ਦਿਹਾਤੀ ਮਜ਼ਦੂਰ ਸਭਾ ਨੇ ਲਾਇਆ ਧਰਨਾ
Sunday, Feb 25, 2018 - 07:55 AM (IST)
ਝਬਾਲ/ਬੀੜ ਸਾਹਿਬ, (ਲਾਲੂ ਘੁੰਮਣ, ਬਖਤਾਵਰ, ਭਾਟੀਆ)- ਸਰਹੱਦੀ ਪਿੰਡਾਂ ਅੰਦਰ ਡਿਫਾਲਟਰ ਖਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਕੱਟਣ ਤਹਿਤ ਜਿਥੇ ਪਾਵਰਕਾਮ ਵੱਲੋਂ ਉਚ ਅਧਿਕਾਰੀਆਂ ਦੇ ਹੁਕਮਾਂ 'ਤੇ ਮੁਹਿੰਮ ਚਲਾਈ ਹੋਈ ਹੈ, ਉਥੇ ਹੀ ਟੀਮਾਂ ਦਾ ਵਿਰੋਧ ਵੀ ਦਿਹਾਤੀ ਮਜ਼ਦੂਰ ਸਭਾ ਵੱਲੋਂ ਨਿਰੰਤਰ ਜਾਰੀ ਚੱਲ ਰਿਹਾ ਹੈ। ਅੱਜ ਪਿੰਡ ਚੀਮਾ ਖੁਰਦ, ਲੋਹੀਆਂ, ਚਾਹਲ, ਗਹਿਰੀ, ਸਰਾਏ ਅਮਾਨਤ ਖਾਂ, ਮਾਨਕਪੁਰਾ, ਗੰਡੀਵਿੰਡ, ਹਵੇਲੀਆਂ, ਬੀੜ ਰਾਜਾ ਤੇਜਾ ਸਿੰਘ ਤੇ ਰਸੂਲਪੁਰ ਆਦਿ ਵਿਖੇ ਬਿਜਲੀ ਕੁਨੈਕਸ਼ਨ ਕੱਟਣ ਦੇ ਵਿਰੋਧ 'ਚ ਦਿਹਾਤੀ ਮਜ਼ਦੂਰ ਸਭਾ ਵੱਲੋਂ ਜਰਨੈਲ ਸਿੰਘ ਰਸੂਲਪੁਰ ਦੀ ਅਗਵਾਈ 'ਚ ਧਰਨੇ ਲਾਏ ਗਏ।
ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੂਬਾਈ ਆਗੂ ਕਾਮਰੇਡ ਜਸਪਾਲ ਸਿੰਘ ਢਿੱਲੋਂ ਝਬਾਲ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਤਹਿਸੀਲ ਪ੍ਰਧਾਨ ਜਸਬੀਰ ਸਿੰਘ ਗੰਡੀਵਿੰਡ ਨੇ ਕਿਹਾ ਕਿ ਉਕਤ ਪਿੰਡਾਂ 'ਚ ਉਪ ਮੰਡਲ ਪਾਵਰਕਾਮ ਸਰਾਏ ਅਮਾਨਤ ਖਾਂ ਦੇ ਅਧਿਕਾਰੀਆਂ ਵੱਲੋਂ ਦਲਿਤ ਭਾਈਚਾਰੇ ਲੋਕਾਂ ਦੇ ਘਰਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਜਾ ਰਹੇ ਸਨ, ਜਿਸ ਦੇ ਵਿਰੋਧ 'ਚ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਗੁਰਵੇਲ ਸਿੰਘ ਚੀਮਾ ਅਤੇ ਜਰਨੈਲ ਸਿੰਘ ਰਸੂਲਪੁਰ ਦੀ ਅਗਵਾਈ 'ਚ ਵਿਰੋਧ ਜਾਰੀ ਰੱਖਿਆ ਜਾਵੇਗਾ। ਉਕਤ ਆਗੂਆਂ ਨੇ ਕਿਹਾ ਕਿ ਦਲਿਤਾਂ ਅਤੇ ਮਜ਼ਦੂਰਾਂ ਦੇ ਕੁਨੈਕਸ਼ਨ ਨਹੀਂ ਕੱਟਣ ਦਿੱਤੇ ਜਾਣਗੇ ਅਤੇ ਜੇਕਰ ਬਿਜਲੀ ਬੋਰਡ ਵੱਲੋਂ ਦਲਿਤ ਅਤੇ ਗਰੀਬ ਲੋਕਾਂ ਦੇ ਘਰਾਂ ਦੇ ਕੁਨੈਕਸ਼ਨ ਕੱਟਣੇ ਬੰਦ ਨਾ ਕੀਤੇ ਸੰਘਰਸ਼ ਹੋਰ ਤੇਜ਼ ਕਰਦਿਆਂ ਉਪ ਮੰਡਲ ਪਾਵਰਕਾਮ ਸਰਾਏ ਅਮਾਨਤ ਖਾਂ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਾਉਣ ਤੋਂ ਇਲਾਵਾ ਸੜਕਾਂ ਵੀ ਜਾਮ ਕੀਤੀਆਂ ਜਾਣਗੀਆਂ।
ਇਸ ਮੌਕੇ ਗੁਰਵੈਲ ਸਿੰਘ ਚੀਮਾ, ਹਰਵੰਤ ਸਿੰਘ ਚੀਮਾ, ਅਵਤਾਰ ਸਿੰਘ ਚੀਮਾ, ਬੂਟਾ ਸਿੰਘ ਚੀਮਾ, ਜਸਬੀਰ ਸਿੰਘ, ਬਲਵਿੰਦਰ ਸਿੰਘ ਚੀਮਾ, ਨਿਰਮਲ ਸਿੰਘ ਚੀਮਾ, ਮੀਨਾ ਕੌਰ, ਹਰਜਿੰਦਰ ਕੌਰ, ਮਹਿੰਦਰ ਕੌਰ, ਰਜਵੰਤ ਕੌਰ, ਸ਼ੀਲਾ ਕੌਰ, ਸੁਖਵਿੰਦਰ ਕੌਰ, ਮਜ਼ਦੂਰ ਆਗੂ ਸੰਦੀਪ ਸਿੰਘ, ਹਰਵੰਤ ਸਿੰਘ, ਬਲਦੇਵ ਸਿੰਘ, ਕਸ਼ਮੀਰ ਸਿੰਘ, ਬੂਟਾ ਸਿੰਘ, ਬਲਵਿੰਦਰ ਕੌਰ, ਸ਼ਿੰਦੋ ਕੌਰ, ਸੁਖਵਿੰਦਰ ਕੌਰ ਤੇ ਜਗਬੀਰ ਸਿੰਘ ਬੱਬੂ ਆਦਿ ਹਾਜ਼ਰ ਸਨ।