ਆਰ. ਪੀ. ਸਿੰਘ ਦਾ ਬਿਆਨ, ‘ਧਰਮ ਪਰਿਵਰਤਨ ਨਾ ਰੁਕਿਆ ਤਾਂ SGPC ਬਣ ਜਾਏਗੀ ‘ਸ਼੍ਰੋਮਣੀ ਚਰਚ ਪ੍ਰਬੰਧਕ ਕਮੇਟੀ’

Wednesday, Aug 03, 2022 - 02:25 PM (IST)

ਆਰ. ਪੀ. ਸਿੰਘ ਦਾ ਬਿਆਨ, ‘ਧਰਮ ਪਰਿਵਰਤਨ ਨਾ ਰੁਕਿਆ ਤਾਂ SGPC ਬਣ ਜਾਏਗੀ ‘ਸ਼੍ਰੋਮਣੀ ਚਰਚ ਪ੍ਰਬੰਧਕ ਕਮੇਟੀ’

ਜਲੰਧਰ(ਵਿਸ਼ੇਸ਼) : ਪੰਜਾਬ ਵਿਚ ਧਰਮ ਪਰਿਵਰਤਨ ਨੂੰ ਲੈ ਕੇ ਭਾਜਪਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਹਮੋ-ਸਾਹਮਣੇ ਹੋ ਗਏ ਹਨ। ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਨੇ ਜਿੱਥੇ ਪੰਜਾਬ ਵਿੱਚ ਵੱਧ ਰਹੇ ਧਰਮ ਪਰਿਵਰਤਨ ਸਬੰਧੀ ਐੱਸ. ਜੀ. ਪੀ. ਸੀ. ਦੀ ਭੂਮਿਕਾ ’ਤੇ ਸਵਾਲ ਉਠਾਏ ਹਨ, ਉੱਥੇ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਰ.ਪੀ. ਸਿੰਘ ਨੂੰ ਨਸੀਹਤ ਦਿੱਤੀ ਹੈ ਅਤੇ ਨਾਲ ਹੀ ਗੁਰਦਵਾਰਾ ਪ੍ਰਬੰਧਨ ਅਤੇ ਸਮਾਜ ਸੇਵਾ ਦੇ ਕੰਮ ਨਾਲ ਜੁੜੇ ਸੰਗਠਨ ਦਾ ਮਜ਼ਾਕ ਉਡਾਉਣ ਲਈ ਉਨ੍ਹਾਂ ਨੂੰ ਲੰਬੇ ਹੱਥੀਂ ਲਿਅਾ ਹੈ।

ਦਰਅਸਲ ਇਹ ਵਿਵਾਦ ਭਾਜਪਾ ਨੇਤਾ ਆਰ. ਪੀ. ਸਿੰਘ ਦਾ ਟਵੀਟ ਹੈ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਜਿਸ ਤਰ੍ਹਾਂ ਪੰਜਾਬ ਵਿਚ ਧਰਮ ਪਰਿਵਰਤਨ ਦੀ ਰਫ਼ਤਾਰ ਵਧੀ ਹੈ, ਉਸ ਤੋਂ ਲੱਗਦਾ ਹੈ ਕਿ ਜਲਦੀ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਸ਼੍ਰੋਮਣੀ ਚਰਚ ਪ੍ਰਬੰਧਕ ਕਮੇਟੀ’ ਬਣ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਇੱਕ ਸੂਝਵਾਨ ਵਿਅਕਤੀ ਹਨ ਅਤੇ ਉਨ੍ਹਾਂ ਨੂੰ ਪਹਿਲਾਂ ਸਮੱਸਿਆ ਬਾਰੇ ਸੋਚਣਾ ਚਾਹੀਦਾ ਹੈ।

