ਧੋਖੇ ਨਾਲ ਖਾਤੇ ''ਚੋਂ ਕਢਵਾਏ 8 ਲੱਖ ਰੁਪਏ
Sunday, Jul 23, 2017 - 12:23 AM (IST)
ਨੂਰਪੁਰਬੇਦੀ, (ਭੰਡਾਰੀ)- ਨਜ਼ਦੀਕੀ ਪਿੰਡ ਮੁਕਾਰੀ ਦੇ ਇਕ ਸੇਵਾਮੁਕਤ ਲਾਈਨਮੈਨ ਦੇ ਬੈਂਕ ਖਾਤੇ 'ਚੋਂ ਅਣਜਾਣ ਠੱਗਾਂ ਵੱਲੋਂ 8 ਲੱਖ ਰੁਪਏ ਦੀ ਰਾਸ਼ੀ ਕਢਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਠੱਗੀ ਦੇ ਸ਼ਿਕਾਰ ਹੋਏ ਸੇਵਾਮੁਕਤ ਲਾਈਨਮੈਨ ਗੁਰਦੇਵ ਸਿੰਘ ਸਪੁੱਤਰ ਹਾਕੋ ਰਾਮ ਵਾਸੀ ਮੁਕਾਰੀ ਨੇ ਦੱਸਿਆ ਕਿ ਉਸਦਾ ਨੂਰਪੁਰਬੇਦੀ ਸਥਿਤ ਸਟੇਟ ਬੈਂਕ ਆਫ ਪਟਿਆਲਾ (ਹੁਣ ਸਟੇਟ ਬੈਂਕ ਆਫ ਇੰਡੀਆ) ਵਿਖੇ ਖਾਤਾ ਚੱਲ ਰਿਹਾ ਹੈ ਤੇ ਜਿਸ ਵਿੱਚੋਂ ਪਿਛਲੇ 3 ਮਹੀਨਿਆਂ 'ਚ ਇਕ ਅਣਜਾਣ ਠੱਗ ਵੱਲੋਂ ਕਰੀਬ 8 ਲੱਖ ਰੁਪਏ ਦੀ ਰਾਸ਼ੀ ਕਢਵਾਈ ਗਈ। ਇਸ ਸਬੰਧੀ ਉਸਨੂੰ ਉਦੋਂ ਪਤਾ ਲੱਗਾ ਜਦੋਂ ਉਹ ਬੀਤੀ 5 ਜੁਲਾਈ ਨੂੰ ਬੈਂਕ 'ਚ ਆਪਣੇ ਬੈਂਕ ਖਾਤੇ ਦੀ ਪਾਸਬੁੱਕ 'ਚ ਲੈਣ-ਦੇਣ ਦੀਆਂ ਐਂਟਰੀਆਂ ਕਰਵਾਉਣ ਲਈ ਗਿਆ। ਉਸਨੇ ਬੈਂਕ ਖਾਤੇ ਦੀ ਡਿਟੇਲ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਸਭ ਤੋਂ ਪਹਿਲਾਂ ਉਸਦੇ ਖਾਤੇ 'ਚੋਂ ਕਿਸੇ ਵਿਅਕਤੀ ਵੱਲੋਂ ਮਿਤੀ 21-4-2017 ਨੂੰ ਵੱਖ-ਵੱਖ ਥਾਵਾਂ ਤੋਂ ਏ. ਟੀ. ਐੱਮ. ਰਾਹੀਂ ਕਰੀਬ 1 ਲੱਖ 20 ਹਜ਼ਾਰ ਰੁਪਏ ਪੰਜ ਟ੍ਰਾਂਜ਼ੈਕਸ਼ਨਾਂ ਰਾਹੀਂ ਕਢਵਾਏ ਗਏ ਤੇ 22-4-2017 ਨੂੰ ਉਸਦੇ ਖਾਤੇ 'ਚੋਂ 40 ਹਜ਼ਾਰ ਰੁਪਏ ਕਿਸੇ ਰਾਮ ਕੁਮਾਰ ਪੁੱਤਰ ਬਲਵਿੰਦਰ ਸਿੰਘ ਵਾਸੀ ਸਜਮੋਰ (ਗੰਗੂਵਾਲ) ਜਿਸਦਾ ਇਕ ਸਕੂਲ ਸਮੇਂ ਤੋਂ ਆਨੰਦਪੁਰ ਸਾਹਿਬ ਵਿਖੇ ਵਜ਼ੀਫਾ ਖਾਤਾ ਚੱਲ ਰਿਹਾ ਹੈ, 'ਚ ਟ੍ਰਾਂਸਫਰ ਕੀਤੇ ਗਏ। ਉਸੇ ਦਿਨ 20 ਹਜ਼ਾਰ ਦੀ ਰਾਸ਼ੀ 2 ਵਾਰ ਏ. ਟੀ. ਐੱਮ. ਰਾਹੀਂ ਵੀ ਕਢਵਾਈ ਗਈ। ਇਸ ਤਰ੍ਹਾਂ ਵਾਰੀ-ਵਾਰੀ ਕਰ ਕੇ ਕੁੱਲ 8 ਲੱਖ ਰੁਪਏ ਦੀ ਰਾਸ਼ੀ ਮੇਰੇ ਖਾਤੇ 'ਚੋਂ ਧੋਖੇ ਨਾਲ ਕਢਵਾ ਲਈ। ਉਸਨੇ ਦੱਸਿਆ ਕਿ ਟ੍ਰਾਂਜ਼ੈਕਸ਼ਨਾਂ ਦੇ ਲਗਾਤਾਰ ਉਸ ਨੂੰ ਐੱਸ. ਐੱਮ. ਐੱਸ. ਅਲਰਟ ਵੀ ਆਉਂਦੇ ਰਹੇ ਪਰ ਉਸਨੂੰ ਮੈਸੇਜ ਪੜ੍ਹਨਾ ਨਹੀਂ ਆਉਂਦਾ। ਥਾਣਾ ਮੁਖੀ ਕੁਲਵੀਰ ਸਿੰਘ ਸੰਧੂ ਨੇ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਤੇ ਜਲਦ ਹੀ ਮਾਮਲਾ ਟ੍ਰੇਸ ਕਰ ਕੇ ਕਥਿਤ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
