ਦਿਹਾਤੀ ਮਜ਼ਦੂਰ ਸਭਾ ਵੱਲੋਂ ਐੱਸ. ਡੀ. ਐੱਮ. ਨੂੰ ਮੰਗ ਪੱਤਰ
Wednesday, Oct 25, 2017 - 12:42 PM (IST)

ਤਰਨਤਾਰਨ (ਆਹਲੂਵਾਲੀਆ) - ਦਿਹਾਤੀ ਮਜ਼ਦੂਰ ਸਭਾ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਤਰਨਤਾਰਨ ਇਕਾਈ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਐੱਸ. ਡੀ. ਐੱਮ. ਤਰਨਤਾਰਨ ਡਾ. ਅਮਨਦੀਪ ਕੌਰ ਨੂੰ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਦੇ ਨਾਂ ਸਭਾ ਦੇ ਆਗੂ ਬਲਵਿੰਦਰ ਸਿੰਘ ਬਾਠ, ਦਿਲਬਾਗ ਸਿੰਘ ਕੋਟ ਤੇ ਬਲਵਿੰਦਰ ਸਿੰਘ, ਜਸਪਾਲ ਸਿੰਘ ਨੇ ਸੌਂਪਿਆ। ਐੱਸ. ਡੀ. ਐੱਮ. ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਜਾਵੇਗਾ। ਸਭਾ ਦੇ ਜ਼ਿਲਾ ਜਨਰਲ ਸਕੱਤਰ ਜਸਪਾਲ ਸਿੰਘ ਝਬਾਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਰਹੇ, ਸਗੋਂ ਆਮ ਜਨਤਾ ਨੂੰ ਸਹੂਲਤਾਂ ਦੇਣ ਦੀ ਬਜਾਏ ਬਿਜਲੀ ਦਰਾਂ 'ਚ ਭਾਰੀ ਵਾਧਾ ਕਰ ਕੇ ਉਨ੍ਹਾਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਹੈ।
ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਬੇਘਰੇ ਲੋਕਾਂ ਨੂੰ ਘਰ ਬਣਾਉਣ ਲਈ 10-10 ਮਰਲੇ ਦੇ ਪਲਾਟ ਦਿੱਤੇ ਜਾਣ, ਬੁਢਾਪਾ, ਵਿਧਵਾ ਆਦਿ ਪੈਨਸ਼ਨ 3000 ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇ, ਸ਼ਗਨ ਸਕੀਮ 31000 ਰੁਪਏ ਦਿੱਤੀ ਜਾਵੇ, ਮਨਰੇਗਾ ਸਕੀਮ ਰਾਹੀਂ ਸਾਰਾ ਸਾਲ ਕੰਮ ਦਿੱਤਾ ਜਾਵੇ। ਇਸ ਮੌਕੇ ਸੁਖਵੰਤ ਸਿੰਘ ਗੋਹਲਵੜ, ਬਲਜਿੰਦਰ ਸਿੰਘ, ਅਮਰੀਕ ਸਿੰਘ, ਚਰਨ ਸਿੰਘ ਬਾਠ, ਲਖਵਿੰਦਰ ਕੌਰ ਝਭਾਲ ਤੇ ਜਸਬੀਰ ਕੌਰ ਆਦਿ ਹਾਜ਼ਰ ਸਨ।