ਸਾਜ਼ਿਸ਼ਕਾਰ ਰੋਮੀ ਨੇ ਉੱਚ ਅਦਾਲਤ ''ਚ ਦਾਇਰ ਕੀਤੀ ਅਪੀਲ, ਕਿਹਾ,''''ਮੈਨੂੰ ਭਾਰਤ ਹਵਾਲੇ ਨਾ ਕੀਤਾ ਜਾਵੇ''''

01/15/2020 4:30:37 PM

ਨਾਭਾ (ਜੈਨ) : ਪੰਜਾਬ ਦੇ ਹਿੰਦੂ ਆਗੂਆਂ ਦੇ ਟਾਰਗੈੱਟ ਕਿਲਿੰਗਜ਼ ਅਤੇ ਮੈਕਸੀਮਮ ਸਕਿਓਰਿਟੀ ਜ਼ਿਲਾ ਜੇਲ 'ਚ 27 ਨਵੰਬਰ 2016 ਨੂੰ ਦਿਨ-ਦਿਹਾੜੇ ਫਿਲਮੀ ਸਟਾਈਲ ਵਿਚ ਹੋਈ ਜੇਲ ਬ੍ਰੇਕ ਦੇ ਦੋਸ਼ੀ ਖਤਰਨਾਕ ਬਦਮਾਸ਼ ਰਮਨਜੀਤ ਸਿੰਘ ਉਰਫ ਰੋਮੀ ਹਾਂਗਕਾਂਗ ਵੱਲੋਂ ਹਾਂਗਕਾਂਗ ਦੀ ਉੱਚ-ਅਦਾਲਤ 'ਚ ਅਪੀਲ ਕੀਤੀ ਹੈ। ਜਿਸ ਕਾਰਨ ਉਸ ਨੂੰ ਪੰਜਾਬ ਪੁਲਸ ਨੂੰ ਸੌਂਪਣ 'ਚ ਅਜੇ ਕੁਝ ਹੋਰ ਮਹੀਨੇ ਲੱਗ ਸਕਦੇ ਹਨ। ਵਰਨਣਯੋਗ ਹੈ ਕਿ ਰੋਮੀ ਇਥੇ ਸਕਿਓਰਿਟੀ ਜੇਲ ਵਿਚੋਂ ਜ਼ਮਾਨਤ 'ਤੇ ਰਿਹਾਈ ਤੋਂ ਬਾਅਦ ਹਾਂਗਕਾਂਗ ਚਲਾ ਗਿਆ ਸੀ। ਉਸ ਖਿਲਾਫ ਇਥੇ ਕੋਤਵਾਲੀ ਵਿਖੇ ਮਾਮਲਾ ਦਰਜ ਹੋਇਆ। ਅਦਾਲਤ ਵੱਲੋਂ ਭਗੌੜਾ ਐਲਾਨਿਆ ਗਿਆ।

ਰੋਮੀ ਨੂੰ ਫਰਵਰੀ 2018 'ਚ ਕਿਸੇ ਸੰਗੀਨ ਮਾਮਲੇ ਵਿਚ ਹਾਂਗਕਾਂਗ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਮੋਸਟ ਵਾਂਟਡ ਪਰਸਨ ਵਜੋਂ ਪੰਜਾਬ ਪੁਲਸ ਹਿਰਾਸਤ 'ਚ ਲੈ ਕੇ ਪੁੱਛਗਿੱਛ ਕਰਨਾ ਚਾਹੁੰਦੀ ਹੈ। ਜੇਲ ਬ੍ਰੇਕ ਕਾਂਡ ਦੀ ਜਾਂਚ ਲਈ ਕਾਇਮ ਕੀਤੀ ਗਈ ਸਪੈਸ਼ਲ ਜਾਂਚ ਟੀਮ ਦੇ ਸੀਨੀਅਰ ਮੈਂਬਰ ਤੇ ਆਈ. ਪੀ. ਐੱਸ. ਅਧਿਕਾਰੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਪੰਜਾਬ ਪੁਲਸ ਨੇ ਹਾਂਗਕਾਂਗ ਸਰਕਾਰ ਨਾਲ ਵਿਦੇਸ਼ ਮੰਤਰਾਲੇ ਰਾਹੀਂ 23 ਮਹੀਨਿਆਂ ਤੋਂ ਸੰਪਰਕ ਬਣਾਇਆ ਹੋਇਆ ਹੈ। ਹਾਂਗਕਾਂਗ ਦੀ ਅਦਾਲਤ ਨੇ 18 ਨਵੰਬਰ ਨੂੰ ਫੈਸਲਾ ਸੁਣਾਇਆ ਸੀ ਕਿ ਰੋਮੀ ਨੂੰ ਪੰਜਾਬ ਪੁਲਸ ਹਵਾਲੇ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ 15 ਦਿਨਾਂ ਵਿਚ ਰੋਮੀ ਨੂੰ ਪੰਜਾਬ ਲਿਆਂਦਾ ਜਾਣਾ ਸੀ। ਰੋਮੀ ਦੇ ਵਕੀਲ ਵੱਲੋਂ ਹਾਂਗਕਾਂਗ ਦੀ ਉੱਚ ਅਦਾਲਤ ਵਿਚ ਅਪੀਲ ਕੀਤੀ ਗਈ ਹੈ ਕਿ ਰੋਮੀ ਨੂੰ ਭਾਰਤ ਹਵਾਲੇ ਨਾ ਕੀਤਾ ਜਾਵੇ।  ਚੌਹਾਨ ਅਨੁਸਾਰ ਰੋਮੀ ਦੇ ਟਰਾਇਲ ਕੇਸ ਦੌਰਾਨ ਤਾਂ 17-18 ਮਹੀਨੇ ਲੱਗ ਗਏ ਸਨ। ਹੁਣ ਹਾਂਗਕਾਂਗ ਦੀ ਉੱਚ ਅਦਾਲਤ ਵੱਲੋਂ ਫੈਸਲਾ ਸੁਣਾਏ ਜਾਣ ਦੀ ਉਡੀਕ ਕੀਤੀ ਜਾ ਰਹੀ ਹੈ। ਕਿੰਨਾ ਸਮਾਂ ਹੋਰ ਲੱਗੇਗਾ? ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।


Anuradha

Content Editor

Related News