RTI ਰਾਹੀਂ ਹੋਇਆ ਵੱਡਾ ਖ਼ੁਲਾਸਾ: 100 ਤੋਂ ਪਾਰ ਪੁੱਜਾ ਪੈਟਰੋਲ-ਡੀਜ਼ਲ, 29 ਦੇਸ਼ਾਂ ਨੂੰ ਕੌਡੀਆਂ ਦੇ ਭਾਅ ਵੇਚ ਰਿਹੈ ਭਾਰਤ

Friday, Mar 05, 2021 - 04:43 PM (IST)

RTI ਰਾਹੀਂ ਹੋਇਆ ਵੱਡਾ ਖ਼ੁਲਾਸਾ: 100 ਤੋਂ ਪਾਰ ਪੁੱਜਾ ਪੈਟਰੋਲ-ਡੀਜ਼ਲ, 29 ਦੇਸ਼ਾਂ ਨੂੰ ਕੌਡੀਆਂ ਦੇ ਭਾਅ ਵੇਚ ਰਿਹੈ ਭਾਰਤ

ਫਿਲੌਰ (ਭਾਖੜੀ) : ਦੇਸ਼ ਵਿਚ ਡੀਜ਼ਲ, ਪੈਟਰੋਲ ਦੇ ਰੇਟ ਆਸਮਾਨ ਨੂੰ ਛੂਹ ਰਹੇ ਹਨ, ਜਦਕਿ ਭਾਰਤ ਦੇਸ਼ 24 ਦੇਸ਼ਾਂ ਨੂੰ ਡੀਜ਼ਲ ਅਤੇ 5 ਦੇਸ਼ਾਂ ਨੂੰ ਪੈਟਰੋਲ ਕੌਡੀਆਂ ਦੇ ਭਾਅ ਵੇਚ ਰਿਹਾ ਹੈ। ਇਹ ਖੁਲਾਸਾ ਆਰ. ਟੀ. ਆਈ. ਜ਼ਰੀਏ ਮਿਲੀ ਜਾਣਕਾਰੀ ਤੋਂ ਹੋਇਆ ਹੈ। ਜੇਕਰ ਉਸੇ ਰੇਟ ’ਚ ਤੇਲ ਸਾਡੇ ਦੇਸ਼ ਵਿਚ ਮਿਲਣਾ ਸ਼ੁਰੂ ਹੋ ਜਾਵੇ ਤਾਂ ਦੇਸ਼ ਵਾਸੀ ਖੁਸ਼ਹਾਲ ਹੋ ਜਾਣਗੇ। ਆਰ. ਟੀ. ਆਈ. ਵਰਕਰ ਪੰਜਾਬ ਰੋਹਿਤ ਸੱਭਰਵਾਲ ਨੇ ਦੱਸਿਆ ਕਿ ਦੇਸ਼ ’ਚ ਦਿਨ-ਬ-ਦਿਨ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ’ਚ ਵਾਧੇ ਕਾਰਨ ਜਨਤਾ ਵਿਚ ਹਾਹਾਕਾਰ ਮਚੀ ਹੋਈ ਹੈ। ਤੇਲ ਦੇ ਰੇਟ ਵਧਣ ਕਾਰਨ ਟ੍ਰਾਂਸਪੋਰਟੇਸ਼ਨ ਤੋਂ ਲੈ ਕੇ ਖਾਣ-ਪੀਣ ਅਤੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੇ ਰੇਟ ਵਧ ਚੁੱਕੇ ਹਨ, ਜਿਸ ਦਾ ਅਸਰ ਦੇਸ਼ ਦੀ ਅਰਥਵਿਵਸਥਾ ’ਤੇ ਵੀ ਪੈ ਰਿਹਾ ਹੈ। ਸੱਭਰਵਾਲ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਆਰ. ਟੀ. ਆਈ. ਅਧੀਨ ਦੇਸ਼ ਦੀਆਂ 3 ਵੱਡੀਆਂ ਕੰਪਨੀਆਂ ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਮੈਂਗਲੂਰ ਰਿਫਾਈਨਰੀ ਤੋਂ ਜਾਣਕਾਰੀ ਮੰਗੀ ਹੈ ਕਿ ਉਹ ਕਿੰਨੇ ਦੇਸ਼ਾਂ ਨੂੰ ਡੀਜ਼ਲ ਅਤੇ ਪੈਟਰੋਲ ਕਿੰਨੇ ਰੁਪਏ ’ਚ ਵੇਚ ਰਹੇ ਹਨ। ਜੋ ਜਾਣਕਾਰੀ ਉਨ੍ਹਾਂ ਨੂੰ ਮੁਹੱਈਆ ਕਰਵਾਈ ਗਈ ਹੈ, ਉਸ ਨੂੰ ਪੜ੍ਹ ਕੇ ਹਰ ਦੇਸ਼ ਵਾਸੀ ਹੈਰਾਨ ਰਹਿ ਜਾਵੇਗਾ ਕਿਉਂਕਿ ਜਿਸ ਪੈਟਰੋ ਪਦਾਰਥਾਂ ਦੇ ਰੇਟ ਸਾਡੇ ਦੇਸ਼ ’ਚ 100 ਰੁਪਏ ਨੂੰ ਪਾਰ ਕਰ ਚੁੱਕੇ ਹਨ ਅਤੇ ਕੁਝ ਸੂਬਿਆਂ ਵਿਚ ਪੁੱਜਣ ਵਾਲੇ ਹਨ, ਉਹੀ ਤੇਲ ਸਾਡਾ ਦੇਸ਼ ਦੂਜੇ 29 ਦੇਸ਼ਾਂ ਨੂੰ ਕੌਡੀਆ ਦੇ ਭਾਅ ਵੇਚ ਰਿਹਾ ਹੈ, ਜਦੋਂਕਿ ਭਾਰਤ ਦੇਸ਼ ਨਾ ਤਾਂ ਤੇਲ ਪੈਦਾ ਕਰਦਾ ਹੈ ਅਤੇ ਨਾ ਹੀ ਦੇਸ਼ ਵਿਚ ਅਜਿਹੇ ਕੁਰਤੀ ਸਰੋਤ ਹਨ, ਜਿਸ ਤੋਂ ਪੈਦਾ ਕੀਤਾ ਜਾ ਸਕੇ। ਉਸ ਦੇ ਬਾਵਜੂਦ ਭਾਰਤ 24 ਦੇਸ਼ਾਂ ਨੂੰ ਡੀਜ਼ਲ ਅਤੇ 5 ਦੇਸ਼ਾਂ ਨੂੰ ਪੈਟਰੋਲ ਸਸਤੇ ਰੇਟ ’ਤੇ ਵੇਚ ਰਿਹਾ ਹੈ, ਜਿਸ ਤੋਂ ਸਾਫ ਪਤਾ ਲਗਦਾ ਹੈ ਕਿ ਭਾਰਤ ਸਸਤੇ ’ਚ ਤੇਲ ਖਰੀਦ ਰਿਹਾ ਹੈ ਤਾਂ ਹੀ ਵੇਚ ਰਿਹਾ ਹੈ ਤਾਂ ਦੇਸ਼ ਵਾਸੀਆਂ ਨੂੰ ਇਹ ਤੇਲ ਸਸਤੇ ’ਚ ਕਿਉਂ ਨਹੀਂ ਮਿਲ ਰਿਹਾ?

