14 ਕਰੋੜ ਰੁਪਏ ਦਾ ਫਰਜ਼ੀ ਇਨਪੁੱਟ ਕ੍ਰੈਡਿਟ ਲੈਣ ਦੇ ਦੋਸ਼ ’ਚ ਰੋਹਿਤ ਤੇ ਹੈਪੀ ਦੇ ਦੋ ਸਾਥੀ ਗ੍ਰਿਫ਼ਤਾਰ
Saturday, Oct 09, 2021 - 11:45 PM (IST)
ਲੁਧਿਆਣਾ (ਗੌਤਮ) : ਸੀ. ਜੀ. ਐੱਸ. ਟੀ. ਵਿਭਾਗ ਵੱਲੋਂ 427 ਕਰੋੜ ਰੁਪਏ ਦੀ ਬੋਗਸ ਬਿਲਿੰਗ ਦੇ ਮਾਮਲੇ ਦੀ ਜਾਂਚ ਦੌਰਾਨ ਸ਼ਨੀਵਾਰ ਨੂੰ ਦੋ ਸਕੇ ਭਰਾਵਾਂ ਕੰਵਲਜੋਤ ਸਿੰਘ ਅਤੇ ਹਰਸਿਮਰਨਜੋਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ । ਵਿਭਾਗੀ ਸੂਤਰਾਂ ਅਨੁਸਾਰ ਇਨ੍ਹਾਂ ਦੋਵਾਂ ਸਕੇ ਭਰਾਵਾਂ ਨੇ ਹੈਪੀ ਨਾਗਪਾਲ ਜ਼ਰੀਏ ਰੋਹਿਤ ਮਹਿਤਾ ਦੇ ਸਕ੍ਰੈਪ ਦੇ ਬਿੱਲਾਂ ਅਤੇ ਹੋਰ ਸਾਮਾਨ ਦਾ ਕੰਮ ਕੀਤਾ ਸੀ। 6 ਫਰਮਾਂ ਰਾਹੀਂ ਲੱਗਭਗ 250 ਕਰੋੜ ਰੁਪਏ ਦੀ ਬੋਗਸ ਬਿਲਿੰਗ ਕਰ 13.90 ਕਰੋੜ ਰੁਪਏ ਦਾ ਜਾਅਲੀ ਇਨਪੁੱਟ ਕ੍ਰੈਡਿਟ ਲਿਆ ਗਿਆ। ਜ਼ਿਕਰਯੋਗ ਹੈ ਕਿ ਵਿਭਾਗ ਦੀਆਂ ਵੱਖ-ਵੱਖ ਟੀਮਾਂ ਨੇ ਹੈਪੀ ਨਾਗਪਾਲ ਅਤੇ ਰੋਹਿਤ ਮਹਿਤਾ ਦੇ ਮਾਮਲੇ ਨੂੰ ਲੈ ਕੇ ਛਾਪੇਮਾਰੀ ਕੀਤੀ ਸੀ ਅਤੇ ਕੁਝ ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਸੀ। ਜਾਂਚ ਤੋਂ ਬਾਅਦ ਦੋਵਾਂ ਭਰਾਵਾਂ ਨੂੰ ਗ੍ਰਿਫਤਾਰ ਕਰ ਕੇ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ 22 ਅਕਤੂਬਰ ਤੱਕ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਗਿਆ। ਜਾਂਚ ਦੌਰਾਨ ਵਿਭਾਗ ਦੀ ਟੀਮ ਨੇ ਵੱਡੀ ਮਾਤਰਾ ’ਚ ਦਸਤਾਵੇਜ਼ਾਂ ਤੋਂ ਇਲਾਵਾ ਨਕਦੀ, ਫਰਮ ਸੀਲਾਂ ਅਤੇ ਹੋਰ ਡਾਟਾ ਵੀ ਜ਼ਬਤ ਕੀਤਾ ਹੈ, ਜਦਕਿ ਕੁਲ 10 ਫਰਮਾਂ ਦੇ ਦਸਤਾਵੇਜ਼ ਬਰਾਮਦ ਕੀਤੇ ਗਏ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਜਾਂਚ ਦੇ ਕਾਰਨ ਗੋਬਿੰਦਗੜ੍ਹ, ਲੁਧਿਆਣਾ, ਖੰਨਾ ਅਤੇ ਹੋਰ ਸ਼ਹਿਰਾਂ ’ਚ ਇਨ੍ਹਾਂ ਲੋਕਾਂ ਦੇ ਸੰਪਰਕ ’ਚ ਆਉਣ ਵਾਲੇ ਲੋਕ ਰੂਪੋਸ਼ ਹੋ ਗਏ ਹਨ।
6 ਫਰਮਾਂ ਰਾਹੀਂ ਕਰ ਰਹੇ ਸਨ ਬੋਗਸ ਬਿਲਿੰਗ
