ਮੇਲਾ ਲੱਗ ਗਿਆ ਠੇਕੇ ''ਤੇ, ਲੁੱਟ ਲਓ ਮੌਜ-ਬਹਾਰਾਂ...

Monday, Apr 02, 2018 - 08:08 AM (IST)

ਮੇਲਾ ਲੱਗ ਗਿਆ ਠੇਕੇ ''ਤੇ, ਲੁੱਟ ਲਓ ਮੌਜ-ਬਹਾਰਾਂ...

ਗਿੱਦੜਬਾਹਾ (ਸੰਧਿਆ) - 31 ਮਾਰਚ ਨੂੰ ਸ਼ਰਾਬ ਦੇ ਠੇਕੇ ਦੀ ਸਾਲ ਦੀ ਮਿਆਦ ਦਾ ਆਖਰੀ ਦਿਨ ਹੋਣ ਕਾਰਨ ਸਵੇਰ ਤੋਂ ਹੀ ਸਥਾਨਕ ਘੰਟਾਘਰ ਸਾਹਮਣੇ ਸਥਿਤ ਠੇਕੇ ਅੱਗੇ ਪਿਆਕੜਾਂ ਦੀ ਭੀੜ ਵੇਖਣ ਨੂੰ ਮਿਲੀ ਅਤੇ ਸ਼ਰਾਬ ਦੇ ਸ਼ੌਕੀਨਾਂ ਦੀ ਠੇਕੇ ਸਾਹਮਣੇ ਲੰਬੀ ਲਾਈਨ ਲੱਗੀ ਰਹੀ ਅਤੇ ਦੇਰ ਰਾਤ ਤੱਕ ਸ਼ਰਾਬ ਦੀਆਂ ਪੇਟੀਆਂ ਚੁੱਕੀ ਲੋਕ ਸੜਕਾਂ 'ਤੇ ਤੁਰਦੇ ਵੀ ਨਜ਼ਰ ਆਏ।
ਪੰਜਾਬ ਸਰਕਾਰ ਦਾ ਸ਼ਰਾਬੀਆਂ ਨੂੰ ਤੋਹਫਾ
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬੇ ਦੀ ਕਾਂਗਰਸ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਆਪਣੇ ਚੋਣ ਮੈਨੀਫੈਸਟੋ ਵਿਚ ਕੀਤੇ ਗਏ ਹੋਰ ਕਿਸੇ ਵੀ ਵਾਅਦੇ ਨੂੰ ਭਾਵੇਂ ਪੂਰਾ ਨਹੀਂ ਕੀਤਾ ਪਰ 1 ਅਪ੍ਰੈਲ ਤੋਂ ਸਾਰੇ ਪੰਜਾਬ ਵਿਚ ਸ਼ਰਾਬ ਦੇ ਠੇਕਿਆਂ ਤੋਂ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਜ਼ਰੂਰ ਸਸਤੀ ਕਰ ਦਿੱਤੀ ਹੈ। ਪਤਾ ਲੱਗਾ ਹੈ ਕਿ ਪਿਛਲੇ ਸਾਲ ਨਾਲੋਂ 40 ਤੋਂ 50 ਰੁਪਏ ਪ੍ਰਤੀ ਬੋਤਲ ਸ਼ਰਾਬ ਸਸਤੀ ਕਰ ਦਿੱਤੀ ਗਈ ਹੈ, ਜਿਸ ਨਾਲ ਸ਼ਰਾਬ ਦੇ ਸ਼ੌਕੀਨਾਂ ਨੂੰ ਤਾਂ ਭਾਵੇਂ ਸ਼ਰਾਬ ਸਸਤੀ ਹੋਣ ਨਾਲ ਹੋਰ ਮੌਜਾਂ ਲੱਗ ਗਈਆਂ ਹਨ ਪਰ ਜਿਨ੍ਹਾਂ ਦੇ ਪੁੱਤ ਸ਼ਰਾਬ ਪੀ-ਪੀ ਕੇ ਰੱਬ ਨੂੰ ਪਿਆਰੇ ਹੋ ਗਏ ਜਾਂ ਆਪਣੀ ਜ਼ਿੰਦਗੀ ਖਰਾਬ ਕਰੀ ਬੈਠੇ ਹਨ, ਉਹ ਮਾਪੇ ਬਹੁਤ ਪ੍ਰੇਸ਼ਾਨ ਹਨ।
ਲੋਕ ਸੋਚ ਰਹੇ ਹਨ ਕਿ ਕਾਂਗਰਸ ਸਰਕਾਰ ਗੱਲਾਂ ਤਾਂ ਨਸ਼ੇ ਮੁਕਤੀ ਦੀਆਂ ਕਰ ਰਹੀ ਸੀ ਪਰ ਹੁਣ ਸ਼ਰਾਬ ਸਸਤੀ ਕਰ ਕੇ ਨਸ਼ਿਆਂ ਨੂੰ ਹੋਰ ਵੀ ਬੜ੍ਹਾਵਾ ਦੇ ਰਹੀ ਹੈ।
ਉਂਝ ਤਾਂ ਕਾਂਗਰਸੀ ਆਗੂ ਗੱਲਾਂ ਕਰ ਰਹੇ ਹਨ ਕਿ ਪੰਜਾਬ ਨਸ਼ਾ ਮੁਕਤੀ ਵੱਲ ਅੱਗੇ ਵੱਧ ਰਿਹਾ ਹੈ। ਜਾਣਕਾਰੀ ਅਨੁਸਾਰ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਇਸ ਵਾਰ ਦੇਸੀ ਸ਼ਰਾਬ ਦੇ ਠੇਕੇ 225 ਹਨ, ਜਦਕਿ ਅੰਗਰੇਜ਼ੀ ਸ਼ਰਾਬ ਦੇ ਠੇਕਿਆਂ ਦੀ ਗਿਣਤੀ 55 ਹੈ ਪਰ ਜ਼ਿਲੇ ਭਰ ਵਿਚ ਪਿੰਡ 241 ਹਨ।


Related News