ਇਹ ਵੀ ਪੜ੍ਹੋ : ਖਬਰ ਦਾ ਅਸਰ : ਵਿਧਾਨ ਸਭਾ ’ਚ ਗੂੰਜਿਆ ਮੋਹਾਲੀ ਹਸਪਤਾਲ ਦੀ  ਜ਼ਮੀਨ ਕਾਰਪੋਰੇਟ ਘਰਾਣੇ ਨੂੰ ਵੇਚਣ ਦਾ ਮਾਮਲਾ

ਇੰਡੀਅਨ ਆਇਲ 4 ਦੇਸ਼ਾਂ ਨੂੰ ਵੇਚ ਰਿਹੈ ਸਸਤਾ ਪੈਟਰੋਲ
ਜਾਣਕਾਰੀ ਮੁਤਾਬਕ ਭਾਰਤ ਦੀ ਪ੍ਰਮੁੱਖ ਇੰਡੀਅਨ ਆਇਲ ਕੰਪਨੀ 4 ਦੇਸ਼ਾਂ ਨੂੰ ਸਸਤੇ ਰੇਟ ’ਤੇ ਪੈਟਰੋਲ ਵੇਚ ਰਹੀ ਹੈ। ਬੰਗਲਾਦੇਸ਼ ਨੂੰ 23.16 ਰੁਪਏ, ਮਲੇਸ਼ੀਆ, 16.92 ਰੁਪਏ, ਸਿੰਗਾਪੁਰ ਨੂੰ 13.48 ਰੁਪਏ, ਜਦੋਂਕਿ ਯੂ. ਏ. ਈ. ਨੂੰ ਸਭ ਤੋਂ ਸਸਤਾ 6.15 ਪੈਸੇ ’ਚ ਵੇਚ ਰਹੀ ਹੈ।