ਭਾਈ ਰਣਧੀਰ ਸਿੰਘ ਨਗਰ ’ਚ ਰਹਿਣ ਵਾਲੇ ਦੋਵੇਂ ਸਕੇ ਭਰਾ ਲੰਮੇ ਸਮੇਂ ਤੋਂ ਹੈਪੀ ਅਤੇ ਰੋਹਿਤ ਨਾਲ ਮਿਲ ਕੇ ਬੋਗਸ ਬਿਲਿੰਗ ਦਾ ਕਾਰੋਬਾਰ ਕਰ ਰਹੇ ਸਨ। ਕੋਰੋਨਾ ਕਾਲ ਦੌਰਾਨ ਉਕਤ ਲੋਕਾਂ ਨੇ ਵੱਡੀ ਮਾਤਰਾ ’ਚ ਬੋਗਸ ਬਿਲਿੰਗ ਕੀਤੀ ਸੀ ਅਤੇ ਇਸ ਦੌਰਾਨ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਸੀ। ਉਕਤ ਲੋਕਾਂ ਨੇ ਸਾਰੀਆਂ ਫਰਮਾਂ ਆਪਣੇ ਨੌਕਰਾਂ ਦੇ ਨਾਂ ’ਤੇ ਬਣਾਈਆਂ ਹੋਈਆਂ ਸਨ, ਜਦਕਿ ਫਰਮਾਂ ਆਪਣੇ ਆਪ ਚਲਾ ਰਹੇ ਸਨ। ਬਹੁਤੇ ਬਿੱਲ ਦੋਵਾਂ ਵੱਲੋਂ ਰੋਹਿਤ ਮਹਿਤਾ ਨੂੰ ਸਪਲਾਈ ਕੀਤੇ ਗਏ ਸਨ ਅਤੇ ਜਾਂਚ ਤੇ ਪੁੱਛਗਿੱਛ ਤੋਂ ਬਾਅਦ ਹੀ ਦੋਵਾਂ ਦੇ ਨਾਂ ਸਾਹਮਣੇ ਆਏ ਸਨ। ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਫਰਜ਼ੀ ਫਰਮਾਂ ’ਚ 18 ਫੀਸਦੀ ਜੀ.ਐੱਸ.ਟੀ. ਬਿਲਿੰਗ ਇਨ੍ਹਾਂ ਫਰਜ਼ੀ ਫਰਮਾਂ ’ਚ ਕੀਤੀ ਗਈ ਸੀ ਅਤੇ ਹਰ ਰੋਜ਼ ਲੱਖਾਂ ਰੁਪਏ ਦੇ ਲੈਣ-ਦੇਣ ਕੁਝ ਨਿੱਜੀ ਬੈਂਕਾਂ ਰਾਹੀਂ ਕੀਤੇ ਜਾ ਰਹੇ ਸਨ। ਬੈਂਕਾਂ ਤੋਂ ਵੀ ਉਕਤ ਲੋਕਾਂ ਦੇ ਖਾਤੇ ਸੀਜ਼ ਕੀਤੇ ਗਏ ਹਨ।
7 ਗ੍ਰਿਫ਼ਤਾਰ, ਕਥਿਤ ਵਕੀਲ ਤੇ ਰੋਹਿਤ ਦੇ ਸਾਥੀ ਸਮੇਤ ਦਰਜਨ ਰਾਡਾਰ ’ਤੇ
ਮੰਨਿਆ ਇਹ ਜਾ ਰਿਹਾ ਹੈ ਕਿ 427 ਕਰੋੜ ਰੁਪਏ ਦਾ ਮਾਮਲਾ ਲੱਗਭਗ 700 ਕਰੋੜ ਰੁਪਏ ਤੱਕ ਪਹੁੰਚ ਚੁੱਕਾ ਹੈ, ਜਿਸ ਦੀ ਚਰਚਾ 1000 ਕਰੋੜ ਤੋਂ ਵੱਧ ਤੱਕ ਪਹੁੰਚਣ ਦੀ ਹੈ। ਇਸ ਮਾਮਲੇ ’ਚ ਅਜੇ ਤੱਕ ਹੈਪੀ ਨਾਗਪਾਲ, ਰਜਿੰਦਰ ਸਿੰਘ, ਸੰਦੀਪ ਸਿੰਘ, ਵਿਸ਼ਾਲ ਸਿੰਗਲਾ, ਰੋਹਿਤ ਤੋਂ ਇਲਾਵਾ ਦੋਵੇਂ ਭਰਾ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ, ਜਦਕਿ ਰੋਹਿਤ ਦੇ ਮੁੱਖ ਸਹਿਯੋਗੀ ਸਮੇਤ ਇਕ ਕਥਿਤ ਵਕੀਲ ਸਮੇਤ ਇਕ ਦਰਜਨ ਰਾਡਾਰ ’ਤੇ ਹਨ। ਜਿਨ੍ਹਾਂ ਨੂੰ ਲੈ ਕੇ ਕਈ ਥਾਵਾਂ ’ਤੇ ਰੇਡ ਵੀ ਕੀਤੀ ਗਈ ਹੈ, ਜਦਕਿ ਇਨ੍ਹਾਂ ਲੋਕਾਂ ਦੇ ਨਾਲ ਮਿਲ ਕੇ ਬੋਗਸ ਬਿਲਿੰਗ ’ਚ ਮੋਟਾ ਮੁਨਾਫਾ ਕਮਾਉਣ ਵਾਲੇ ਕੁਝ ਲੀਡਰਾਂ ’ਤੇ ਸੀ.ਜੀ.ਐੱਸ.ਟੀ. ਵਿਭਾਗ ਦੀ ਤਿੱਖੀ ਨਜ਼ਰ ਹੈ, ਜਿਸ ਨੂੰ ਲੈ ਕੇ ਵਿਭਾਗ ਦੀਆਂ ਟੀਮਾਂ ਜ਼ਮੀਨੀ ਪੱਧਰ ’ਤੇ ਜਾਂਚ ਕਰ ਰਹੀਆਂ ਹਨ।