ਕੰਡਿਆਂ ''ਚ ਗੜਬੜੀ ਕਰ ਕੇ ਝੋਨਾ ਵੱਧ ਤੋਲੇ ਜਾਣ ਦਾ ਮੁੱਦਾ ਗਰਮਾਇਆ

10/30/2017 3:39:35 PM


ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ, ਜਗਸੀਰ) - ਨਿਹਾਲ ਸਿੰਘ ਵਾਲਾ ਤੋਂ ਬਾਅਦ ਪਿੰਡ ਸੈਦੋਕੇ ਦੀ ਦਾਣਾ ਮੰਡੀ 'ਚ ਤੋਲ ਵਾਲੇ ਕੰਡੇ 'ਚ ਗੜਬੜੀ ਕਰ ਕੇ ਝੋਨਾ 600 ਗ੍ਰਾਮ ਵੱਧ ਤੋਲੇ ਜਾਣ ਅਤੇ ਹੋਰ ਮੰਗਾਂ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਵੱਲੋਂ ਦਾਣਾ ਮੰਡੀ 'ਚ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਜਥੇਬੰਦੀ ਦੇ ਜ਼ਿਲਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ ਨੇ ਕਿਹਾ ਕਿ ਜਿੱਥੇ ਇਕ ਪਾਸੇ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਦੇ ਗੱਡਾ ਕਰਾਰ ਦਿੱਤੇ ਟਰੈਕਟਰ ਅਤੇ ਹੋਰ ਖੇਤੀ ਮਸ਼ੀਨਰੀ 'ਤੇ ਟੈਕਸ ਲਾਉਣ ਤੋਂ ਇਲਾਵਾ, ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਬਿਜਲੀ ਦੇ ਰੇਟਾਂ 'ਚ ਵਾਧਾ ਕਰ ਕੇ ਪਹਿਲਾਂ ਹੀ ਕਰਜ਼ੇ ਦੇ ਜਾਲ 'ਚ ਫਸੇ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਕੀਤਾ ਹੈ।
ਉੱਥੇ ਹੀ ਦੂਸਰੇ ਪਾਸੇ ਆਪਣੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਨੂੰ ਵੇਚਣ ਸਮੇਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਅਤੇ ਖਰੀਦ ਏਜੰਸੀਆਂ ਵੱਲੋਂ ਕਿਸਾਨਾਂ ਦੀ ਮੰਡੀਆਂ 'ਚ ਚਿੱਟੇ ਦਿਨ ਲੁੱਟ ਕੀਤੀ ਜਾ ਰਹੀ ਹੈ। ਕਿਸਾਨਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਮੰਡੀਆਂ 'ਚ ਹੋ ਰਹੀ ਲੁੱਟ ਨੂੰ ਰੋਕਣ ਲਈ ਨਾ ਤਾਂ ਜ਼ਿਲਾ ਪ੍ਰਸ਼ਾਸਨ ਅਤੇ ਨਾ ਹੀ ਸਬ-ਡਵੀਜ਼ਨ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਨੀਂਦ ਖੁੱਲ੍ਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮੰਡੀਆਂ 'ਚ ਲੁੱਟ ਕਰਨ ਵਾਲਿਆਂ ਖਿਲਾਫ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਜਥੇਬੰਦੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਇਸ ਸਮੇਂ ਜਥੇਬੰਦੀ ਦੇ ਇਕਾਈ ਪ੍ਰਧਾਨ ਮੁਖਤਿਆਰ ਸਿੰਘ ਘੋਨੀ, ਜਗਮੋਹਨ ਸਿੰਘ, ਰਣਧੀਰ ਸਿੰਘ, ਮੁਖਤਿਆਰ ਸਿੰਘ, ਗੁਰਮੇਲ ਸਿੰਘ, ਪਾਲ ਸਿੰਘ ਆਦਿ ਹਾਜ਼ਰ ਸਨ।


Related News