RPG ਹਮਲੇ ਦੇ ਮੁਲਜ਼ਮ ਤੋਂ ਪੁੱਛਗਿੱਛ ਦੇ ਆਧਾਰ ’ਤੇ AK-56 ਰਾਈਫ਼ਲ ਬਰਾਮਦ, 2 ਪਨਾਹਗ਼ਾਰਾਂ ਨੂੰ ਵੀ ਕੀਤਾ ਗ੍ਰਿਫ਼ਤਾਰ
Sunday, Oct 23, 2022 - 12:51 PM (IST)
ਚੰਡੀਗੜ੍ਹ (ਰਮਨਜੀਤ ਸਿੰਘ) : ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰ. ਪੀ. ਜੀ.) ਹਮਲੇ ਦੇ ਮੁੱਖ ਮੁਲਜ਼ਮ ਚੜ੍ਹਤ ਸਿੰਘ ਨੂੰ ਮੁੰਬਈ ਤੋਂ ਗ੍ਰਿਫ਼ਤਾਰ ਕਰਨ ਤੋਂ ਕੁਝ ਹੀ ਸਮੇਂ ਬਾਅਦ ਪੰਜਾਬ ਪੁਲਸ ਨੇ ਉਕਤ ਮੁਲਜ਼ਮ ਦੇ ਖ਼ੁਲਾਸਿਆਂ ਦੇ ਆਧਾਰ 'ਤੇ ਇਕ ਏ.ਕੇ.-56 ਅਸਾਲਟ ਰਾਈਫਲ ਬਰਾਮਦ ਕੀਤੀ ਹੈ। ਪੰਜਾਬ ਪੁਲਸ ਨੇ ਚੜ੍ਹਤ ਸਿੰਘ ਨੂੰ ਪਨਾਹ ਦੇਣ ਵਾਲੇ ਉਸਦੇ ਦੋ ਸਹਿਯੋਗੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ 9 ਮਈ, 2022 ਨੂੰ ਮੋਹਾਲੀ ਵਿਚ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਇਕ ਆਰ. ਪੀ. ਜੀ. ਹਮਲਾ ਕੀਤਾ ਗਿਆ ਸੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਈਅਦ ਮੁਹੰਮਦ ਤੌਸੀਫ਼ ਚਿਸ਼ਤੀ ਉਰਫ਼ ਚਿੰਕੀ ਵਾਸੀ ਅਜਮੇਰ, ਰਾਜਸਥਾਨ ਅਤੇ ਸੁਨੀਲ ਕੁਮਾਰ ਉਰਫ਼ ਕਾਲਾ ਵਜੋਂ ਹੋਈ ਹੈ।
ਇਹ ਕਾਰਵਾਈ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ’ਤੇ ਪੰਜਾਬ ਪੁਲਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚੱਲ ਰਹੀ ਜੰਗ ਦੌਰਾਨ ਅਮਲ 'ਚ ਲਿਆਂਦੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਚੜ੍ਹਤ ਸਿੰਘ ਦੇ ਖ਼ੁਲਾਸੇ ’ਤੇ ਪੁਲਸ ਟੀਮਾਂ ਨੇ ਇਕ ਏ. ਕੇ.-56 ਸਮੇਤ 100 ਕਾਰਤੂਸ ਅਤੇ ਇਕ ਪਿਸਤੌਲ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਚੜ੍ਹਤ ਸਿੰਘ ਦੀ ਪੁੱਛਗਿੱਛ ਤੋਂ ਬਾਅਦ ਹੀ ਉਕਤ ਮਾਮਲੇ ਨੂੰ ਸੁਲਝਾਉਂਦਿਆਂ ਪੁਲਸ ਟੀਮਾਂ ਨੇ ਰਾਜਸਥਾਨ ਦੇ ਅਜਮੇਰ ਤੋਂ ਸਈਦ ਮੁਹੰਮਦ ਤੌਸੀਫ਼ ਚਿਸ਼ਤੀ ਉਰਫ਼ ਚਿੰਕੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਡੀ.ਜੀ.ਪੀ. ਨੇ ਕਿਹਾ ਕਿ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਚਿੰਕੀ ਪਿਛਲੇ 5-7 ਸਾਲਾਂ ਤੋਂ ਲਖਬੀਰ ਲੰਡਾ ਦੇ ਸੰਪਰਕ 'ਚ ਸੀ ਅਤੇ ਲੰਡਾ ਦੇ ਨਿਰਦੇਸ਼ਾਂ ’ਤੇ ਚਿੰਕੀ ਨੇ ਅਜਮੇਰ ਵਿਚ ਅਲ-ਖਾਦਿਮ ਨਾਮ ਦੇ ਇਕ ਗੈਸਟ ਹਾਊਸ ਵਿਚ ਚੜ੍ਹਤ ਲਈ ਠਹਿਰਨ ਦਾ ਪ੍ਰਬੰਧ ਕੀਤਾ ਸੀ। ਚੜ੍ਹਤ ਨੇ ਕਬੂਲਿਆ ਹੈ ਕਿ ਲੰਡਾ ਨੇ ਚਿੰਕੀ ਨੂੰ ਕਰੀਬ 3 ਤੋਂ 4 ਲੱਖ ਰੁਪਏ ਭੇਜੇ ਹਨ। ਉਨ੍ਹਾਂ ਦੱਸਿਆ ਕਿ ਚੜ੍ਹਤ ਦੇ ਇਕ ਹੋਰ ਸਾਥੀ ਜਿਸਦੀ ਦੀ ਪਛਾਣ ਸੁਨੀਲ ਕੁਮਾਰ ਉਰਫ਼ ਕਾਲਾ ਵਜੋਂ ਹੋਈ ਹੈ ਅਤੇ ਜਿਸ ਨੇ ਚੜ੍ਹਤ ਸਿੰਘ ਨੂੰ ਅਮਰੀਕਾ ਸਥਿਤ ਜਗਰੂਪ ਸਿੰਘ ਉਰਫ਼ ਰੂਪ ਦੇ ਨਿਰਦੇਸ਼ਾਂ ’ਤੇ ਛੁਪਣਗਾਹ ਮੁਹੱਈਆ ਕਰਵਾਈ ਸੀ, ਨੂੰ ਵੀ ਰੋਪੜ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸ੍ਰੀ ਆਨੰਦਪੁਰ ਸਾਹਿਬ ਦਾ ਰਹਿਣ ਵਾਲਾ ਜਗਰੂਪ ਰੂਪ ਲਖਬੀਰ ਲੰਡਾ ਦਾ ਕਰੀਬੀ ਮੰਨਿਆ ਜਾਂਦਾ ਹੈ।