ਐੱਸ. ਜੀ. ਪੀ. ਸੀ. ਨਾਲੋਂ ਵੱਧ ਚੁਸਤ ਕੰਮ ਕਰ ਰਹੇ ਹਨ ਈਸਾਈ ਮਿਸ਼ਨਰੀ

ਆਰ. ਪੀ. ਸਿੰਘ ਨੇ ਕਿਹਾ ਕਿ ਐੱਸ. ਜੀ. ਪੀ. ਸੀ. ਨੂੰ ਈਸਾਈ ਮਿਸ਼ਨਰੀਆਂ ਨਾਲੋਂ ਵਧੀਆ ਕੰਮ ਕਰਨਾ ਹੋਵੇਗਾ। ਵਿਸ਼ਵ ਪੱਧਰ ’ਤੇ ਇਕ ਕਮੇਟੀ ਬਣਾਉਣ ਦੀ ਲੋੜ ਹੈ, ਜੋ ਇਸ ਧਰਮ ਪਰਿਵਰਤਨ ਦੇ ਖਤਰੇ ਨੂੰ ਨੱਥ ਪਾ ਸਕੇ ਅਤੇ ਪਿੰਡਾਂ ’ਚ ਹੋ ਰਹੇ ਧਰਮ ਪਰਿਵਰਤਨ ’ਤੇ ਰੋਕ ਲਾ ਸਕੇ। ਉਨ੍ਹਾਂ ਪ੍ਰਬੰਧਕੀ ਕਮੇਟੀ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਜਿਸ ਤਰ੍ਹਾਂ ਇਸ ਸਬੰਧੀ ਕੰਮ ਹੋਣਾ ਚਾਹੀਦਾ ਸੀ, ਉਸ ਤਰ੍ਹਾਂ ਨਹੀਂ ਕੀਤਾ ਜਾ ਰਿਹਾ। ਐੱਸ. ਜੀ. ਪੀ. ਸੀ. ਨਾਲੋਂ ਵੱਧ ਚੁਸਤ ਈਸਾਈ ਮਿਸ਼ਨਰੀ ਕੰਮ ਕਰ ਰਹੇ ਹਨ।

ਈਸਾਈਆਂ ਨਾਲ ਵਿਵਾਦ ਨਹੀਂ, ਘੱਟ ਗਿਣਤੀਆਂ ’ਤੇ ਨਿਸ਼ਾਨਾ ਚਿੰਤਾਜਨਕ

ਆਰ. ਪੀ. ਸਿੰਘ ਨੇ ਕਿਹਾ ਕਿ ਧਰਮ ਪ੍ਰਚਾਰ ਕਮੇਟੀਆਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਧਰਮ ਪਰਿਵਰਤਨ ਤੋਂ ਬਚਣ ਦੀ ਸਲਾਹ ਦੇਣ। ਪੂਰੇ ਭਾਰਤ ਵਿੱਚ ਪੰਜਾਬ ਵਿੱਚ ਸਭ ਤੋਂ ਵੱਧ ਚਰਚ ਹਨ । ਸਭ ਤੋਂ ਵੱਡਾ ਚਰਚ ਜਲੰਧਰ ਵਿੱਚ ਉਸਾਰੀ ਅਧੀਨ ਹੈ। ਈਸਾਈ ਵਰਗ ਨਾਲ ਕੋਈ ਵਿਵਾਦ ਨਹੀਂ ਹੈ ਪਰ ਜਿਸ ਤਰ੍ਹਾਂ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ, ਉਹ ਚਿੰਤਾ ਦਾ ਵਿਸ਼ਾ ਹੈ। ਚਿੰਤਾ ਦੀ ਗੱਲ ਹੈ ਇਹ ਕਿ ਸਿੱਖ ਧਰਮ ਨਾਲ ਸਬੰਧਤ ਕਮੇਟੀਆਂ ਚੁੱਪ ਬੈਠੀਆਂ ਹਨ ਅਤੇ ਇਸ ਸਬੰਧੀ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ।

