ਨੇਪਾਲ ਤੋਂ ਨੌਕਰੀ ਦੀ ਭਾਲ 'ਚ ਆਏ ਬਹਾਦਰ ਨਾਲ ਵਾਪਰੀ ਘਟਨਾ, ਬੇਹੋਸ਼ੀ ਦੀ ਹਾਲਤ 'ਚ ਕੂੜੇ ਦੇ ਢੇਰ 'ਤੇ ਸੁੱਟਿਆ

Wednesday, Jun 01, 2022 - 02:03 PM (IST)

ਲੁਧਿਆਣਾ(ਰਾਮ/ਮੁਕੇਸ਼): ਨੇਪਾਲ ਤੋਂ ਨੌਕਰੀ ਦੀ ਭਾਲ ’ਚ ਆਏ ਬਹਾਦਰ ਤੋਂ ਹਜ਼ਾਰਾਂ ਦੀ ਨਕਦੀ, ਮੋਬਾਇਲ ਤੇ ਘੜੀ ਲੁੱਟਣ ਮਗਰੋਂ ਲੁਟੇਰੇ ਉਸ ਨੂੰ ਜ਼ਖਮੀ ਹਾਲਤ ’ਚ ਕੂੜੇ ਦੇ ਢੇਰ ’ਤੇ ਸੁੱਟ ਕੇ ਫਰਾਰ ਹੋ ਗਏ। ਲੁੱਟ ਦਾ ਸ਼ਿਕਾਰ ਹੋਏ ਪ੍ਰੇਮ ਬਹਾਦਰ ਨੇ ਦੱਸਿਆ ਕਿ ਉਹ ਕੰਮ ਦੀ ਭਾਲ ’ਚ ਨੇਪਾਲ ਤੋਂ ਲੁਧਿਆਣਾ ਆਇਆ ਸੀ। ਬੀਤੇ ਦਿਨੀਂ ਉਹ ਫਿਰੋਜ਼ਪੁਰ ਰੋਡ ’ਤੇ ਹੋਟਲ ’ਚ ਇੰਟਰਵਿਊ ਦੇਣ ਮਗਰੋਂ ਵਾਪਸ ਆ ਰਿਹਾ ਸੀ। ਇਸ ਦੌਰਾਨ ਉਸ ਨੇ ਚੀਮਾ ਚੌਕ ਵਿਖੇ ਆ ਕੇ ਇਕ ਦੁਕਾਨ ਤੋਂ ਸਮਾਨ ਖਰੀਦਿਆ। ਜਿਸ ਤੋਂ ਬਾਅਦ ਦੁਕਾਨਦਾਰ ਨੇ ਬਹਾਦਰ ਦੇ ਅੱਗੇ ਜਾਣ ਲਈ ਫੋਨ ਕਰ ਕੇ ਆਟੋ ਵਾਲੇ ਨੂੰ ਬੁਲਾਇਆ, ਜਦੋਂ ਉਹ ਆਟੋ ’ਚ ਸਵਾਰ ਹੋ ਗਿਆ ਤਾਂ ਹੋਰ ਦੋ ਤਿੰਨ ਨੌਜਵਾਨ ਉਸ ਨਾਲ ਆਟੋ ’ਚ ਸਵਾਰ ਹੋ ਗਏ।
ਆਟੋ ਦੇ ਥੋੜ੍ਹੀ ਦੂਰ ਜਾਣ ਮਗਰੋਂ ਆਟੋ 'ਚ ਸਵਾਰ ਨੌਜਵਾਨ ਲੁਟੇਰਿਆਂ ਨੇ ਉਸ ਤੋਂ ਮੋਬਾਇਲ, ਨਕਦੀ ਤੇ ਘੜੀ ਖੋਹਣੀ ਸ਼ੁਰੂ ਕਰ ਦਿੱਤੀ। ਉਸ ਨੇ ਜਦੋਂ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਸ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਬਹਾਦਰ ਨੇ ਦੱਸਿਆ ਕਿ ਲੁਟੇਰਿਆਂ ਨੇ ਉਸ ਨੂੰ ਕੋਈ ਚੀਜ਼ ਸੁੰਘਾ ਦਿੱਤੀ ਤੇ ਉਹ ਬੇਹੋਸ਼ ਹੋ ਗਿਆ। ਜਿਸ ਤੋਂ ਬਾਅਦ ਲੁਟੇਰਿਆ ਨੇ 40 ਹਜ਼ਾਰ ਦੀ ਨਕਦੀ, ਮੋਬਾਇਲ ਅਤੇ ਘੜੀ ਲੁੱਟ ਲਈ ਅਤੇ ਉਸ ਨੂੰ ਕੂੜੇ ਦੇ ਢੇਰ ’ਤੇ ਸੁੱਟ ਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ- ਬੱਚੇ ਨੂੰ ਜਨਮ ਦੇਣ ਮਗਰੋਂ ਪਤਨੀ ਹੋਈ ਦਿਵਿਆਂਗ, ਲਾਚਾਰੀ ਦਾ ਫ਼ਾਇਦਾ ਉਠਾ ਪਤੀ ਨੇ ਚੁੱਕਿਆ ਹੈਰਾਨੀਜਨਕ ਕਦਮ

