ਪਰਾਲੀ ਸਾਡ਼ੇ ਬਿਨਾਂ ਕਣਕ ਦੀ ਕੀਤੀ ਬੀਜਾਈ ਕਾਮਯਾਬ : ਡਾ. ਰਾਮਪਾਲ

01/23/2019 9:22:48 AM

ਰੋਪੜ (ਛਿੰਜੀ ਲਡ਼ੋਆ)-ਡਾ. ਗੁਰਬਖਸ਼ ਸਿੰਘ ਮੁੱਖ ਖੇਤੀਬਾਡ਼ੀ ਅਫ਼ਸਰ ਸ. ਭ. ਸ. ਨਗਰ ਜੀ ਦੇ ਨਿਰਦੇਸ਼ਾਂ ’ਤੇ ਅਤੇ ਡਾ. ਰਾਮ ਪਾਲ ਖੇਤੀਬਾਡ਼ੀ ਅਫਸਰ ਔਡ਼ ਦੀ ਪ੍ਰਧਾਨਗੀ ਹੇਠ ਇਨ ਸੀਟੂ ਮੈਨੇਜਮੈਂਟ ਅਤੇ ਆਤਮਾ ਸਕੀਮ ਤਹਿਤ ਬਲਾਕ ਔਡ਼ ਦੇ ਪਿੰਡ ਬੁਰਜ ਟਹਿਲ ਦਾਸ ਵਿਖੇ ਜਰਨੈਲ ਸਿੰਘ ਵੱਲੋਂ ਸਿੱਧੀ ਬੀਜੀ ਗਈ ਕਣਕ ਦੀ ਬੀਜਾਈ ਸਬੰਧੀ ਪ੍ਰਦਰਸ਼ਨੀ ਪਲਾਂਟ ਲਾਇਆ ਗਿਆ, ਜਿਸ ਵਿਚ ਇਲਾਕੇ ਦੇ ਅਗਾਂਹ ਵਧੂ ਕਿਸਾਨਾਂ ਨੇ ਭਾਗ ਲਿਆ। ਇਸ ਮੌਕੇ ਡਾ. ਰਾਮਪਾਲ ਖੇਤੀਬਾਡ਼ੀ ਅਫਸਰ ਔਡ਼ ਨੇ ਦੱਸਿਆ ਕਿ ਖੇਤਾਂ ਵਿਚ ਝੋਨੇ ਦੀ ਕੰਬਾਈਨ ਨਾਲ ਕਟਾਈ ਮਗਰੋਂ ਪਰਾਲੀ ਨੂੰ ਅੱਗ ਨਾ ਲਾ ਕੇ ਕਣਕ ਦੀ ਸਿੱਧੀ ਬਿਜਾਈ ਕਰ ਕੇ ਭੂਮੀ ਦੀ ਸਿਹਤ ਨੂੰ ਬਰਕਰਾਰ ਅਤੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਨੇ ਜ਼ਿਮੀਂਦਾਰਾਂ ਨੂੰ ਨੈਸ਼ਨਲ ਗਰੀਨ ਟ੍ਰਿਬਿਊਨਲ, ਪੰਜਾਬ ਸਰਕਾਰ ਅਤੇ ਲੋਕਲ ਪ੍ਰਸ਼ਾਸਨ ਵੱਲੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਨਾ ਸਾਡ਼ਨ ਬਾਰੇ ਪ੍ਰਾਪਤ ਹੋਈਆਂ ਹਦਾਇਤਾਂ ਦੇ ਨਾਲ-ਨਾਲ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਨਾਲ ਵਾਤਾਵਰਣ ਤੇ ਜ਼ਮੀਨ ’ਚ ਹੋ ਰਹੇ ਨੁਕਸਾਨ ਤੋਂ ਜਾਣੂ ਕਰਵਾਇਆ ਗਿਆ ਅਤੇ ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਕਣਕ ਦੀ ਬੀਜਾਈ ਕਰਨ ਨਾਲ ਖੇਤੀ ਖਰਚੇ ਘਟਾਏ ਜਾ ਸਕਦੇ ਹਨ ਅਤੇ ਆਮਦਨ ਵਿਚ ਵਾਧਾ ਕੀਤਾ ਜਾ ਸਕਦਾ ਹੈ। ਡਾ. ਰਾਮਪਾਲ ਨੇ ਕਿਹਾ ਕਿ ਪਰਾਲੀ ਸਾਡ਼ੇ ਬਿਨਾਂ ਕਣਕ ਦੀ ਕੀਤੀ ਬੀਜਾਈ ਕਾਮਯਾਬ ਹੋ ਰਹੀ ਹੈ।