ਇਹ ਵੀ ਪੜ੍ਹੋ- ਦਿੱਲੀ ’ਚ ਕੁਝ ਦਿਨ ਹੋ ਸਕਦੀ ਹੈ ਸ਼ਰਾਬ ਦੀ ਕਿੱਲਤ, ਪੁਰਾਣੀ ਪਾਲਿਸੀ ਨੂੰ ਅਮਲ ’ਚ ਲਿਆਉਣ ਦੀ ਕਵਾਇਦ ਜਾਰੀ

ਉਨ੍ਹਾਂ ਇੱਕ ਵੀਡੀਓ ਵੀ ਜਾਰੀ ਕੀਤੀ ਜਿਸ ਵਿੱਚ ਉਹ ਜਲੰਧਰ ਦੇ ਇੱਕ ਪਾਸਟਰ ਨੂੰ ਇਹ ਦਾਅਵਾ ਕਰਦੇ ਹੋਏ ਵਿਖਾਉਂਦੇ ਹਨ ਕਿ ਪੰਜਾਬ ਦੀ 20 ਫੀਸਦੀ ਆਬਾਦੀ ਧਰਮ ਪਰਿਵਰਤਨ ਕਰ ਚੁੱਕੀ ਹੈ। ਵੀਡੀਓ ’ਚ ਪਾਸਟਰ ਨੇ ਕਿਹਾ ਕਿ ਜੋ 2 ਫੀਸਦੀ ਦਾ ਅੰਕੜਾ ਦਿਖਾਇਆ ਜਾ ਰਿਹਾ ਹੈ, ਉਹ ਪੁਰਾਣੇ ਅੰਕੜਿਆਂ ਨਾਲ ਸਬੰਧਤ ਹੈ। ਜੇ ਨਵੀਂ ਮਰਦਮਸ਼ੁਮਾਰੀ ਹੁੰਦੀ ਹੈ ਤਾਂ ਇਹ ਅੰਕੜਾ 20 ਫੀਸਦੀ ਦੇ ਕਰੀਬ ਹੋਵੇਗਾ। ਅਾਰ. ਪੀ. ਸਿੰਘ ਨੇ ਕਿਹਾ ਕਿ ਉਹ ਕਿਸੇ ’ਤੇ ਦੋਸ਼ ਨਹੀਂ ਲਾ ਰਹੇ ਪਰ ਈਸਾਈ ਮਿਸ਼ਨਰੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲੋਂ ਵੱਧ ਚੁਸਤੀ ਨਾਲ ਕੰਮ ਕਰ ਰਹੀਆਂ ਹਨ ਅਤੇ ਵਧੀਆ ਨਤੀਜੇ ਪ੍ਰਾਪਤ ਕਰ ਰਹੀਆਂ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਰ.ਪੀ. ਸਿੰਘ ਤੇ ਭਾਜਪਾ ’ਤੇ ਚੁੱਕੇ ਸਵਾਲ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਜੇ ਸਚਮੁੱਚ ਹੀ ਆਰ. ਪੀ. ਸਿੰਘ ਇਸ ਮਾਮਲੇ ਵਿੱਚ ਗੰਭੀਰ ਹਨ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਐਸ. ਜੀ. ਪੀ. ਸੀ. ਵਲੋਂ ਕੇਂਦਰ ਨਾਲ ਇਸ ਸਬੰਧੀ ਚੱਲ ਰਹੇ ਕੇਸ ਨੂੰ ਤੁਰੰਤ ਹੱਲ ਕਰਵਾਇਅਾ ਜਾਵੇ। ਸ਼੍ਰੋਮਣੀ ਕਮੇਟੀ ’ਤੇ ਸਵਾਲ ਉਠਾਉਣਾ ਤੇ ਉਹ ਵੀ ਧਰਮ ਪਰਿਵਰਤਨ ਦੇ ਮੁੱਦੇ ’ਤੇ , ਇਹ ਕੋਈ ਸਾਧਾਰਨ ਗੱਲ ਨਹੀਂ ਹੈ। ਇਹ ਸਭ ਕੁਝ ਕਿਸੇ ਸਾਜ਼ਿਸ਼ ਤਹਿਤ ਪ੍ਰਚਾਰਿਆ ਜਾ ਰਿਹਾ ਹੈ। ਐੱਸ. ਜੀ. ਪੀ. ਸੀ. ਸਿੱਖ ਧਰਮ ਲਈ ਕੰਮ ਕਰ ਰਹੀ ਹੈ ਜਦਕਿ ਆਰ.ਪੀ. ਸਿੰਘ ਇਸ ਪਵਿੱਤਰ ਕਮੇਟੀ ਨਾਲ ਜੁੜੀ ਸੰਸਥਾ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਲਈ ਆਰ.ਪੀ. ਸਿੰਘ ਨੂੰ ਮੁਆਫੀ ਮੰਗਣੀ ਚਾਹੀਦੀ ਹੈ।