ਹੋਸ਼ ਆਉਣ ’ਤੇ ਕੁਝ ਲੋਕਾਂ ਨੇ ਉਸ ਦੀ ਮਦਦ ਕੀਤੀ ਤੇ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ। ਬਹਾਦਰ ਨੇ ਦੱਸਿਆ ਕਿ ਲੁੱਟ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਉਸ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਢੋਲੇਵਾਲ ਪੁਲਸ ਥਾਣੇ ਵਾਲੇ ਕਹਿੰਦੇ ਰਹੇ ਸਾਡੀ ਹੱਦ ਨਹੀਂ ਹੈ ਅਤੇ ਮੋਤੀ ਨਗਰ ਵਾਲੇ ਕਹਿੰਦੇ ਰਹੇ ਸਾਡੀ ਨਹੀਂ। ਅਖੀਰ ਮੋਤੀ ਨਗਰ ਥਾਣੇ ਵਲੋਂ ਸ਼ਿਕਾਇਤ ਦਰਜ ਕੀਤੀ ਗਈ।

ਇਹ ਵੀ ਪੜ੍ਹੋ- ਸਰਕਾਰੀ ਬੱਸ ਦੀ ਫੇਟ ਵੱਜਣ ਕਾਰਨ ਪੈਦਲ ਜਾਂਦੇ ਨੌਜਵਾਨ ਦੀ ਦਰਦਨਾਕ ਮੌਤ

ਪ੍ਰੇਮ ਨੇ ਸ਼ੱਕ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਪਿੱਛੇ ਉਸ ਦੁਕਾਨਦਾਰ ਦਾ ਹੱਥ ਹੈ ਜਿੱਥੋ ਉਸ ਨੇ ਸਮਾਨ ਖਰੀਦਿਆ ਸੀ।ਬਹਾਦਰ ਨੇ ਦੱਸਿਆ ਕਿ ਦੁਕਾਨਦਾਰ ਨੇ ਹੀ ਫੋਨ ਕਰ ਕੇ ਆਟੋ ਵਾਲੇ ਨੂੰ ਸੱਦਿਆ ਸੀ। ਮੋਤੀ ਨਗਰ ਪੁਲਸ ਥਾਣੇ ਦੇ ਆਈ. ਓ. ਵਿਪਨ ਕੁਮਾਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਮੌਕੇ 'ਤੇ ਜਾ ਕੇ ਦੁਕਾਨਦਾਰ ਨੂੰ ਕਾਬੂ ਕਰਨ ਦੀ ਵੀ ਕੋਸ਼ਿਸ਼ ਕੀਤਾ ਪਰ ਦੁਕਾਨ ਬੰਦ ਹੋਣ ਕਾਰਨ ਉਹ ਪੁਲਸ ਦੇ ਹੱਥ ਨਹੀਂ ਆਇਆ। ਪੁਲਸ ਨੇ ਕਿਹਾ ਕਿ ਇਸ ਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Harnek Seechewal

Content Editor

Related News