ਉਨ੍ਹਾਂ ਦੱਸਿਆ ਕਿ ਅੱਗ ਲਾਉਣ ਨਾਲ ਜ਼ਮੀਨ ’ਚ ਬਹੁਤ ਸਾਰੇ ਖੁਰਾਕੀ ਤੱਤ ਸਡ਼ ਜਾਂਦੇ ਹਨ ਅਤੇ ਜਿਸ ਵਿਚ 1 ਟਨ ਪਰਾਲੀ ਨੂੰ ਸਾਡ਼ਨ ਵਿਚ 55 ਕਿਲੋ ਨਾਈਟਰੋਜਨ, 23 ਕਿਲੋ ਫਾਸਫੋਰਸ, 25 ਕਿਲੋ ਪੋਟਾਸ਼, 1.2 ਕਿਲੋ ਸਲਫਰ ਅਤੇ 50 ਤੋਂ 70 ਛੋਟੇ ਤੱਤ ਨਸ਼ਟ ਹੋ ਜਾਂਦੇ ਹਨ। ਵਾਤਾਵਰਣ ’ਚ 1 ਟਨ ਪਰਾਲੀ ਸਡ਼ਨ ਨਾਲ 70 ਫੀਸਦੀ ਕਾਰਬਨ ਡਾਈਅਕਸਾਈਡ 7 ਫੀਸਦੀ ਮੋਨੋਅਕਸਾਈਡ ਅਤੇ 2.0 ਫੀਸਦੀ ਨਾਈਟਰੋਜਨ ਅਕਸਾਈਡ ਅਤੇ 0.66 ਫੀਸਦੀ ਮਿਥੇਨ ਗੈਸਾਂ ਪੈਦਾ ਹੋਣ ਨਾਲ ਮਨੁੱਖੀ ਜਨ-ਜੀਵਨ ਪ੍ਰਭਾਵਿਤ ਹੁੰਦਾ ਹੈ। ਇਸ ਨਾਲ ਹੀ ਸੂਖਮ ਜੀਵ ਮਿੱਤਰ ਕੀਡ਼ੇ ਅਤੇ ਪੰਛੀ ਮਰ ਜਾਂਦੇ ਹਨ ਅਤੇ ਵਾਤਾਵਰਣ ਪ੍ਰਦੂਸ਼ਿਤ ਹੋ ਕੇ ਕਈ ਸਾਹ, ਚਮਡ਼ੀ ਦੀਆਂ ਬੀਮਾਰੀਆਂ ਪੈਦਾ ਹੋ ਜਾਂਦੀਆਂ ਹਨ। ਇਨ੍ਹਾਂ ਸਾਰੇ ਨੁਕਸਾਨਾਂ ਤੋਂ ਬਚਣ ਵਾਸਤੇ ਪਰਾਲੀ ਨੂੰ ਬਿਨਾਂ ਸਾਡ਼ੇ ਸਿੱਧੀ ਕਣਕ ਦੀ ਬੀਜਾਈ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਕੁਦਰਤੀ ਸੋਮਿਆਂ ਦੀ ਸੁਚੱਜੀ ਵਰਤੋਂ ਬਾਰੇ ਡਾ. ਲੇਖ ਰਾਜ ਖੇਤੀ ਵਿਕਾਸ ਅਫਸਰ ਔਡ਼ ਨੇ ਜਾਣਕਾਰੀ ਦਿੱਤੀ। ਡਾ. ਕਰਨੈਲ ਸਿੰਘ ਨੇ ਕਣਕ ’ਤੇ ਲੱਗਣ ਵਾਲੇ ਕੀਡ਼ੇ-ਮਕੌਡ਼ੇ ਅਤੇ ਬੀਮਾਰੀਆਂ ਦੀ ਜਾਣਕਾਰੀ ਨਾਲ ਕੀਡ਼ੇ ਮਾਰ ਦਵਾਈਆਂ ਦੀ ਵਰਤੋਂ ਮਹਿਕਮੇ ਦੀ ਸਿਫਾਰਿਸ਼ ਅਨੁਸਾਰ ਕਰਨ ਦੀ ਜਾਣਕਾਰੀ ਦਿੱਤੀ। ਡਾ. ਅਸ਼ਵਿੰਦਰ ਕੁਮਾਰ ਖੇਤੀਬਾਡ਼ੀ ਅਫਸਰ ਮੁਕੰਦਪੁਰ ਨੇ ਹਾਡ਼੍ਹੀ ਦੀਆਂ ਫ਼ਸਲਾਂ ਦੇ ਨਦੀਨਾਂ ਅਤੇ ਚੂਹਿਆਂ ਦੀ ਰੋਕਥਾਮ ਬਾਰੇ ਵਿਚਾਰ ਸਾਂਝੇ ਕੀਤੇ। ਡਾ. ਨੀਨਾ ਕੰਵਰ ਡੀ. ਪੀ. ਡੀ. ਆਤਮਾ ਸਕੀਮ ਬਾਰੇੇ ਜਾਣਕਾਰੀ ਦਿੱਤੀ। ਇਸ ਸਮੇਂ ਅੰਜੂ ਸਾਗਰ ਏ. ਈ. ਓ., ਰਸ਼ਮੀਨ ਕੌਰ ਏ. ਐੱਸ. ਆਈ., ਕੋਮਲ ਕੁਮਾਰ ਬੀ. ਟੀ. ਐੱਮ., ਜਸਵਿੰਦਰ ਸਿੰਘ ਏ. ਟੀ. ਐੱਮ., ਮਲਕੀਤ ਸਿੰਘ ਚੇਅਰਮੈਨ, ਬੀ. ਐੱਫ. ਏ. ਸੀ. ਜਗਦੀਸ਼ ਸਿੰਘ, ਨਿਰੰਜਣ ਸਿੰਘ ਸਰਪੰਚ, ਬਲਰਾਜ ਸਿੰਘ, ਅਮਰਜੀਤ ਸਿੰਘ ਮੈਂਬਰ ਪ੍ਰੋਡਕਸ਼ਨ ਕਮੇਟੀ, ਅਜਮੇਰ ਸਿੰਘ, ਗੇਜ ਰਾਮ, ਮੱਖਣ, ਸੁਰਿੰਦਰ ਸਿੰਘ, ਪਰਮਜੀਤ ਸਿੰîਘ, ਕਿਸ਼ਨ ਲਾਲ ਬੱਗੋਵਾਲ ਆਦਿ ਕਿਸਾਨ ਹਾਜ਼ਰ ਸਨ।

Related News