ਦਿਨ ਦਿਹਾੜੇ ਟੈਲੀਕਾਮ ਕੰਪਨੀ ਦੇ ਕੁਲੈਕਸ਼ਨ ਏਜੰਟਾਂ ਨਾਲ ਹੋਈ ਲੁੱਟ, ਨਕਦੀ ਤੇ ਹੋਰ ਸਾਮਾਨ ਲੈ ਕੇ ਲੁਟੇਰੇ ਫਰਾਰ
Monday, Sep 19, 2022 - 10:19 PM (IST)
ਪਾਇਲ (ਵਿਨਾਇਕ) : ਪੰਜਾਬ 'ਚ ਲੁਟੇਰਿਆਂ ਦੇ ਹੌਸਲੇ ਬੁਲੰਦ ਹੋ ਗਏ ਹਨ ਅਤੇ ਉਹ ਦਿਨ-ਦਿਹਾੜੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅਜਿਹਾ ਹੀ ਮਾਮਲਾ ਥਾਣਾ ਪਾਇਲ ਦੇ ਅਧੀਨ ਪੈਂਦੇ ਪਿੰਡ ਰੌਣੀ ਤੋਂ ਸਾਹਮਣੇ ਆਇਆ ਹੈ, ਜਿੱਥੇ ਅੱਜ ਦੁਪਹਿਰ ਸਵਾ 2 ਵਜੇ ਕਰੀਬ ਪਿੰਡ ਜਾਰਗ ਨੂੰ ਜਾਂਦੀ ਸੜਕ 'ਤੇ ਤਿੰਨ ਅਣਪਛਾਤੇ ਲੁਟੇਰਿਆਂ ਨੇ ਉਗਰਾਹੀ ਕਰਕੇ ਵਾਪਸ ਆ ਰਹੇ ਦੋ ਟੈਲੀਕਾਮ ਕੰਪਨੀ ਦੇ ਕੁਲੈਕਸ਼ਨ ਏਜੰਟਾਂ 'ਤੇ ਤੇਜ਼ਧਾਰ ਹੱਥਿਆਰਾਂ ਨਾਲ ਹਮਲਾ ਕਰਕੇ ਉਨ੍ਹਾਂ ਤੋਂ ਹਜ਼ਾਰਾਂ ਰੁਪਏ ਦੀ ਨਕਦੀ ਵਾਲਾ ਬੈਗ, ਮੋਬਾਈਲ ਫੋਨ 'ਤੇ ਬਟੁਆ ਲੁੱਟ ਕੇ ਫਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਹ ਵੀ ਪੜ੍ਹੋ : ਲੂਲੂ ਗਰੁੱਪ ਸੂਬੇ 'ਚ ਕਾਰੋਬਾਰ ਵਧਾਉਣ ਲਈ ਇੱਛੁਕ, 1200 ਕਰੋੜ ਰੁਪਏ ਦਾ ਹੋਵੇਗਾ ਨਿਵੇਸ਼
ਪ੍ਰਾਪਤ ਜਾਣਕਾਰੀ ਅਨੁਸਾਰ ਮਲੌਦ ਦੀ ਇਕ ਟੈਲੀਕਾਮ ਕੰਪਨੀ 'ਚ ਕੰਮ ਕਰਦੇ ਕੁਲੈਕਸ਼ਨ ਏਜੰਟ ਦੋ ਨੌਜਵਾਨ ਮੋਜਸ ਸਿੰਘ ਪੁੱਤਰ ਬੋਹੜ ਸਿੰਘ ਵਾਸੀ ਪਿੰਡ ਸੋਮਲਖੇੜੀ ਤੇ ਕੁਲਵਿੰਦਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਪਿੰਡ ਬੇਰਕਲਾਂ ਦੁਪਹਿਰ ਸਮੇਂ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਕੁਲੈਕਸ਼ਨ ਕਰਦੇ ਹੋਏ ਪਿੰਡ ਰੌਣੀ ਤੋਂ ਉਗਰਾਹੀ ਕਰਕੇ ਪਿੰਡ ਜਰਗ ਵੱਲ ਨੂੰ ਜਾ ਰਹੇ ਸਨ ਤਾਂ ਪੁਲਸ ਚੌਕੀ ਰੌਣੀ ਨੇੜੇ ਵਿਸ਼ਵਕਰਮਾ ਮੰਦਰ ਵਾਲੇ ਮੋੜ 'ਤੇ ਉਹ ਆਪਣਾ ਮੋਟਰਸਾਈਕਲ ਸਾਈਡ ‘ਤੇ ਖੜ੍ਹਾ ਕਰਕੇ ਬਾਥਰੂਮ ਕਰਨ ਲੱਗੇ। ਇਸ ਦੌਰਾਨ ਪਿੱਛੋਂ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ 'ਤੇ ਸਵਾਰ ਤਿੰਨ ਅਣਪਛਾਤੇ ਲੁਟੇਰੇ ਆਏ, ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ, ਨੇ ਦੋਵੇਂ ਨੌਜਵਾਨਾਂ ‘ਤੇ ਹਮਲਾ ਕਰਕੇ ਉਨ੍ਹਾਂ ਪਾਸੋਂ 52 ਹਜ਼ਾਰ 500 ਰੁਪਏ ਦੀ ਨਕਦੀ ਵਾਲਾ ਬੈਗ, ਮੋਬਾਈਲ ਸਿਮ, ਵੀਵੋ ਮੋਬਾਈਲ, ਬਟੂਆ, ਅਧਾਰ ਕਾਰਡ ਤੇ ਹੋਰ ਜ਼ਰੂਰੀ ਕਾਗਜ਼ਾਤ ਖੋਹ ਲਏ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਖੰਨਾ ਦੇ ਡੀ.ਐੱਸ.ਪੀ ਮਨਜੀਤ ਸਿੰਘ, ਸੀਆਈਏ ਸਟਾਫ ਖੰਨਾ ਦੇ ਇੰਸਪੈਕਟਰ ਹੇਮੰਤ ਕੁਮਾਰ, ਪੁਲਸ ਥਾਣਾ ਪਾਇਲ ਦੇ ਐੱਸ.ਐੱਚ.ਓ ਅਮਰੀਕ ਸਿੰਘ ਨਸਰਾਲੀ, ਪੁਲਸ ਚੌਕੀ ਰੌਣੀ ਦੇ ਏ.ਐੱਸ.ਆਈ ਹਰਮੀਤ ਸਿੰਘ, ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜ ਗਏ, ਜਿਨ੍ਹਾਂ ਵੱਲੋਂ ਡੁੰਘਾਈ ਨਾਲ ਤਫਤੀਸ਼ ਆਰੰਭ ਕਰ ਦਿੱਤੀ ਗਈ ਹੈ ਅਤੇ ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਇਸ ਘਟਨਾ ਸਬੰਧੀ ਪੁਲਸ ਚੌਕੀ ਰੌਣੀ ਵਿਖੇ ਮੁੱਢਲੀ ਰਿਪੋਰਟ ਦਰਜ ਕਰਕੇ ਅੱਗੇ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : RBI ਕਰਜ਼ੇ ਦੀ ਪੇਸ਼ਕਸ਼ ਕਰਨ ਵਾਲੀਆਂ ਕਾਨੂੰਨੀ ਐਪਾਂ ਦੀ ਸੂਚੀ ਤਿਆਰ ਕਰ ਕੇ ਸਾਂਝਾ ਕਰੇ : ਮੁੱਖ ਸਕੱਤਰ
ਵਿਧਾਨ ਸਭਾ ਹਲਕਾ ਪਾਇਲ ਤੋਂ ਆਜ਼ਾਦ ਚੋਣ ਲੜ ਚੁੱਕੇ ਸਮਾਜਸੇਵੀ ਅਤੇ ਉੱਘੇ ਆਰ.ਟੀ.ਆਈ ਐਕਟਿਵਿਸਟ ਗੁਰਦੀਪ ਸਿੰਘ ਕਾਲੀ ਪਾਇਲ ਨੇ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਪੁਲਸ ਵੱਲੋਂ ਨਸ਼ਿਆਂ 'ਤੇ ਠੱਲ੍ਹ ਪਾਉਣ ਲਈ ਸਰਚ ਆਪ੍ਰੇਸ਼ਨ ਚਲਾਏ ਜਾ ਰਹੇ ਹਨ ਤੇ ਦੂਜੇ ਪਾਸੇ ਚੋਰਾਂ ਲੁਟੇਰਿਆਂ ਵੱਲੋਂ ਸ਼ਰੇਆਮ ਦਿਨ ਦਿਹਾੜੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ। ਪੰਜਾਬ ਅੰਦਰ ਆਏ ਦਿਨ ਲੁੱਟਾਂ ਖੋਹਾਂ ਤੇ ਡਕੈਤੀਆਂ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ। ਜਿਸ 'ਤੇ ਰੋਕ ਲਗਾਉਣ ਲਈ 'ਆਪ' ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ।