ਸੱਤਾ ਹਥਿਆਉਣ ਲਈ ਕਾਂਗਰਸ ਅਪਣਾਉਂਦੀ ਰਹੀ ਹੱਥਕੰਡੇ : ਪ੍ਰੋ. ਚੰਦੂਮਾਜਰਾ
Friday, May 24, 2019 - 10:03 AM (IST)

ਰੂਪਨਗਰ (ਵਿਜੇ) - ਕੈਪਟਨ ਸਰਕਾਰ ਵਲੋਂ ਇਨ੍ਹਾਂ ਲੋਕ ਸਭਾ ਚੋਣਾਂ 'ਚ ਸਰਪੰਚਾਂ ਅਤੇ ਬਲਾਕ ਸੰਮਤੀ ਮੈਂਬਰਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਅਤੇ ਉਨ੍ਹਾਂ 'ਤੇ ਦਬਾਅ ਪਾਇਆ ਗਿਆ ਕਿ ਉਨ੍ਹਾਂ ਨੂੰ ਗ੍ਰਾਂਟਾਂ ਨਹੀਂ ਮਿਲਣਗੀਆਂ। ਇਸ ਦੇ ਇਲਾਵਾ ਉਨ੍ਹਾਂ ਨੂੰ ਇਨ੍ਹਾਂ ਦੇ ਪਦਾਂ ਤੋਂ ਸਸਪੈਂਡ ਕਰ ਦਿੱਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਰੂਪਨਗਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਗਿਆ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਨ੍ਹਾਂ ਚੋਣਾਂ 'ਚ ਸਰਕਾਰੀ ਮਸ਼ੀਨਰੀ ਦਾ ਜੰਮ ਕੇ ਦੁਰਉਪਯੋਗ ਹੋਇਆ ਹੈ ਅਤੇ ਪਹਿਲਾਂ ਕਾਂਗਰਸ ਪਾਰਟੀ ਨੇ ਸੱਤਾ ਹਥਿਆਉਣ ਲਈ ਇਸ ਤਰ੍ਹਾਂ ਦੇ ਹੱਥਕੰਡੇ ਅਪਣਾਏ। ਜਿੱਤ-ਹਾਰ ਦਾ ਰਾਜਨੀਤਕ ਵਿਅਕਤੀ ਨੂੰ ਕੋਈ ਫਰਕ ਨਹੀਂ ਪੈਂਦਾ। ਕੇਂਦਰ 'ਚ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ ਅਤੇ ਉਹ ਇਸ 'ਚ ਆਪਣਾ ਬਣਦਾ ਸਹਿਯੋਗ ਪ੍ਰਦਾਨ ਕਰਦੇ ਰਹਿਣਗੇ ਅਤੇ ਲੋਕਾਂ ਦੇ ਕੰਮ ਕਰਵਾਏ ਜਾਣਗੇ।
ਅਕਾਲੀ ਦਲ ਨੇ ਸ੍ਰੀ ਚਮਕੌਰ ਸਾਹਿਬ ਵਿਖੇ ਨਹੀਂ ਲਾਇਆ ਹਲਕਾ ਇੰਚਾਰਜ
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਵਿਖੇ ਅਕਾਲੀ ਦਲ ਵੱਲੋਂ ਹਲਕਾ ਇੰਚਾਰਜ ਨਹੀਂ ਲਾਇਆ ਗਿਆ ਅਤੇ ਕਾਫੀ ਲੰਬੇ ਸਮੇਂ ਤੋਂ ਸ੍ਰੀ ਚਮਕੌਰ ਸਾਹਿਬ ਖੇਤਰ ਖਾਲੀ ਪਿਆ ਰਿਹਾ। ਜਿਸ ਦੇ ਕਾਰਣ ਇਥੇ ਅਕਾਲੀ ਦਲ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ। ਉਨ੍ਹਾਂ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਖੇਤਰ 'ਚ ਕਾਂਗਰਸੀ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਸੇ ਤਰ੍ਹਾਂ ਦਾ ਕੋਈ ਵਿਕਾਸ ਨਹੀਂ ਕਰਵਾਇਆ, ਕਿਸੇ ਨੂੰ ਨੌਕਰੀ ਉਪਲੱਬਧ ਨਹੀਂ ਕਰਵਾਈ ਗਈ ਅਤੇ ਨਾ ਸੜਕਾਂ ਬਣਾਈਆਂ ਗਈਆਂ। ਚੰਦੂਮਾਜਰਾ ਨੇ ਦੋਸ਼ ਲਾਇਆ ਕਿ ਕਾਂਗਰਸ ਦੀ ਜਿੱਤ ਧੱਕੇਸ਼ਾਹੀ ਵਾਲੀ ਹੈ। ਜਦੋਂ ਕਿ ਸ੍ਰੀ ਚਮਕੌਰ ਸਾਹਿਬ ਤੋਂ ਕਾਂਗਰਸ ਦਾ ਜਿੱਤਣਾ ਗਲੇ ਨਹੀਂ ਉਤਰ ਰਿਹਾ। ਹੈਰਾਨੀ ਦੀ ਗੱਲ ਹੈ ਕਿ ਚਰਨਜੀਤ ਸਿੰਘ ਚੰਨੀ ਦਾ ਜਲਵਾ ਕਈ ਸਾਲਾਂ ਤੋਂ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਖੇਤਰ 'ਚ ਬਰਕਰਾਰ ਰਿਹਾ ਹੈ, ਪਰ ਫਿਰ ਵੀ ਪ੍ਰੋ. ਚੰਦੂਮਾਜਰਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ।