ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਰੋਸ ਰੈਲੀ

Wednesday, Nov 01, 2017 - 05:13 AM (IST)

ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਰੋਸ ਰੈਲੀ

ਟਾਂਡਾ, (ਮੋਮੀ, ਜਸਵਿੰਦਰ, ਪੰਡਿਤ)- ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਬੇਘਰੇ ਤੇ ਬੇਜ਼ਮੀਨੇ ਕਿਰਤੀਆਂ ਲਈ ਰਿਹਾਇਸ਼ੀ ਪਲਾਟ ਦੇ ਮਸਲੇ ਸਬੰਧੀ ਪਿੰਡ ਟਾਹਲੀ ਵਿਖੇ ਭਰਵੀਂ ਰੋਸ ਰੈਲੀ ਕਰਦਿਆਂ ਆਪਣੀਆਂ ਮੰਗਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਗਈ। 
ਰੋਸ ਰੈਲੀ ਨੂੰ ਯੂਨੀਅਨ ਦੇ ਸੂਬਾ ਪ੍ਰਧਾਨ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਤੇ ਪੰਜਾਬ ਦੀ ਕਾਂਗਰਸ ਸਰਕਾਰ ਦੋਵੇਂ ਹੀ ਮਜ਼ਦੂਰ ਵਿਰੋਧੀ ਨੀਤੀਆਂ 'ਤੇ ਉਤਾਰੂ ਹਨ ਅਤੇ ਦੋਵਾਂ ਹੀ ਸਰਕਾਰਾਂ ਦੀਆਂ ਨੀਤੀਆਂ 'ਚ ਫ਼ਰਕ ਨਹੀਂ ਹੈ। ਇਨ੍ਹਾਂ ਦੀਆਂ ਨੀਤੀਆਂ ਕਾਰਨ ਅਮੀਰ ਤੇ ਗਰੀਬ ਵਿਚਲਾ ਪਾੜਾ ਲਗਾਤਾਰ ਵਧ ਰਿਹਾ ਹੈ, ਕਿਉਂਕਿ ਸਰਕਾਰਾਂ ਬੇਰੋਜ਼ਗਾਰੀ ਤੇ ਮਹਿੰਗਾਈ ਨੂੰ ਰੋਕਣ 'ਚ ਅਸਫ਼ਲ ਰਹੀਆਂ ਹਨ ਅਤੇ ਅੱਤ ਦੀ ਮਹਿੰਗਾਈ ਕਾਰਨ ਮਜ਼ਦੂਰ ਵਰਗ ਮਹਿੰਗੇ ਮੁੱਲ ਦੀਆਂ ਥਾਵਾਂ ਖਰੀਦਣ ਦੀ ਹੈਸੀਅਤ ਨਹੀਂ ਰੱਖਦੇ। 
ਉਨ੍ਹਾਂ ਮੰਗ ਕੀਤੀ ਕਿ ਪੇਂਡੂ ਮਜ਼ਦੂਰਾਂ ਨੂੰ ਰਿਹਾਇਸ਼ੀ ਪਲਾਟ ਤੇ ਮਕਾਨ ਦੀ ਉਸਾਰੀ ਲਈ 5-5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇ ਅਤੇ ਲਾਭਪਾਤਰੀਆਂ ਦੀ ਚੋਣ ਕਰਨ ਲਈ ਕਮੇਟੀ 'ਚ ਮਜ਼ਦੂਰਾਂ ਦੇ ਨੁਮਾਇੰਦੇ ਸ਼ਾਮਲ ਕੀਤੇ ਜਾਣ। ਰੈਲੀ 'ਚ ਭਾਗ ਲੈਣ ਵਾਲੇ ਮਜ਼ਦੂਰਾਂ ਨੇ ਮੰਗਾਂ ਨਾ ਮੰਨਣ ਦੀ ਸੂਰਤ 'ਚ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ। ਇਸ ਮੌਕੇ ਯੂਨੀਅਨ ਦੇ ਤਹਿਸੀਲ ਪ੍ਰਧਾਨ ਸਦੀਪ ਵਿੱਕੀ ਭੂਲਪੁਰ, ਨਾਵਲ ਗਿੱਲ ਟਾਹਲੀ, ਬਲਜਿੰਦਰ ਕਾਲੂ, ਨੰਬਰਦਾਰ ਸੂਰਜ ਸਿੰਘ, ਬੀਬੀ ਸੁਰਿੰਦਰ ਕੌਰ, ਮਹਿੰਦਰ ਕੌਰ, ਸੋਨੀ ਆਦਿ ਹਾਜ਼ਰ ਸਨ। 


Related News