ਫੌਜੀ ਦੇ ਬੈਂਕ ਖਾਤੇ ਵਿਚੋਂ 44900 ਰੁਪਏ ਗਾਇਬ

06/30/2017 3:14:49 AM

ਰਈਆ,   (ਦਿਨੇਸ਼) -ਦੇਸ਼ ਦੀ ਸਰਹੱਦ 'ਤੇ ਦਿਨ-ਰਾਤ ਪਹਿਰਾ ਦਿੰਦੇ ਹੋਏ ਦੇਸ਼ ਦੀ ਰਾਖੀ ਕਰਨ ਵਾਲੇ ਇਕ ਫੌਜੀ ਜਵਾਨ ਦੇ ਖਾਤੇ ਵਿਚੋਂ ਉਸ ਦੇ ਖੂਨ-ਪਸੀਨੇ ਨਾਲ ਕਮਾਏ 44900 ਰੁਪਏ ਬੈਂਕ ਖਾਤੇ ਵਿਚੋਂ ਨਿਕਲ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਭਾਰਤੀ ਸੈਨਾ ਵਿਚ ਬਤੌਰ ਹਵਾਲਦਾਰ ਨੌਕਰੀ ਕਰਦੇ ਸ. ਰਛਪਾਲ ਸਿੰਘ ਦੇ ਪਿਤਾ ਗੁਰਮੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਦੀ ਡਿਊਟੀ ਲੇਹ-ਲੱਦਾਖ ਵਿਖੇ ਹੈ ਤੇ ਉਸ ਦਾ ਖਾਤਾ ਸਟੇਟ ਬੈਂਕ ਆਫ ਇੰਡੀਆ ਦੀ ਰਈਆ ਸ਼ਾਖਾ ਵਿਚ ਹੈ ਤੇ ਇਸ ਖਾਤੇ ਦਾ ਇਕ ਏ. ਟੀ. ਐੱਮ. ਉਨ੍ਹਾਂ ਦੇ ਲੜਕੇ ਰਛਪਾਲ ਸਿੰਘ ਕੋਲ ਤੇ ਦੂਸਰਾ ਏ. ਟੀ. ਐੱਮ. ਉਨ੍ਹਾਂ ਦੇ ਕੋਲ ਰਹਿੰਦੀ ਉਨ੍ਹਾਂ ਦੀ ਨੂੰਹ ਜਸਬੀਰ ਕੌਰ ਕੋਲ ਹੈ । ਉਨ੍ਹਾਂ ਦੱਸਿਆ ਕਿ ਬੀਤੀ 13 ਜੂਨ ਨੂੰ ਉਨ੍ਹਾਂ ਦੀ ਨੂੰਹ ਜਸਬੀਰ ਕੌਰ ਨੇ ਬੈਂਕ ਦੇ ਏ. ਟੀ. ਐੱਮ. ਤੋਂ ਖੁਦ ਜਾ ਕੇ 10 ਹਜ਼ਾਰ ਰੁਪਏ ਕਢਵਾਏ ਤਾਂ ਉਸ ਸਮੇਂ ਉਨ੍ਹਾਂ ਦੇ ਖਾਤੇ ਵਿਚ ਬਾਕੀ 44912 ਰੁਪਏ ਬਕਾਇਆ ਰਾਸ਼ੀ ਸੀ ਤੇ 20 ਜੂਨ ਨੂੰ ਘਰ ਵਰਤੋਂ ਲਈ ਜਦੋਂ ਜਸਬੀਰ ਕੌਰ ਦੁਬਾਰਾ ਏ. ਟੀ. ਐੱਮ. ਤੋਂ ਪੈਸੇ ਕਢਵਾਉਣ ਗਈ ਤਾਂ ਏ. ਟੀ. ਐੱਮ. ਆਪਰੇਟ ਕਰਨ ਤੇ ਮਸ਼ੀਨ ਵਿਚੋਂ ਕੇਵਲ 12 ਰੁਪਏ ਬਕਾਇਆ ਰਾਸ਼ੀ ਦੀ ਸਲਿੱਪ ਬਾਹਰ ਆਈ। ਜਦੋਂ ਉਨ੍ਹਾਂ ਇਸ ਬਾਰੇ ਬੈਂਕ ਤੋਂ ਪੁੱਛਗਿੱਛ ਕੀਤੀ ਤਾਂ ਬੈਂਕ ਮੈਨੇਜਰ ਸ਼੍ਰੀ ਨਰਿੰਦਰ ਢੀਂਗਰਾ ਨੇ ਦੱਸਿਆ ਕਿ 13 ਜੂਨ ਨੂੰ ਇਕ ਵਾਰੀ 10 ਹਜਾਰ ਤੇ ਦੂਜੀ ਵਾਰੀ 5900 ਅਤੇ 14 ਜੂਨ ਨੂੰ ਫਿਰ ਦੋ ਵਾਰੀ 10-10 ਹਜ਼ਾਰ ਤੇ ਤੀਜੀ ਵਾਰੀ 9 ਹਜ਼ਾਰ ਰੁਪਏ ਭਾਵ ਦੋ ਦਿਨਾਂ ਵਿਚ 44900 ਰੁਪਏ ਨਿਕਲ ਗਏ ਹਨ । ਸ. ਗੁਰਮੇਜ ਸਿੰਘ ਨੇ ਦੱਸਿਆ ਕਿ ਬੈਂਕ ਦੇ ਮੈਨੇਜਰ ਸ਼੍ਰੀ ਨਰਿੰਦਰ ਢੀਂਗਰਾ ਨੇ ਆਪਣੇ ਹੈੱਡ ਆਫਿਸ ਨੂੰ ਈਮੇਲ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ. ਗੁਰਮੇਜ ਸਿੰਘ ਨੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਸਾਡਾ ਸਾਥ ਦਿੰਦੇ ਹੋਏ ਮੇਰੇ ਲੜਕੇ ਦੇ ਖੂਨ-ਪਸੀਨੇ ਦੀ ਇਸ ਕਮਾਈ ਦਾ ਜਲਦੀ ਤੋਂ ਜਲਦੀ ਪਤਾ ਲਾਵੇ । ਇਸ ਬਾਰੇ ਪੁਲਿਸ ਚੌਕੀ ਰਈਆ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ।


Related News