ਆਰ. ਐੱਸ. ਐੱਸ. ਵਲੋਂ ਬੱਚਿਆਂ ਨੂੰ ਹਥਿਆਰਾਂ ਦੇ ਟ੍ਰੇਨਿੰਗ ਦੇਣ ''ਤੇ ਪੰਜੋਲੀ ਨੇ ਚੁੱਕੇ ਸਵਾਲ
Wednesday, Jan 22, 2020 - 05:18 PM (IST)
ਸ੍ਰੀ ਫਤਹਿਗੜ੍ਹ ਸਾਹਿਬ (ਵਿਪਨ ਬੀਜਾ) : ਦਿੱਲੀ ਵਿਚ ਭਾਜਪਾ ਅਤੇ ਅਕਾਲੀ ਦਲ ਦੇ ਟੁੱਟੇ ਗਠਜੋੜ ਦਾ ਅਸਰ ਪੰਜਾਬ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦੇ ਚੱਲਦਿਆਂ ਪੰਜਾਬ ਦੇ ਆਗੂਆਂ ਨੇ ਹੁਣ ਆਰ. ਐੱਸ. ਐਸ. ਨੂੰ ਵੀ ਆਪਣੇ ਨਿਸ਼ਾਨੇ 'ਤੇ ਲੈ ਲਿਆ ਹੈ। ਆਰ. ਐੱਸ. ਐਸ . ਦੀਆਂ ਗਤੀਵਿਧੀਆਂ 'ਤੇ ਵੀ ਸਵਾਲ ਚੁੱਕਦਿਆਂ ਐੱਸ. ਜੀ. ਪੀ. ਸੀ. ਮੈਂਬਰ ਕਰਨੈਲ ਸਿੰਘ ਪੰਜੌਲੀ ਨੇ ਪ੍ਰੈੱਸ ਕਾਨਫਰੰਸ ਕਰਕੇ ਕੁਝ ਤਸਵੀਰਾਂ ਮੀਡੀਆ ਨਾਲ ਸਾਂਝੀਆਂ ਕੀਤੀਆਂ ਜਿੰਨ੍ਹਾਂ 'ਚ ਆਰ. ਐੱਸ. ਐੱਸ. ਵੱਲੋਂ ਛੋਟੇ ਬੱਚਿਆਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਹਥਿਆਰਾਂ ਦੀ ਪੂਜਾ ਕਰ ਰਹੇ ਹਨ।
ਇੰਨ੍ਹਾਂ ਤਸਵੀਰਾਂ 'ਤੇ ਸਵਾਲ ਖੜ੍ਹੇ ਕਰਦਿਆਂ ਪੰਜੋਲੀ ਨੇ ਕਿਹਾ ਕਿ ਇਸ ਤਰ੍ਹਾਂ ਆਰ. ਐੱਸ. ਐੱਸ. ਦੀਆਂ ਇੰਨ੍ਹਾਂ ਗਤੀਵਿਧੀਆਂ ਨਾਲ ਘੱਟ ਗਿਣਤੀ ਲੋਕਾਂ 'ਚ ਡਰ ਪੈਦਾ ਹੋ ਰਿਹਾ ਹੈ। ਇਸ ਮੌਕੇ ਪੰਜੌਲੀ ਨੇ ਆਰ. ਐੱਸ. ਐੱਸ. 'ਤੇ ਫ਼ੌਰੀ 'ਤੋਰ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਪੰਜੌਲੀ ਨੇ ਦਵਿੰਦਰ ਪਾਲ ਭੁੱਲਰ ਦੀ ਫ਼ਾਂਸੀ ਦੀ ਸਜ਼ਾ ਮੁਆਫ਼ੀ ਰੱਦ ਕੀਤੇ ਜਾਣ ਨੂੰ ਲੈ ਕੇ ਐੱਸ. ਜੀ. ਪੀ. ਸੀ. ਦੇ ਖ਼ਰਚੇ 'ਤੇ ਵਕੀਲ ਦੇਣ ਦੀ ਗੱਲ ਵੀ ਆਖੀ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਤੇ ਗੁਰਦੁਆਰਾ ਸਾਹਿਬਾਨ ਖਿਲਾਫ ਸੋਸ਼ਲ ਮੀਡੀਆਂ 'ਤੇ ਪ੍ਰਚਾਰ ਨਾ ਕੀਤੇ ਜਾਣ ਦੀ ਅਪੀਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਰਬੱਤ ਦੇ ਭਲੇ ਲਈ ਵੱਡੇ ਕਾਰਜ ਕਰ ਰਹੀ ਹੈ। ਜਿਸ ਤਹਿਤ ਕੈਂਸਰ ਪੀੜਤਾਂ ਨੂੰ 12 ਕਰੋੜ ਤੋਂ ਵੱਧ ਰਾਸ਼ੀ ਦੀ ਮਦਦ ਕੀਤੀ ਜਾ ਚੁੱਕੀ ਹੈ।