ਪੇਂਡੂ ਮਜ਼ਦੂਰ ਯੂਨੀਅਨ ਵਲੋਂ ਪ੍ਰਸ਼ਾਸਨ ਤੇ ਸੰਘਾ ਫਾਰਮ ਦੇ ਗਠਜੋੜ ਵਿਰੁੱਧ ਪੁਤਲਾ ਫੂਕ ਮੁਜ਼ਾਹਰਾ

02/26/2018 4:17:33 AM

ਨਕੋਦਰ,   (ਰਜਨੀਸ਼)-  ਸੰਘਾ ਆਲੂ ਫਾਰਮ ਪਿੰਡ ਬੱਲ ਕੋਹਨਾ ਤੇ ਖੀਵਾ ਤੋਂ ਰਿਹਾਅ ਕਰਵਾਏ ਬੰਧੂਆਂ ਮਜ਼ਦੂਰਾਂ ਦੇ ਮਾਮਲੇ 'ਚ ਪ੍ਰਸ਼ਾਸਨ ਵਲੋਂ ਮਾਲਕ ਤੇ ਉਸ ਦੇ ਸਾਥੀਆਂ ਨੂੰ ਬਚਾਉਣ ਦਾ ਤੱਥ ਸਾਹਮਣੇ ਆ ਰਿਹਾ ਹੈ। ਇਸ 'ਚ ਪ੍ਰਸ਼ਾਸਨ ਦੀ ਮਾਲਕਾਂ ਨਾਲ ਸਾਂਝ ਬਿਲਕੁਲ ਨੰਗੀ ਹੁੰਦੀ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜ਼ਿਲਾ ਪ੍ਰਧਾਨ ਹੰਸ ਰਾਜ ਪੱਬਵਾਂ ਤੇ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕੀਤਾ। ਉਹ ਨਕੋਦਰ ਵਿਖੇ ਬੰਧੂਆਂ ਮਜ਼ਦੂਰਾਂ ਨੂੰ ਇਨਸਾਫ ਦਿਵਾਉਣ ਤੇ ਆਗੂਆਂ 'ਤੇ ਝੂਠਾ ਕੇਸ ਦਰਜ ਕਰਨ ਵਿਰੁੱਧ ਸੂਬਾ ਸੱਦੇ 'ਤੇ ਸਿਵਲ ਤੇ ਪੁਲਸ ਪ੍ਰਸ਼ਾਸਨ ਅਤੇ ਸੰਘਾ ਆਲੂ ਫਾਰਮ ਦੇ ਗਠਜੋੜ ਦਾ ਪੁਤਲਾ ਸਾੜ ਕੇ ਮੁਜ਼ਾਹਰੇ ਦੌਰਾਨ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਕਾਨੂੰਨ ਦੇ ਰਾਖੇ ਕਹਾਉਣ ਵਾਲੇ ਸਿਵਲ ਤੇ ਪੁਲਸ ਅਧਿਕਾਰੀ ਸੰਘਾ ਫਾਰਮ 'ਚੋਂ ਰਿਹਾਅ ਕਰਵਾਏ ਬੰਧੂਆ ਮਜ਼ਦੂਰਾਂ ਦੇ ਮਸਲੇ 'ਚ ਖੁਦ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ। ਉਨ੍ਹਾਂ ਕਿਹਾ ਕਿ 20 ਫਰਵਰੀ ਨੂੰ ਰਿਹਾਅ ਕਰਵਾਏ ਮਜ਼ਦੂਰਾਂ ਦੀ ਸਾਂਭ-ਸੰਭਾਲ ਤਾਂ ਦੂਰ ਬਣਦੀਆਂ ਧਾਰਾਵਾਂ ਨੂੰ ਕਾਨੂੰਨਾਂ ਤਹਿਤ ਅਜੇ ਤੱਕ ਦਰਜ ਨਹੀਂ ਕੀਤਾ ਗਿਆ। ਮਜ਼ਦੂਰਾਂ ਦਾ ਤਾਲਾ ਤੋੜ ਕੇ ਘਰੇਲੂ ਕੀਮਤੀ ਸਾਮਾਨ ਜ਼ਬਤ ਕਰਨ ਅਤੇ ਲੰਘੀ ਦੇਰ ਬਰਾਮਦ ਕਰਕੇ ਬਿਨਾਂ ਕਰਵਾਈ ਮਜ਼ਦੂਰਾਂ ਦੇ ਹਵਾਲੇ ਕਰਨ ਦੇ ਯਤਨ ਕੀਤੇ ਗਏ ਤਾਂ ਕਿ ਸਬੂਤ ਹੀ ਨਸ਼ਟ ਕਰ ਦਿੱਤੇ ਜਾਣ।


Related News