ਇੰਡੀਅਨ ਆਇਲ ਇਨ੍ਹਾਂ ਦੇਸ਼ਾਂ ਨੂੰ ਵੇਚਦੀ ਹੈ ਸਸਤੇ ’ਚ ਡੀਜ਼ਲ
ਇੰਡੀਅਨ ਆਇਲ 11 ਦੇਸ਼ਾਂ ਨੂੰ ਸਸਤੇ ’ਚ ਡੀਜ਼ਲ ਵੇਚਦੀ ਹੈ, ਜਿਨ੍ਹਾਂ ’ਚ ਅਰਜਨਟਾਈਨਾ ਨੂੰ 21.12 ਰੁਪਏ ’ਚ, ਬੰਗਲਾਦੇਸ਼ ਨੂੰ 21.89, ਬ੍ਰਾਜ਼ੀਲ ਨੂੰ 23.41, ਈਰਾਕ ਨੂੰ 23.43, ਮਲੇਸ਼ੀਆ ਨੂੰ 32.77, ਆਸਟ੍ਰੇਲੀਆ ਨੂੰ 21.97 , ਮੋਜਾਮਿਕਊ 21.33, ਓਮਾਨ ਨੂੰ 26.44, ਫਿਲੀਪੀਨਸ ਨੂੰ 23.30, ਸਿੰਗਾਪੁਰ ਨੂੰ 22.90 ਅਤੇ ਯੂ. ਏ. ਈ. ਨੂੰ 19.18 ਰੁਪਏ ’ਚ ਵੇਚ ਰਹੀ ਹੈ।

ਇਹ ਵੀ ਪੜ੍ਹੋ : ਜਦੋਂ ਵਿਧਾਨ ਸਭਾ 'ਚ ਮਿਹਣੋ-ਮਿਹਣੀ ਹੋਏ ਵਿਧਾਇਕਾਂ ਨੂੰ ਬੋਲੇ ਸਪੀਕਰ-ਗੱਲ ਚੱਲੇਗੀ ਤਾਂ ਬਹੁਤ ਦੂਰ ਤਕ ਜਾਵੇਗੀ

ਭਾਰਤ ਪੈਟ੍ਰੋਲੀਅਮ 7 ਦੇਸ਼ਾਂ ਨੂੰ ਵੇਚਦਾ ਹੈ ਸਸਤੇ ’ਚ ਡੀਜ਼ਲ
ਦੇਸ਼ ਦੀ ਦੂਜੀ ਸਭ ਤੋਂ ਵੱਡੀ ਭਾਰਤ ਪੈਟ੍ਰੋਲੀਅਮ ਕੰਪਨੀ 7 ਦੇਸ਼ਾਂ ਨੂੰ ਸਸਤੇ ’ਚ ਡੀਜ਼ਲ ਵੇਚਦੀ ਹੈ, ਜਿਸ ’ਚ ਬੰਗਲਾ ਦੇਸ਼ ਨੂੰ 12.34 ਰੁਪਏ ’ਚ, ਬ੍ਰਾਜ਼ੀਲ ਨੂੰ 31.25, ਮਾਲਟਾ ਨੂੰ 25.94, ਮੁਜਾਂਬਿਕ 29.4, ਨੀਦਰਲੈਂਡ ਨੂੰ 12.34, ਟੋਕੀਓ ਨੂੰ 15, ਜਦੋਂਕਿ ਤੁਰਕੀ ਨੂੰ 22.22 ਰੁਪਏ ਪ੍ਰਤੀ ਲਿਟਰ ਦੇ ਹਿਸਾਬ ਨਾਲ ਡੀਜ਼ਲ ਵੇਚਿਆ ਜਾਂਦਾ ਹੈ। ਜਦੋਂ ਕਿ ਦੇਸ਼ ਦੀ ਤੀਜੀ ਸਭ ਤੋਂ ਵੱਡੀ ਕੰਪਨੀ ਮੈਂਗਲੂਰ ਰਿਫਾਈਨਰੀ ਸਿਰਫ ਇਕ ਦੇਸ਼ ਯੂ. ਏ. ਈ. ਨੂੰ 21.67 ਰੁਪਏ ਪ੍ਰਤੀ ਲਿਟਰ ਤੇਲ ਵੇਚ ਰਹੀ ਹੈ।

