ਪੰਜਾਬ ''ਚ ਬੇਰੋਜ਼ਗਾਰੀ ਕਾਰਨ ਵਿਦੇਸ਼ ਜਾ ਰਹੇ ਨੌਜਵਾਨ : ਰੂਬੀ ਡੱਲਾ
Wednesday, Dec 05, 2018 - 05:02 PM (IST)

ਮਾਛੀਵਾੜਾ ਸਾਹਿਬ (ਟੱਕਰ) : ਕੈਨੇਡਾ ਦੇ ਸਾਬਕਾ ਮੈਂਬਰ ਪਾਰਲੀਮੈਂਟ ਰੂਬੀ ਡੱਲਾ ਨੇ ਕਿਹਾ ਕਿ ਪੰਜਾਬ 'ਚ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਇੱਥੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ, ਜਿਸ ਕਾਰਨ ਉਨ੍ਹਾਂ ਨੇ ਵਿਦੇਸ਼ਾਂ ਵੱਲ ਰੁਖ਼ ਕਰ ਲਿਆ ਹੈ ਅਤੇ ਜ਼ਿਆਦਾਤਰ ਨੌਜਵਾਨ ਵਿਦਿਆਰਥੀਆਂ ਦੇ ਰੂਪ 'ਚ ਕੈਨੇਡਾ ਜਾ ਕੇ ਸੈਟਲ ਹੋ ਰਹੇ ਹਨ। ਰੂਬੀ ਡੱਲਾ ਮਾਛੀਵਾੜਾ ਵਿਖੇ ਸੁਪਰੀਅਰ ਵਰਲਡ ਸਕੂਲ ਗੜ੍ਹੀ ਤਰਖਾਣਾ ਵਿਖੇ ਇੱਕ ਸਮਾਰੋਹ 'ਚ ਸ਼ਮੂਲੀਅਤ ਕਰਨ ਲਈ ਆਏ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਇਹ ਸੋਚਣਾ ਪਵੇਗਾ ਕਿ ਧੜਾਧੜ ਪੰਜਾਬ ਦਾ ਨੌਜਵਾਨ ਜੋ ਵਿਦੇਸ਼ਾਂ ਵੱਲ ਜਾ ਰਿਹਾ ਹੈ ਉਹ ਤਾਂ ਹੀ ਰੁਕ ਸਕੇਗਾ, ਜੇਕਰ ਉਨ੍ਹਾਂ ਨੂੰ ਇੱਥੇ ਰੋਜ਼ਗਾਰ ਦੇ ਵਧੀਆ ਮੌਕੇ ਮਿਲਣਗੇ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਨੌਜਵਾਨਾਂ ਨੂੰ ਇੱਥੇ ਪੰਜਾਬ 'ਚ ਉਚ ਸਿੱਖਿਆ ਮੁਹੱਈਆ ਕਰਵਾਈ ਜਾਵੇ ਅਤੇ ਉਨ੍ਹਾਂ ਨੂੰ ਰੋਜ਼ਗਾਰ ਦਿੱਤੇ ਜਾਣ ਅਤੇ ਜੇਕਰ ਵਿਦੇਸ਼ਾਂ 'ਚ ਨੌਜਵਾਨਾਂ ਦੇ ਜਾਣ ਦਾ ਸਿਲਸਿਲਾ ਨਾ ਰੁਕਿਆ ਤਾਂ ਪੰਜਾਬ ਦਾ ਜੋ ਵੀ ਹਾਲ ਹੋਵੇਗਾ, ਉਸ ਲਈ ਇਹ ਸਰਕਾਰਾਂ ਜ਼ਿੰਮੇਵਾਰ ਹੋਣਗੀਆਂ। ਗੁਰੂ ਨਾਨਕ ਦੇਵ ਜੀ ਦੇ ਜੋਤੀ-ਜੋਤਿ ਅਸਥਾਨ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹੇ ਜਾਣ 'ਤੇ ਸਾਬਕਾ ਐਮ.ਪੀ ਡੱਲਾ ਨੇ ਕਿਹਾ ਕਿ ਇਹ ਸਿੱਖ ਸੰਗਤਾਂ ਦੀ ਪੁਰਾਣੇ ਸਮੇਂ ਤੋਂ ਲੰਬੀ ਮੰਗ ਸੀ ਕਿ ਲਾਂਘਾ ਖੁੱਲ੍ਹੇ ਅਤੇ ਉਹ ਦਰਸ਼ਨ ਕਰ ਸਕਣ। ਉਨ੍ਹਾਂ ਕਿਹਾ ਕਿ ਲਾਂਘਾ ਖੁੱਲ੍ਹਣ ਨਾਲ ਵਿਦੇਸ਼ਾਂ 'ਚ ਬੈਠੀ ਸਿੱਖ ਸੰਗਤ ਵੀ ਕਾਫ਼ੀ ਖੁਸ਼ ਹੈ ਕਿਉਂਕਿ ਜਦੋਂ ਉਹ ਪੰਜਾਬ ਆਉਣਗੇ ਤਾਂ ਇਸ ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਵੀ ਅਸਾਨੀ ਨਾਲ ਕਰ ਸਕਣਗੇ। ਉਨ੍ਹਾਂ ਕਿਹਾ ਕਿ ਕੈਨੇਡਾ 'ਚ ਖਾਸ ਕਰ ਪੰਜਾਬੀ ਵਿਦਿਆਰਥੀਆਂ ਨੂੰ ਕਈ ਵਾਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਲਈ ਉਨ੍ਹਾਂ ਇਹ ਮੁੱਦਾ ਉਠਾਇਆ ਸੀ ਕਿ ਭਾਰਤ ਸਰਕਾਰ ਉਥੇ ਸਹਾਇਤਾ ਕੇਂਦਰ ਸਥਾਪਿਤ ਕਰੇ ਤਾਂ ਜੋ ਉਨ੍ਹਾਂ ਨੂੰ ਖੱਜਲ-ਖੁਆਰ ਨਾ ਹੋਣਾ ਪਵੇ ਪਰ ਉਨ੍ਹਾਂ ਦੀ ਇਸ ਮੰਗ ਨੂੰ ਸਰਕਾਰਾਂ ਨੇ ਗੰਭੀਰਤਾ ਨਾਲ ਨਹੀਂ ਲਿਆ।