ਦਿਹਾਤੀ ਮਜ਼ਦੂਰ ਸਭਾ ਨੇ ਦਿੱਤਾ ਧਰਨਾ
Thursday, Feb 08, 2018 - 08:02 AM (IST)

ਵਲਟੋਹਾ, (ਜ.ਬ.)- ਦਿਹਾਤੀ ਮਜ਼ਦੂਰ ਸਭਾ ਵੱਲੋਂ ਖੇਤ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਸਬੰਧੀ ਬੀ. ਡੀ. ਪੀ. ਓ. ਦਫਤਰ ਵਲਟੋਹਾ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ ਜਿਸ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਦੇ ਏਰੀਆ ਕਮੇਟੀ ਅਮਰਕੋਟ ਦੇ ਪ੍ਰਧਾਨ ਅੰਗਰੇਜ ਸਿੰਘ ਨਵਾਂ ਪਿੰਡ, ਗੁਰਬੀਰ ਭੱਟੀ ਰਾਜੋਕੇ ਅਤੇ ਨਾਜਰ ਲਾਖਣਾ ਆਦਿ ਆਗੂਆਂ ਨੇ ਕੀਤੀ।
ਧਰਨੇ 'ਚ ਸੈਂਕੜੇ ਖੇਤ ਮਜ਼ਦੁਰ ਔਰਤਾਂ ਅਤੇ ਮਰਦਾਂ ਨੇ ਸ਼ਮੂਲੀਅਤ ਕੀਤੀ ਜਿਨ੍ਹਾਂ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲਾ ਪ੍ਰਧਾਨ ਚਮਨ ਲਾਲ ਦਰਾਜਕੇ, ਤਹਿਸੀਲ ਪ੍ਰਧਾਨ ਹਰਜਿੰਦਰ ਸਿੰਘ ਚੂੰਘ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਖੇਤ ਮਜ਼ਦੂਰਾਂ ਸਿਰ ਚੜ੍ਹਿਆ ਕਰਜ਼ਾ ਮੁਆਫ ਕਰਨ ਵਿਚ ਆਨਾਕਾਨੀ ਕਰ ਰਹੀ ਹੈ ਅਤੇ ਨਾ ਹੀ ਬੇਘਰਿਆਂ ਨੂੰ ਮਕਾਨ ਦਿੱਤੇ ਗਏ ਹਨ।
ਉਨ੍ਹਾਂ ਮੰਗ ਕੀਤੀ ਕਿ ਸਰਕਾਰ ਖੇਤ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ ਕਰੇ, ਬੇਘਰੇ ਲੋੜਵੰਦ ਲੋਕਾਂ ਨੂੰ 10-10 ਮਰਲੇ ਦੇ ਪਲਾਟ ਦਿੱਤੇ ਜਾਣ, ਮਨਰੇਗਾ ਕਾਨੂੰਨ ਅਧੀਨ ਦਲਿਤਾਂ ਅਤੇ ਸਾਧਨਹੀਣ ਲੋਕਾਂ ਦੇ ਪਰਿਵਾਰ ਨੂੰ ਕੰਮ ਦਿੱਤਾ ਜਾਵੇ ਅਤੇ ਦਿਹਾੜੀ 600 ਰੁਪਏ ਕੀਤੀ ਜਾਵੇ। ਮਜ਼ਦੂਰਾਂ ਵੱਲੋਂ ਕੀਤੇ ਕੰਮਾਂ ਦੇ ਬਕਾਏ ਤੁਰੰਤ ਦਿੱਤੇ ਜਾਣ ਅਤੇ ਕੰਮ ਨਾ ਦੇਣ ਦੀ ਸੂਰਤ ਵਿਚ ਸਾਰੇ ਬੇਜ਼ਮੀਨੇ ਦਲਿਤਾਂ ਅਤੇ ਸਾਧਨਹੀਣ ਪਰਿਵਾਰਾਂ ਲਈ ਮੁਕੰਮਲ ਸਥਾਈ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ, ਸਾਰੇ ਲੋੜਵੰਦਾਂ ਨੂੰ ਸਮਾਜਿਕ ਸੁਰੱਖਿਆ ਅਧੀਨ ਮਿਲਣ ਵਾਲੀਆਂ, ਬੁਢਾਪਾ, ਵਿਧਵਾ, ਅੰਗਹੀਣ ਪੈਨਸ਼ਨਾਂ ਦੀ ਰਕਮ 3000 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ ਅਤੇ ਚੋਣਾਂ ਵਿਚ ਕੀਤੇ ਵਾਅਦੇ ਦੌਰਾਨ ਹਰ ਘਰ ਦੇ ਇਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਅਤੇ ਸ਼ਗਨ ਸਕੀਮ ਤਹਿਤ 51,000 ਰੁਪਏ ਦਿੱਤੇ ਜਾਣ।
ਇਸ ਮੌਕੇ ਹਰਚੰਦ ਸਿੰਘ ਤੂਤ, ਸੁਰਜੀਤ ਸਿੰਘ ਭਿੱਖੀਵਿੰਡ, ਪ੍ਰਗਟ ਸਿੰਘ ਪਹਿਲਵਾਨਕੇ, ਬਲਵਿੰਦਰ ਸਿੰਘ ਕਲੰਝਰ, ਹਰਪਾਲ ਸਿੰਘ ਨਵਾਂ ਪਿੰਡ, ਜਗਤਾਰ ਸਿੰਘ ਵਾਂ, ਦਰਬਾਰਾ ਸਿੰਘ ਵਾਂ, ਦਲਜੀਤ ਸਿੰਘ, ਸਵਿੰਦਰ ਸਿੰਘ ਚੱਕ, ਬਲਵੰਤ ਸਿੰਘ, ਬਲਦੇਵ ਸਿੰਘ ਲੌਹਕਾ, ਸਤਨਾਮ ਸਿੰਘ ਚੀਮਾ ਆਦਿ ਹਾਜ਼ਰ ਸਨ।