ਵੱਖ-ਵੱਖ ਸੂਬਿਆਂ ’ਚ ਪ੍ਰਤੀ ਲਿਟਰ ਦੇ ਹਿਸਾਬ ਨਾਲ ਤੇਲ ਦੇ ਰੇਟ
- ਰਾਜਸਥਾਨ ’ਚ ਪੈਟਰੋਲ 100.13, ਡੀਜ਼ਲ 92.13 ਰੁਪਏ
- ਪੰਜਾਬ ’ਚ ਪੈਟਰੋਲ 87.71, ਡੀਜ਼ਲ 82.43 ਰੁਪਏ
- ਹਿਮਾਚਲ ’ਚ ਪੈਟਰੋਲ 89.25, ਡੀਜ਼ਲ 87.31 ਰੁਪਏ
- ਹਰਿਆਣਾ ’ਚ ਪੈਟਰੋਲ 88.61, ਡੀਜ਼ਲ 81.58 ਰੁਪਏ
- ਕੋਲਕਾਤਾ ’ਚ ਪੈਟਰੋਲ 90.78, ਡੀਜ਼ਲ 83.54 ਰੁਪਏ।
- ਦਿੱਲੀ ’ਚ ਪੈਟਰੋਲ 89.54, ਡੀਜ਼ਲ 79.95 ਰੁਪਏ।
- ਚੰਡੀਗੜ੍ਹ ’ਚ ਪੈਟਰੋਲ 87.73, ਡੀਜ਼ਲ 81.70 ਰੁਪਏ।
- ਮੁੰਬਈ ’ਚ ਪੈਟਰੋਲ 97.57, ਡੀਜ਼ਲ 88.60 ਰੁਪਏ।

 

ਭਾਰਤ ’ਚ ਜਨਤਾ ਤੋਂ 150 ਤੋਂ 185 ਫੀਸਦੀ ਤੱਕ ਵਸੂਲਿਆ ਜਾ ਰਿਹੈ ਟੈਕਸ
ਰੋਹਿਤ ਸੱਭਰਵਾਲ ਨੇ ਕਿਹਾ ਕਿ ਦੇਸ਼ ’ਚ ਆਸਮਾਨ ਛੂਹ ਰਹੇ ਤੇਲ ਦੇ ਰੇਟਾਂ ਦੇ ਪਿੱਛੇ ਭਾਰਤ ਸਰਕਾਰ ਅਤੇ ਉਸ ਦੇ ਅਧਿਕਾਰੀ ਇਹ ਤਰਕ ਦੇ ਰਹੇ ਹਨ ਕਿ ਟੈਕਸ ਲਗਾਉਣ ਕਾਰਨ ਰੇਟ ਵਧਾਏ ਗਏ ਹਨ ਅਤੇ ਇਸ ’ਤੇ 150 ਫੀਸਦੀ ਤੋਂ ਲੈ ਕੇ 185 ਫੀਸਦੀ ਤੱਕ ਟੈਕਸ ਵਸੂਲੇ ਜਾ ਰਹੇ ਹਨ। ਜਿਸ ਗੱਡੀ ਦੀ ਟੈਂਕੀ 600 ਰੁਪਏ ’ਚ ਫੁਲ ਹੋ ਸਕਦੀ ਹੈ, ਉਸ ਨੂੰ ਦੇਸ਼ ਵਾਸੀ 3000 ਰੁਪਏ ਵਿਚ ਫੁਲ ਕਰਵਾ ਰਹੇ ਹਨ, ਜੋ ਦੇਸ਼ ਵਾਸੀਆਂ ਦੇ ਨਾ ਇਕ ਭੱਦਾ ਮਜ਼ਾਕ ਹੈ, ਜਿਸ ਦਾ ਅਸਰ ਹੁਣ ਦੇਸ਼ ਦੀ ਅਰਥ ਵਿਵਸਥਾ ’ਤੇ ਵੀ ਪੈ ਰਿਹਾ ਹੈ।

ਇਹ ਵੀ ਪੜ੍ਹੋ : ‘ਉਮੀਦ ਤੋਂ ਬਿਹਤਰ ਹੁੰਗਾਰਾ : 1530 ਸੀਨੀਅਰ ਸਿਟੀਜਨਜ਼ ਨੇ ਲਗਵਾਈ ਵੈਕਸੀਨ’

 


author

Anuradha

Content Editor

Related News