ਵਿਦੇਸ਼ੀ ਧਰਤੀ ''ਤੇ ਜਿੱਤ ਦੇ ਝੰਡੇ ਗੱਡ ਮੁੜੀਆਂ ਪੰਜਾਬ ਦੀਆਂ 2 ਸ਼ੇਰ ਬੱਚੀਆਂ
Friday, Nov 15, 2019 - 05:35 PM (IST)

ਰੂਪਨਗਰ (ਸੱਜਣ ਸੈਣੀ) - ਰੋਪੜ ਜ਼ਿਲੇ ਦੇ ਪਿੰਡ ਝੱਲੀਆ ਕਲਾ 'ਚ ਪੜ੍ਹਦੀਆਂ 2 ਧੀਆਂ ਨੇ ਦੋਹਾ ਕਤਰ 'ਚ ਹੋਈ 14ਵੀਂ ਏਸ਼ੀਅਨ ਸ਼ੂਟਿੰਗ ਚੈਪੀਅਨਸ਼ਿਪ 'ਚ ਗੋਡਲ ਤੇ ਸਿਲਵਰ ਮੈਡਲ ਜਿੱਤ ਕੇ ਵਿਦੇਸ਼ ਦੀ ਧਰਤੀ 'ਤੇ ਭਾਰਤ ਦਾ ਨਾਂ ਚਮਕਾ ਦਿੱਤਾ। ਉਕਤ ਕੁੜੀਆਂ ਨੇ ਆਪਣੇ ਮਾਪਿਆਂ, ਕੋਚਾਂ, ਜ਼ਿਲੇ ਅਤੇ ਸਕੂਲ ਦਾ ਨਾਂ ਰੋਸ਼ਨ ਕਰਕੇ ਇਹ ਸਾਬਤ ਕਰ ਦਿੱਤਾ ਕਿ ਕੁੜੀਆਂ ਕਿਸੇ ਤੋਂ ਘੱਟ ਨਹੀਂ। ਜਾਣਕਾਰੀ ਅਨੁਸਾਰ ਵਿਦੇਸ਼ ਦੀ ਧਰਤੀ 'ਤੇ ਜਿੱਤ ਹਾਸਲ ਕਰਨ ਵਾਲਿਆਂ ਇਨ੍ਹਾਂ ਦੋਵੇਂ ਧੀਆਂ ਦਾ ਅੱਜ ਰੂਪਨਗਰ ਪਹੁੰਚਣ 'ਤੇ ਸ਼ਹਿਰ ਵਾਸੀਆਂ, ਸਕੂਲ ਅਧਿਆਪਕਾਂ ਅਤੇ ਪਰਿਵਾਰਕ ਮੈਂਬਰਾਂ ਵਲੋਂ ਗਰਮਜੋਸ਼ੀ ਨਾਲ ਸੁਆਗਤ ਕੀਤਾ ਗਿਆ। ਬੈਡ ਬਾਜਿਆਂ ਨਾਲ ਖੁੱਲ੍ਹੀ ਜਿਪਸੀ 'ਤੇ ਚੜ੍ਹਾ ਉਨ੍ਹਾਂ ਦੀ ਸ਼ਹਿਰ 'ਚ ਐਂਟਰੀ ਕਰਵਾਈ ਗਈ, ਜਿਸ ਦੌਰਾਨ ਪਿੰਡ ਦੇ ਲੋਕਾਂ ਨੇ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਦਾ ਨਿੱਘਾਂ ਸੁਆਗਤ ਕੀਤਾ।
ਗੋਡਲ ਮੈਡਲ ਜਿੱਤਣ ਵਾਲੀ ਜੈਸਮੀਨ ਕੌਰ ਤੇ ਸਿਲਵਰ ਮੈਡਲ ਜਿੱਤਣ ਵਾਲੀ ਖੁਸ਼ੀ ਸੈਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁਕਾਬਲੇ ਤਾਂ ਕਾਫੀ ਸਖਤ ਸੀ ਪਰ ਉਨ੍ਹਾਂ ਨੂੰ ਜੋ ਸਿਖਾਇਆ ਗਿਆ, ਉਨ੍ਹਾਂ ਨੇ ਉਸੇ 'ਤੇ ਆਪਣਾ ਫੋਕਸ ਰੱਖਿਆ। ਇਸੇ ਫੋਕਸ ਦੇ ਸਦਕਾ ਉਨ੍ਹਾਂ ਨੂੰ ਜਿੱਤ ਪ੍ਰਾਪਤ ਹੋਈ। ਖਿਡਾਰਨਾਂ ਦੀ ਕੋਚ ਸੁਖਮਨਦੀਪ ਕੌਰ ਨੇ ਕਿਹਾ ਕਿ ਧੀਆਂ ਕਿਸੇ ਨਾਲੋ ਘੱਟ ਨਹੀਂ ਹੁੰਦੀਆਂ, ਇਸੇ ਕਾਰਨ ਉਨ੍ਹਾਂ ਨੂੰ ਪੁੱਤਰਾਂ ਦੇ ਬਰਾਬਰ ਦਾ ਮੌਕਾ ਦੇਣਾ ਚਾਹੀਦਾ ਹੈ।