ਲੁੱਟ-ਖੋਹ ਕਰ ਕੇ ਭੱਜ ਰਹੇ ਮੋਟਰਸਾਈਕਲ ਸਵਾਰ ਕਾਬੂ

Wednesday, Mar 21, 2018 - 02:27 AM (IST)

ਲੁੱਟ-ਖੋਹ ਕਰ ਕੇ ਭੱਜ ਰਹੇ ਮੋਟਰਸਾਈਕਲ ਸਵਾਰ ਕਾਬੂ

ਟਾਂਡਾ ਉੜਮੁੜ, (ਪੰਡਿਤ)- ਪਿੰਡ ਤਲਵੰਡੀ ਡੱਡੀਆਂ ਨਜ਼ਦੀਕ ਅੱਜ ਸ਼ਾਮ ਲੁੱਟ ਖੋਹ ਦੀ ਘਟਨਾ ਵਾਪਰ ਗਈ। ਲੁੱਟ ਨੂੰ ਅੰਜਾਮ ਦੇ ਕੇ ਭੱਜ ਰਹੇ ਪਲਸਰ ਸਵਾਰ ਦੋ ਨੌਜਵਾਨਾਂ ਨੂੰ ਲੋਕਾਂ ਨੇ ਪਿੰਡ ਠਾਕਰੀ ਨਜ਼ਦੀਕ ਕਾਬੂ ਕਰਕੇ ਟਾਂਡਾ ਪੁਲਸ ਦੇ ਹਵਾਲੇ ਕੀਤਾ ਹੈ। ਜਾਣਕਾਰੀ ਅਨੁਸਾਰ ਪਿੰਡ ਮੋਕਲਾ ਤੋਂ ਸਕੂਟਰੀ 'ਤੇ ਸਵਾਰ ਹੋ ਕੇ ਪਿੰਡ ਤਲਵੰਡੀ ਡੱਡੀਆਂ ਵੱਲ ਆ ਰਹੀਆਂ ਮਾਵਾਂ-ਧੀਆਂ ਰਾਜਵਿੰਦਰ ਕੌਰ ਪਤਨੀ ਪ੍ਰੀਤਮ ਸਿੰਘ ਅਤੇ ਤਲਵਿੰਦਰ ਕੌਰ ਨੂੰ ਪਿੰਡ ਤਲਵੰਡੀ ਡੱਡੀਆਂ ਨਜ਼ਦੀਕ ਪਲਸਰ ਸਵਾਰਾਂ ਨੇ ਧੱਕਾ ਦੇ ਕੇ ਹੇਠਾਂ ਸੁੱਟ ਲਿਆ ਅਤੇ ਜ਼ਖਮੀ ਹੋਈਆਂ ਮਾਵਾਂ-ਧੀਆਂ ਕੋਲੋਂ 50 ਹਜ਼ਾਰ ਰੁਪਏ ਅਤੇ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ। ਇਨ੍ਹਾਂ ਨੌਜਵਾਨਾਂ ਨਾਲ ਇਕ ਲੜਕੀ ਵੀ ਦੱਸੀ ਜਾ ਰਹੀ ਹੈ। 
ਇੰਨੇ ਨੂੰ ਇਲਾਕੇ ਦੇ ਕੁਝ ਲੋਕਾਂ ਨੇ ਵਾਰਦਾਤ ਕਰਕੇ ਭੱਜ ਰਹੇ ਪਲਸਰ ਸਵਾਰਾਂ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਅਤੇ ਉਕਤ ਲੁਟੇਰੇ ਪਿੰਡ ਠਾਕਰੀ ਨਜ਼ਦੀਕ ਲੋਕਾਂ ਦੇ ਅੜਿੱਕੇ ਆ ਗਏ। ਲੋਕਾਂ ਨੇ ਉਨ੍ਹਾਂ ਦੀ ਜਮ ਕੇ ਛਿੱਤਰ ਪਰੇਡ ਕਰਦੇ ਹੋਏ ਪੁਲਸ ਨੂੰ ਸੂਚਿਤ ਕੀਤਾ। . ਲੋਕਾਂ ਨੇ ਫੜੇ ਗਏ ਦੋਵਾਂ ਲੁਟੇਰਿਆਂ ਨੂੰ ਮੌਕੇ 'ਤੇ ਪਹੁੰਚੇ ਟਾਂਡਾ ਪੁਲਸ ਦੇ ਹੈੱਡ ਕਾਂਸਟੇਬਲ ਗੁਰਮੀਤ ਸਿੰਘ ਦੇ ਹਵਾਲੇ ਕਰ ਦਿੱਤਾ।
ਪੁਲਸ ਹਵਾਲੇ ਕੀਤੇ ਨੌਜਵਾਨਾਂ ਦੀ ਪਛਾਣ ਸੰਦੀਪ ਅਤੇ ਰਵੀ ਨਿਵਾਸੀ ਬੇਗੋਵਾਲ ਦੱਸੀ ਜਾ ਰਹੀ ਹੈ। ਟਾਂਡਾ ਪੁਲਸ ਮਾਮਲੇ ਦੀ ਤਫਤੀਸ਼ ਵਿਚ ਜੁਟੀ ਹੋਈ ਹੈ। ਲੁਟੇਰਿਆਂ ਨਾਲ ਸ਼ਾਮਿਲ ਲੜਕੀ ਵਾਰਦਾਤ ਦੌਰਾਨ ਖੋਹੇ ਪੈਸੇ ਲੈ ਕੇ ਫ਼ਰਾਰ ਦੱਸੀ ਜਾ ਰਹੀ ਹੈ। ਵਾਰਦਾਤ ਦੌਰਾਨ ਜ਼ਖ਼ਮੀ ਹੋਈ ਔਰਤ ਰਾਜਵਿੰਦਰ ਕੌਰ ਨੂੰ ਬੇਗੋਵਾਲ ਦੇ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ .


Related News