ਧਾਮੀ ਨੇ ਇਹ ਵੀ ਕਿਹਾ ਕਿ ਭਾਜਪਾ ਦੇ ਬੁਲਾਰੇ ਆਰ. ਪੀ. ਸਿੰਘ ਵਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੋਮਣੀ ਚਰਚ ਪ੍ਰਬੰਧਕ ਕਮੇਟੀ ਦਾ ਨਾਂ ਦੇਣਾ ਅਤੇ ਇਸ ਦਾ ਮਜ਼ਾਕ ਉਡਾਉਣਾ ਅਸਹਿਣਯੋਗ ਹੈ । ਉਨ੍ਹਾਂ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਜਿਸ ਧਰਮ ਪਰਿਵਰਤਨ ਦੀ ਆਰ.ਪੀ. ਸਿੰਘ ਗੱਲ ਕਰ ਰਹੇ ਹਨ, ਉਸ ਸਬੰਧੀ ਐਸ.ਜੀ. ਪੀ. ਸੀ. ਗੰਭੀਰ ਹੈ। ਇਸ ਸਬੰਧੀ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਅਤੇ ਭਾਰਤ ਸਰਕਾਰ ਨੂੰ ਪੱਤਰ ਲਿਖਿਆ ਜਾ ਚੁਕਾ ਹੈ ਹੈ। ਇਸ ਤੋਂ ਇਲਾਵਾ ਜੂਨ 2022 ਵਿੱਚ ਐੱਸ. ਜੀ. ਪੀ. ਸੀ. ਅਤੇ ਈਸਾਈ ਵਰਗ ਦੀ ਦਿੱਲੀ ਵਿੱਚ ਮੀਟਿੰਗ ਵੀ ਕੀਤੀ ਗਈ ਸੀ। ਜੇ ਆਰ.ਪੀ. ਸਿੰਘ ਇਸ ਮਾਮਲੇ ਪ੍ਰਤੀ ਸਚਮੁੱਚ ਗੰਭੀਰ ਹਨ ਤਾਂ ਉਨ੍ਹਾਂ ਨੂੰ ਐੱਸ.ਜੀ.ਪੀ.ਸੀ. ਦੇ ਕੇਂਦਰ ਕੋਲ ਪੈਂਡਿੰਗ ਪਏ ਇਸ ਮੁੱਦੇ ’ਤੇ ਕਾਰਵਾਈ ਕਰਵਾਉਣੀ ਚਾਹੀਦੀ ਹੈ। ਜੇ ਇਹ ਸਭ ਕੁਝ ਅਖਬਾਰਾਂ ਦੀਆਂ ਸੁਰਖੀਆਂ ਦੀ ਖਾਤਰ ਕੀਤਾ ਜਾ ਰਿਹਾ ਹੈ ਤਾਂ ਅਫਸੋਸਨਾਕ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News