ਸਹੂਲਤਾਂ ਦਾ ਲਾਭ ਲੈਣ ਲਈ ਬੱਚਿਆਂ ਨੂੰ ਸਰਕਾਰੀ ਸਕੂਲ ’ਚ ਦਾਖ਼ਲ ਕਰਵਾਓ : ਡੀ.ਐੱਸ.ਐੱਨ

01/23/2019 9:21:53 AM

ਰੋਪੜ (ਭਾਰਤੀ) - ਜ਼ਿਲਾ ਸਿੱਖਿਆ ਸੁਧਾਰ ਕਮੇਟੀ ਵਲੋਂ ਨਵੀਂ ਦਾਖ਼ਲਾ ਮੁਹਿੰਮ ਨੂੰ ਤੇਜ਼ ਕਰਨ ਹਿੱਤ ਵੱਖ-ਵੱਖ ਸਕੂਲਾਂ ਤੇ ਆਮ ਲੋਕਾਂ ਨਾਲ ਸੰਪਰਕ ਕਰਨਾ ਅਰੰਭ ਕਰ ਦਿੱਤਾ ਹੈ। ਇਸ ਲਡ਼ੀ ਤਹਿਤ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਕਮੇਟੀ ਦੇ ਮੁਖੀ ਤੇ ਜ਼ਿਲਾ ਸਾਇੰਸ ਸੁਪਰਵਾਈਜ਼ਰ ਸੁਰਿੰਦਰ ਅਗਨੀ ਹੋਤਰੀ ਦੀ ਅਗਵਾਈ ਵਿਚ ਵਫਦ ਨੇ ਸ.ਸ.ਸ. ਕਰਨਾਣਾ ਦਾ ਵਿਸ਼ੇਸ਼ ਦੌਰਾ ਕਰ ਕੇ ਅਧਿਆਪਕਾਂ ਨਾਲ ਗੁਣਵਤਾ ਭਰਪੂਰ ਸਿੱਖਿਆ ਪ੍ਰਦਾਨ ਕਰਨ ਲਈ ਵਿਚਾਰਾਂ ਕੀਤੀਆਂ ਤਾਂ ਜੋ ਗਰੀਬ ਪਰਿਵਾਰਾਂ ਦੇ ਬੱਚੇ ਜੋ ਸਰਕਾਰੀ ਸਕੂਲਾਂ ’ਚ ਪਡ਼੍ਹਦੇ ਹਨ ਉਹ ਵੀ ਸਮੇਂ ਦੇ ਹਾਣੀ ਬਣ ਸਕਣ। ਉਨ੍ਹਾਂ ਸਕੂਲ ਦੇ ਮਿਹਨਤੀ ਸਟਾਫ ਤੇ ਪਿੰਡ ਦੇ ਸਹਿਯੋਗੀ ਸੱਜਣਾਂ ਨੂੰ ਸਕੂਲ ਦੀਆਂ ਪ੍ਰਾਪਤੀਆਂ ਲਈ ਮੁਬਾਰਕਬਾਦ ਦਿੱਤੀ। ਉਨ੍ਹਾਂ ਬੱਚਿਆਂ ਰਾਹੀਂ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ’ਚ ਦਾਖਲ ਕਰਵਾ ਕੇ ਮਿਲ ਰਹੀਆਂ ਸਰਕਾਰੀ ਸਹੂਲਤਾਂ ਦਾ ਲਾਭ ਉਠਾਉਣ ਲਈ ਉਤਸ਼ਾਹਿਤ ਕੀਤਾ। ਅਗਨੀਹੋਤਰੀ ਜੀ ਨੇ ਸਕੂਲ ਦੀ ਸਮੁੱਚੀ ਕਾਰਗੁਜ਼ਾਰੀ ’ਤੇ ਤਸੱਲੀ ਪ੍ਰਗਟ ਕੀਤੀ। ਇਸ ਮੌਕੇ ਉਨ੍ਹਾਂ ਨਾਲ ਕਮੇਟੀ ਦੇ ਮੈਂਬਰ ਵਿਨੇ ਕੁਮਾਰ ਜੀ ਵੀ ਮੌਜੂਦ ਸਨ। ਸਕੂਲ ਪ੍ਰਿੰਸੀਪਲ ਮੈਡਮ ਇੰਦੂ ਬਾਲਾ ਜੀ ਨੇ ਸਿੱਖਿਆ ਸੁਧਾਰ ਕਮੇਟੀ ਨੂੰ ਭਰੋਸਾ ਦਿੱਤਾ ਕਿ ਬੱਚਿਆਂ ਦੀ ਗਿਣਤੀ ਵਧਾਉਣ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ, ਇਸ ਸਬੰਧੀ ਬੱਚਿਆਂ ਦੇ ਮਾਪਿਆਂ ਨਾਲ ਰਾਬਤਾ ਕਾਇਮ ਕੀਤਾ ਗਿਆ। ਇਸ ਮੌਕੇ ਬਲਦੇਵ ਸਿੰਘ ਸਿੱਧੂ, ਸਤਨਾਮ ਸਿੰਘ, ਸੁਸ਼ੀਲ ਗੁਲਾਟੀ ਤੋਂ ਇਲਾਵਾ ਸਮੂਹ ਸਕੂਲ ਸਟਾਫ ਹਾਜ਼ਰ ਸੀ।

Related News