ਲੁਧਿਆਣਾ ''ਚ ਵਪਾਰੀ ਦੇ ਦਫਤਰ ਤੋਂ ਦਿਨ-ਦਿਹਾੜੇ ਲੁੱਟੇ 6.72 ਲੱਖ ਰੁਪਏ

Saturday, Jun 13, 2020 - 12:41 AM (IST)

ਲੁਧਿਆਣਾ (ਰਿਸ਼ੀ)- ਗਿੱਲ ਰੋਡ 'ਤੇ ਦੁਪਹਿਰ ਲਗਭਗ 1.45 ਵਜੇ 2 ਬਾਈਕਾਂ 'ਤੇ ਹੈਲਮਟ ਤੇ ਟੋਪੀ ਪਹਿਨ ਕੇ ਆਏ 4 ਲੁਟੇਰਿਆਂ ਨੇ ਗੰਨ ਪੁਆਇੰਟ 'ਤੇ ਏ.ਐੱਸ. ਅਲੋਏ ਦੇ ਦਫਤਰ ਵਿਚ ਬੈਠੇ ਵਰਕਰਾਂ ਨੂੰ ਬੰਧਕ ਬਣਾਇਆ ਤੇ 10 ਮਿੰਟ ਵਿਚ 6.72 ਲੱਖ ਦੀ ਨਕਦੀ ਲੁੱਟ ਕੇ ਲੈ ਗਏ। ਲੁਟੇਰਿਆਂ ਵੱਲੋਂ ਕੋਰੀਅਰ ਕੰਪਨੀ ਦਾ ਡਲੀਵਰੀ ਮੈਨ ਬਣ ਕੇ ਦਫਤਰ ਦਾ ਮੇਨ ਦਰਵਾਜ਼ਾ ਖੁੱਲ੍ਹਵਾਇਆ ਗਿਆ। ਘਟਨਾ ਦਾ ਪਤਾ ਲੱਗਦੇ ਹੀ ਮੌਕੇ 'ਤੇ ਪੁੱਜੇ ਡੀ.ਸੀ.ਪੀ. ਸਿਮਰਤਪਾਲ ਸਿੰਘ, ਏ.ਡੀ.ਸੀ.ਪੀ-2 ਜਸਕਰਨ ਸਿੰਘ ਤੇਜਾ, ਏ.ਸੀ.ਪੀ. ਸੰਦੀਪ ਵਡੇਰਾ, ਐੱਸ.ਐੱਚ.ਓ. ਇੰਸਪੈਕਟਰ ਅਮਰਜੀਤ ਦੀਆਂ ਟੀਮਾਂ ਜਾਂਚ ਵਿਚ ਲੱਗ ਗਈਆਂ। 

ਪੁਲਸ ਮੁਤਾਬਕ ਮਾਡਲ ਟਾਊਨ ਦੇ ਰਹਿਣ ਵਾਲੇ ਹੈਪੀ ਗੁਪਤਾ ਦੀ ਸਟੀਲ ਦੀਆਂ ਫੋਕਲ ਪੁਆਇੰਟ ਵਿਚ ਫੈਕਟਰੀਆਂ ਹਨ। ਉਸ ਦਾ ਗਿੱਲ ਰੋਡ 'ਤੇ ਦਫਤਰ ਹੈ, ਜਿੱਥੇ ਪੈਸੇ ਦਾ ਲੈਣ-ਦੇਣ ਹੁੰਦਾ ਹੈ। ਸ਼ੁੱਕਰਵਾਰ ਨੂੰ ਮੈਨੇਜਰ ਜਗਵੰਤ ਸਿੰਘ ਤੇ ਨੇਪਾਲੀ ਨੌਕਰ ਦੁਰਗਾ ਪ੍ਰਸ਼ਾਦ ਉੱਥੇ ਮੌਜੂਦ ਸਨ। ਲਗਭਗ 1.30 ਵਜੇ ਫੋਕਲ ਪੁਆਇੰਟ ਸਥਿਤ ਟਰੱਸਟ ਸਪੋਰਟ ਸਿਸਟਮ ਦਾ ਵਰਕਰ ਨਿਰਮਲ ਸਿੰਘ 5 ਲੱਖ ਦੀ ਅਦਾਇਗੀ ਦੇਣ ਆਇਆ ਸੀ, ਜਿਸ ਤੋਂ 10 ਮਿੰਟਾਂ ਬਾਅਦ ਹੀ ਲੁਟੇਰੇ ਵਾਰਦਾਤ ਕਰਨ ਪੁੱਜ ਗਏ। ਪੁਲਸ ਨੇ ਨਿਰਮਲ ਦੇ ਬਿਆਨ 'ਤੇ ਹੀ ਕੇਸ ਦਰਜ ਕਰ ਲਿਆ ਹੈ। 

