ਸਿਹਤ ਸੰਸਥਾਵਾਂ ਨੂੰ ਨਿੱਜੀ ਹੱਥਾਂ ’ਚ ਦੇਣ ਖਿਲਾਫ਼ ਮੁਲਾਜ਼ਮਾਂ ਨੇ ਕੀਤੀ ਨਾਅਰੇਬਾਜ਼ੀ

01/23/2019 9:23:11 AM

ਰੋਪੜ (ਤ੍ਰਿਪਾਠੀ,ਮਨੋਰੰਜਨ)-ਪੰਜਾਬ ਸਰਕਾਰ ਵੱਲੋਂ ਪੀ. ਐੱਚ. ਸੀ. (ਸਰਕਾਰੀ ਹਸਪਤਾਲਾਂ), ਸੀ. ਐੱਚ. ਸੀ. ਅਤੇ ਡਿਸਪੈਂਸਰੀਆਂ ਨੂੰ ਪ੍ਰਾਈਵੇਟ ਲੋਕਾਂ ਦੇ ਹੱਥਾਂ ਵਿਚ ਸੌਂਪਣ ’ਤੇ ਜਾਰੀ ਕੀਤੇ ਗਏ ਇਕ ਪਬਲਿਕ ਨੋਟਿਸ ਤੋਂ ਭਡ਼ਕੇ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਅੱਜ ਸਿਵਲ ਸਰਜਨ ਦਫਤਰ ਅੱਗੇ ਰੋਸ ਮੁਜ਼ਾਹਰਾ ਕਰ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਤਾਲਮੇਲ ਕਮੇਟੀ, ਪੈਰਾ-ਮੈਡੀਕਲ, ਐੱਨ. ਐੱਚ. ਐੱਮ. ਇੰਪਾਲੀਜ਼ ਫੈੱਡਰੇਸ਼ਨ ਅਤੇ ਐੱਨ. ਐੱਚ. ਐੱਮ. ਇੰਪਲਾਈਜ਼ ਐਸੋਸ਼ੀਏਸਨ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਸਰਕਾਰ ਖਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕਰ ਕੇ ਉਕਤ ਨੋਟਿਸ ਵਾਪਸ ਲੈਣ ਦੀ ਮੰਗ ਕੀਤੀ। ਇਸ ਦੌਰਾਨ ਕਨਵੀਨਰ ਤੀਰਥ ਰਾਮ ਨੇ ਕਿਹਾ ਕਿ ਸਰਕਾਰ ਦੀਆਂ ਮੁਲਾਜ਼ਮ ਮਾਰੂ ਕੋਝੀਆਂ ਨੀਤੀਆਂ ਨੂੰ ਕਿਸੇ ਵੀ ਹਾਲ ਵਿਚ ਨੇਪਰੇ ਨਹੀਂ ਚਡ਼੍ਹਨ ਦਿੱਤਾ ਜਾਵੇਗਾ, ਜੇਕਰ ਸਰਕਾਰ ਇਹ ਨੋਟਿਸ ਵਾਪਸ ਨਹੀਂ ਲੈਂਦੀ ਤਾਂ ਇਸ ਸਬੰਧੀ ਵੱਡੀ ਪੱਧਰ ’ਤੇ ਸੰਘਰਸ਼ ਵਿੱਢਿਆ ਜਾਵੇਗਾ। ਸਰਕਾਰ ਦੀਆਂ ਇਨ੍ਹਾਂ ਨਾਦਰਸ਼ਾਹੀ ਨੀਤੀਆਂ ਕਾਰਨ ਪਡ਼੍ਹਿਆ-ਲਿਖਿਆ ਨੌਜਵਾਨ ਵਰਗ ਵਿਦੇਸ਼ਾਂ ਵੱਲ ਵਹੀਰਾਂ ਘੱਤ ਰਿਹਾ ਹੈ ਅਤੇ ਸਰਕਾਰ ਬੱਚਦੇ-ਖੁਚਦੇ ਨੌਕਰੀਸ਼ੁਦਾ ਅਤੇ ਨੌਕਰੀ ਕਰਨ ਦੇ ਇੱਛੁਕਾਂ ਨੂੰ ਵੀ ਭਾਰਤ ’ਚੋਂ ਖਦੇਡ਼ਨਾ ਚਾਹੁੰਦੀ ਹੈ। ਇਸ ਮੌਕੇ ਮੰਗ ਗੁਰਪ੍ਰਸਾਦ ਅਤੇ ਰਾਮ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਇਹ ਨੋਟਿਸ ਕੱਢ ਕੇ ਇਨ੍ਹਾਂ ਸਿਹਤ ਸੰਸਥਾਵਾਂ ਦਾ ਨਿੱਜੀਕਰਨ ਨਹੀਂ, ਬਲਕਿ ਇਨ੍ਹਾਂ ਨੂੰ ਪ੍ਰਾਈਵੇਟ ਹੱਥਾਂ ਵਿਚ ਵੇਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਹੱਥਾਂ ਵਿਚ ਸਿਹਤ ਸੰਸਥਾਵਾਂ ਨੂੰ ਦੇਣ ਨਾਲ ਲੋਕਾਂ ਦਾ ਇਲਾਜ ਮਹਿੰਗਾ ਹੋ ਜਾਵੇਗਾ ਅਤੇ ਲੋਕਾਂ ਨੂੰ ਮਿਲਦੀਆਂ ਸਮੂਹ ਸਿਹਤ ਸਹੂਲਤਾਵਾਂ ਤੇ ਸਕੀਮਾਂ ਦਮ ਤੋਡ਼ ਦੇਣਗੀਆਂ। ਇਸ ਲਈ ਪੰਜਾਬ ਪੱਧਰ ’ਤੇ ਮੁਲਾਜ਼ਮ ਅਤੇ ਲੋਕ ਮਾਰੂ ਨੀਤੀ ਦਾ ਵੱਡੀ ਪੱਧਰ ’ਤੇ ਵਿਰੋਧ ਕੀਤਾ ਜਾਵੇਗਾ ਤੇ ਇਸ ਨੋਟਿਸ ਵਾਪਸ ਲੈਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਸਮੇਂ ਰਣਵੀਰ ਬੱਬਰ, ਕਮਲੇਸ਼ ਕੁਮਾਰ ਤੇ ਮਨਿੰਦਰ ਸਿੰਘ ਵੱਲੋਂ ਵੀ ਸਮੂਹ ਮੁਲਾਜ਼ਮਾਂ ਨੂੰ ਸੰਬੋਧਨ ਕੀਤਾ ਗਿਆ। ਇਸ ਸਮੇਂ ਗੁਰਪ੍ਰੀਤ ਸਿੰਘ ਸੁਪਰਡੈਂਟ, ਗੁਰਪ੍ਰੀਤ ਸਿੰਘ, ਦੀਪਕ ਵਰਮਾ ਡੀ. ਏ. ਓ., ਮੁਨੀਸ਼ ਕੁਮਾਰ, ਜਤਿੰਦਰ ਕੁਮਾਰ, ਮੈਡਮ ਕਾਂਤਾ, ਸੁਖਵਿੰਦਰ ਸਿੰਘ, ਪ੍ਰਵੀਨ ਕੁਮਾਰ, ਪ੍ਰਦੀਪ ਕੁਮਾਰ ਆਦਿ ਹਾਜ਼ਰ ਸਨ।

Related News