਕਾਬਪੋਸ਼ ਲੁਟੇਰੇ ਕੈਦ ਹੋ ਗਏ। ਸੈਕਟਰ-31 ਥਾਣਾ ਪੁਲਸ ਨੇ ਲੁਟੇਰਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪੀ. ਸੀ. ਆਰ. ਨੂੰ ਆਉਂਦਾ ਦੇਖ ਕੇ ਹੋਏ ਫਰਾਰ 
ਘਟਨਾ ਬੁੱਧਵਾਰ ਰਾਤ ਡੇਢ ਵਜੇ ਦੀ ਹੈ। ਸੈਕਟਰ-47 'ਚ ਮਾਰਕੀਟ ਵਿਚ ਲੱਗੇ ਐੱਸ. ਬੀ. ਆਈ. ਦੇ ਏ. ਟੀ. ਐੱਮ. ਵਿਚ ਦੋ ਨਕਾਬਪੋਸ਼ ਦਾਖਲ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਲੋਹੇ ਦੀ ਰਾਡ ਨਾਲ ਏ. ਟੀ. ਐੱਮ. ਤੋੜਨ ਦੀ ਕੋਸ਼ਿਸ਼ ਕੀਤੀ। ਏ. ਟੀ. ਐੱਮ. ਨਾਲ ਛੇੜਛਾੜ ਹੁੰਦਿਆਂ ਹੀ ਸਾਈਰਨ ਮੁੰਬਈ ਵਿਖੇ ਮੁੱਖ ਦਫ਼ਤਰ ਵਿਚ ਵੱਜਿਆ। ਮੁੰਬਈ ਤੋਂ ਇਸ ਦੀ ਜਾਣਕਾਰੀ ਚੰਡੀਗੜ੍ਹ ਪੁਲਸ ਨੂੰ ਦਿੱਤੀ ਗਈ। 
ਥਾਣਾ ਪੁਲਸ ਦੀ ਪੈਟਰੋਲਿੰਗ 'ਤੇ ਸਵਾਲ
ਨਕਾਬਪੋਸ਼ ਲੁਟੇਰਿਆਂ ਵਲੋਂ ਏ. ਟੀ. ਐੱਮ. ਤੋੜਨ ਦੀ ਕੋਸ਼ਿਸ਼ ਦੇ ਮਾਮਲੇ ਵਿਚ ਸੈਕਟਰ-31 ਥਾਣਾ ਪੁਲਸ ਦੀ ਪੈਟਰੋਲਿੰਗ 'ਤੇ ਸਵਾਲ ਖੜ੍ਹਾ ਹੋ ਰਿਹਾ ਹੈ। ਜੇਕਰ ਥਾਣਾ ਪੁਲਸ ਰਾਤ ਦੇ ਸਮੇਂ ਮਾਰਕੀਟ ਵਿਚ ਪੈਟਰੋਲਿੰਗ ਕਰਦੀ ਤਾਂ ਏ. ਟੀ. ਐੱਮ. ਟੁੱਟਣ ਤੋਂ ਬਚ ਜਾਂਦਾ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਥਾਣਾ ਪੁਲਸ ਬਿਲਕੁਲ ਵੀ ਗਸ਼ਤ ਨਹੀਂ ਕਰਦੀ।


Related News