ਪੁਲਸ ਨੂੰ ਦਿੱਤੇ ਬਿਆਨ ਵਿਚ ਉਸ ਨੇ ਦੱਸਿਆ ਕਿ ਪਹਿਲਾਂ ਇਕ ਲੁਟੇਰਾ ਹੈਲਮਟ ਪਾ ਕੇ ਆਇਆ ਜਿਸ ਨੇ ਬੈੱਲ ਵਜਾਈ, ਗੁੰਮਰਾਹ ਕਰਨ ਲਈ ਉਸ ਨੇ ਬੈਗ ਟੰਗਿਆ ਹੋਇਆ ਸੀ ਅਤੇ ਹੱਥ ਵਿਚ ਕੋਰੀਅਰ ਫੜਿਆ ਹੋਇਆ ਸੀ। ਦੁਰਗਾ ਪ੍ਰਸ਼ਾਦ ਦੇ ਗੇਟ ਖੋਲ੍ਹਦੇ ਹੀ ਅੰਦਰ ਆਇਆ, ਜਿਸ ਤੋਂ ਕੁਝ ਸੈਕਿੰਟ ਬਾਅਦ ਦੂਜਾ ਅਤੇ ਫਿਰ 2 ਲੁਟੇਰੇ ਇਕੱਠੇ ਅੰਦਰ ਦਾਖਲ ਹੋਏ ਜਿਨ੍ਹਾਂ ਦੇ ਕੋਲ ਇਕ ਦਾਤ ਅਤੇ ਰਿਵਾਲਵਰ ਸੀ। ਨਿਰਮਲ ਨੇ ਲੁਟੇਰੇ ਦੇਖ ਕੇ ਨਕਦੀ ਆਪਣੀ ਕੁਰਸੀ ਦੇ ਥੱਲੇ ਲੁਕੋ ਲਈ। ਲੁਟੇਰਿਆਂ ਨੇ ਪਹਿਲਾਂ ਗੱਲੇ 'ਚੋਂ 1.73 ਲੱਖ ਲੁੱਟੇ ਤੇ ਜਾਂਦੇ ਸਮੇਂ ਅਚਾਨਕ ਧਿਆਨ ਕੁਰਸੀ ਵੱਲ ਪੈ ਗਿਆ ਅਤੇ ਨਕਦੀ ਚੁੱਕ ਲਈ। 

ਪੁਲਸ ਦੇ ਮੁਤਾਬਕ ਲੁਟੇਰਿਆਂ ਨਾਲ ਲਿਆਂਦੇ ਨਾਲੇ ਨਾਲ ਸਾਰਿਆਂ ਨੂੰ ਬੰਨ੍ਹ ਕੇ ਫਰਾਰ ਹੋ ਗਏ। ਦਫਤਰ ਵਿਚ ਸਾਇਰਨ ਲੱਗੇ ਹੋਣ ਦੇ ਬਾਵਜੂਦ ਕਿਸੇ ਨੇ ਯੂਜ਼ ਕਰਨ ਦੀ ਹਿੰਮਤ ਨਾ ਦਿਖਾਈ। ਨਾਲ ਹੀ ਦਫਤਰ ਦਾ ਦਰਵਾਜ਼ਾ ਸਿਰਫ ਅੰਦਰੋਂ ਬੰਦ-ਖੁੱਲ੍ਹਣ ਦੇ ਚਲਦੇ ਖੁੱਲ੍ਹਾ ਛੱਡ ਦਿੱਤਾ ਅਤੇ ਕਿਸੇ ਦਾ ਮੋਬਾਇਲ ਫੋਨ ਵੀ ਨਾਲ ਨਹੀਂ ਲੈ ਕੇ ਗਏ। 

ਗਿੱਲ ਰੋਡ ਤੋਂ ਆਏ ਧੁਰੀ ਲਾਈਨ ਵੱਲ ਭੱਜੇ 
ਸਮਾਰਟ ਸਿਟੀ ਦੇ ਕੈਮਰੇ ਚੈੱਕ ਕਰਨ 'ਤੇ ਪਤਾ ਲੱਗਾ ਕਿ ਲੁਟੇਰੇ ਗਿੱਲ ਰੋਡ ਵੱਲੋਂ ਆਏ ਅਤੇ ਧੂਰੀ ਲਾਈਨ ਵੱਲ ਭੱਜੇ ਹਨ। ਦੋਵੇਂ ਬਾਈਕਾਂ 'ਤੇ ਨੰਬਰ ਪਲੇਟਾਂ ਤਾਂ ਲੱਗੀਆਂ ਹੋਈਆਂ ਹਨ ਪਰ ਕੱਪੜਿਆਂ ਨਾਲ ਢੱਕੀਆਂ ਹੋਈਆਂ ਸਨ। ਨਾਲ ਹੀ ਦਫਤਰ ਵਿਚ ਵੀ ਕੈਮਰੇ ਲੱਗੇ ਹੋਏ ਹਨ, ਜਿਸ ਦਾ ਡੀ.ਵੀ.ਆਰ. ਪੁਲਸ ਵੱਲੋਂ ਕਬਜ਼ੇ ਵਿਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।


Baljit Singh

Content Editor

Related News