ਬਿਨਾਂ ਪਾਸਪੋਰਟ ਤੇ ਵੀਜ਼ੇ ਤੋਂ ਰਾਜਾਸਾਂਸੀ ’ਚ ਘੁੰਮ ਰਹੀ ਰੂਸੀ ਲੜਕੀ ਗ੍ਰਿਫ਼ਤਾਰ
Tuesday, Feb 22, 2022 - 06:26 PM (IST)
ਰਾਜਾਸਾਂਸੀ (ਸੁਮਿਤ, ਰਾਜਵਿੰਦਰ)-ਕਸਬਾ ਰਾਜਾਸਾਂਸੀ ’ਚ ਬਿਨਾਂ ਪਾਸਪੋਰਟ ਅਤੇ ਵੀਜ਼ੇ ਤੋਂ ਘੁੰਮ ਰਹੀ ਰੂਸ ਦੀ ਇਕ ਲੜਕੀ ਨੂੰ ਪੁਲਸ ਵੱਲੋਂ ਗ੍ਰਿਫ਼ਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਥਾਣਾ ਮੁਖੀ ਰਾਜਾਸਾਂਸੀ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਅਲੀਸ਼ੀਆ ਨਾਮੀ ਲੜਕੀ ਕਿਰਗਿਜ਼ਸਤਾਨ (ਰੂਸ) ਦੀ ਹੈ, ਜੋ ਰਾਤ ਕਰੀਬ ਅੱਠ ਵਜੇ ਕਸਬਾ ਰਾਜਾਸਾਂਸੀ ਵਿਖੇ ਘੁੰਮ ਰਹੀ ਸੀ। ਉਸ ਨੂੰ ਮਹਿਲਾ ਇੰਸਪੈਕਟਰ ਭੁਪਿੰਦਰ ਕੌਰ ਨੇ ਕਾਬੂ ਕਰ ਕੇ ਪੁੱਛਗਿੱਛ ਕੀਤੀ ਪਰ ਉਸ ਵੱਲੋਂ ਕੋਈ ਪਰੂਫ ਨਹੀਂ ਦਿੱਤਾ ਗਿਆ, ਜਿਸ ’ਤੇ ਪੁਲਸ ਵੱਲੋਂ ਇੰਡੀਅਨ ਪਾਸਪੋਰਟ ਐਕਟ ਅਤੇ ਫਾਰਨਰ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਭਦੌੜ ਤੋਂ ‘ਆਪ’ ਉਮੀਦਵਾਰ ਉੱਗੋਕੋ ਦੇ ਡਰਾਈਵਰ ’ਤੇ ਇਰਾਦਾ ਕਤਲ ਦਾ ਮਾਮਲਾ ਦਰਜ (ਵੀਡੀਓ)
ਉਕਤ ਲੜਕੀ ਨੂੰ ਅਜਨਾਲਾ ਦੀ ਅਦਾਲਤ ’ਚ ਪੇਸ਼ ਕਰਨ ਲਈ ਲਿਆਂਦਾ ਗਿਆ, ਜਿੱਥੇ ਉਸ ਨੂੰ ਮਾਣਯੋਗ ਅਦਾਲਤ ਵੱਲੋਂ ਜੇਲ੍ਹ ਭੇਜਣ ਦਾ ਹੁਕਮ ਸੁਣਾਇਆ ਗਿਆ ਹੈ। ਜੇਲ੍ਹ ਭੇਜਣ ਤੋਂ ਪਹਿਲਾਂ ਉਸ ਦਾ ਕੋਰੋਨਾ ਟੈਸਟ ਕਰਵਾਇਆ ਜਾ ਰਿਹਾ ਹੈ। ਇਹ ਵਿਦੇਸ਼ੀ ਲੜਕੀ ਪੱਤਰਕਾਰਾਂ ’ਤੇ ਵੀ ਭੜਕਦੀ ਨਜ਼ਰ ਆਈ । ਇਸ ਮੌਕੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਰਸ਼ੀਅਨ ਲੜਕੀ ਘੁੰਮਦੀ ਮਿਲੀ ਸੀ, ਜਿਸ ਕੋਲੋਂ ਉਸ ਦੇ ਪਾਸਪੋਰਟ ਤੇ ਵੀਜ਼ੇ ਬਾਰੇ ਪੁੱਛਿਆ ਗਿਆ ਤਾਂ ਉਸ ਕੋਲ ਨਾ ਤਾਂ ਪਾਸਪੋਰਟ ਸੀ, ਨਾ ਹੀ ਵੀਜ਼ਾ ਸੀ, ਜਿਸ ਦੇ ਚੱਲਦਿਆਂ ਉਨ੍ਹਾਂ ਵੱਲੋਂ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।