ਦਿਨ-ਦਿਹਾਡ਼ੇ ਗਹਿਣੇ ਤੇ ਨਕਦੀ ਲੁੱਟਣ ਵਾਲੇ ਗਿਰੋਹ ਦਾ ਹੋਇਆ ਪਰਦਾਫਾਸ਼
Saturday, Jul 21, 2018 - 06:19 AM (IST)

ਵਲਟੋਹਾ, (ਜ.ਬ., ਸੰਦੀਪ, ਬਲਜੀਤ, ਅਮਰਗੌਰ)- ਬੀਤੇ ਦਿਨੀਂ ਕਸਬਾ ਅਮਰਕੋਟ ਵਿਚ ਦਿਨ ਦਿਹਾਡ਼ੇ ਇਕ ਘਰ ਵਿਚ ਤੇਜ਼ਧਾਰ ਹਥਿਆਰਾਂ ਸਮੇਤ ਦਾਖਲ ਹੋ ਕੇ ਅੌਰਤਾਂ ਨੂੰ ਡਰਾ ਧਮਕਾ ਕੇ ਘਰ ਦੀਆਂ ਅਲਮਾਰੀਆਂ ਵਿਚੋਂ 10 ਤੋਲੇ ਸੋਨੇ ਦੇ ਗਹਿਣੇ ਅਤੇ 1 ਲੱਖ 10 ਹਜ਼ਾਰ ਦੀ ਨਕਦੀ ਲੁੱਟ ਕੇ ਫਰਾਰ ਹੋਣ ਵਾਲੇ 7 ਮੈਂਬਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਥਾਣਾ ਵਲਟੋਹਾ ਪੁਲਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਸੋਨੇ ਦੇ ਗਹਿਣੇ ਵੀ ਬਰਾਮਦ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਹਾਲਾਂਕਿ ਚਾਰ ਮੁਲਜ਼ਮ ਅਜੇ ਫਰਾਰ ਦੱਸੇ ਜਾ ਰਹੇ ਹਨ। ਥਾਣਾ ਮੁਖੀ ਹਰਚੰਦ ਸਿੰਘ ਨੇ ਦੱਸਿਆ ਕਿ 18 ਜੁਲਾਈ ਨੂੰ ਹਥਿਆਰਬੰਦ 7 ਲੋਕਾਂ ਨੇ ਸੁਖਦੇਵ ਰਾਜ ਪੁੱਤਰ ਵਜੀਰ ਚੰਦ ਨਿਵਾਸੀ ਅਮਰਕੋਟ ਦੇ ਘਰ ਵਿਚ ਦਾਖਲ ਹੋ ਕੇ ਘਰ ਵਿਚ ਇਕੱਲੀਆਂ ਤਿੰਨ ਅੌਰਤਾਂ ਨੂੰ ਡਰਾ ਧਮਕਾ ਕੇ ਅਲਮਾਰੀਆਂ ਦੀਆਂ ਚਾਬੀਆਂ ਖੋਹ ਲਈਆਂ ਅਤੇ 10 ਤੋਲੇ ਸੋਨੇ ਦੇ ਗਹਿਣੇ, ਇਕ ਲੱਖ 10 ਹਜ਼ਾਰ ਦੇ ਕਰੀਬ ਨਕਦੀ ਲੁੱਟ ਲਈ ਤੇ ਫਰਾਰ ਹੋ ਗਏ। ਘਟਨਾਂ ਦਾ ਪਤਾ ਲਗਦਿਆਂ ਹੀ ਉਨ੍ਹਾਂ ਨੇ ਐੱਸ.ਪੀ. (ਆਈ) ਤਿਲਕ ਰਾਜ ਅਤੇ ਡੀ.ਐੱਸ.ਪੀ. ਭਿੱਖੀਵਿੰਡ ਸੁਲੱਖਣ ਸਿੰਘ ਮਾਨ ਦੇ ਦਿਸ਼ਾ- ਨਿਰਦੇਸ਼ਾਂ ’ਤੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ। ਜਿਸ ਦੌਰਾਨ ਉਨ੍ਹਾਂ ਪਿੰਡ ਜੋਗੇਵਾਲਾ (ਮਮੂਦਵਾਲਾ) ਪਹੁੰਚ ਕੇ ਸਰਚ ਅਭਿਆਨ ਚਲਾਇਆ ਤੇ ਚੌਕੀ ਇੰਚਾਰਜ ਜੋਗੇਵਾਲਾ ਦੇ ਸਹਿਯੋਗ ਨਾਲ ਦਿਨ ਰਾਤ ਕੀਤੀ ਮਿਹਨਤ ਸਦਕਾ ਲੁੱਟ ਨੂੰ ਅੰਜਾਮ ਦੇਣ ਵਾਲੇ 7 ਮੈਂਬਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਤਿੰਨ ਮੁਲਜ਼ਮਾਂ ਪਿੱਪਲ ਸਿੰਘ ਨਿਵਾਸੀ ਮਮੂਦਵਾਲਾ, ਜਗਰੂਪ ਸਿੰਘ ਵਾਸੀ ਮਮੂਦਵਾਲਾ ਅਤੇ ਬੂਟਾ ਸਿੰਘ ਪੁੱਤਰ ਕਿਸ਼ਨ ਸਿੰਘ ਨਿਵਾਸੀ ਮਮੂਦਵਾਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਨ੍ਹਾਂ ਦੇ ਕਬਜ਼ੇ ਵਿਚੋਂ ਸੋਨੇ ਦਾ ਇਕ ਕਡ਼ਾ, ਇਕ ਵੰਗ, ਟੌਪਸ, ਕਾਂਟੇ, ਇਕ ਜ਼ਨਾਨਾ ਮੁੰਦਰੀ, ਇਕ ਸੋਨੇ ਦਾ ਹਾਰ ਅਤੇ ਕੁਝ ਨਕਦੀ ਬਰਾਮਦ ਹੋਈ।
ਥਾਣਾ ਮੁਖੀ ਹਰਚੰਦ ਸਿੰਘ ਨੇ ਦੱਸਿਆ ਕਿ ਬਾਕੀ ਫਰਾਰ ਮੁਲਜ਼ਮਾਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ ਬਗੀਚਾ ਸਿੰਘ, ਜਗਦੀਸ਼ ਸਿੰਘ ਨਿਵਾਸੀ ਝੁੱਗੀਆਂ ਥਾਣਾ ਸਦਰ ਫਿਰੋਜ਼ਪੁਰ, ਲਾਡੀ ਵਾਸੀ ਮਾਹਲੇਵਾਲਾ ਅਤੇ ਕੋਮਲ ਨਿਵਾਸੀ ਸਿਧਵਾਂ ਬੇਟ ਵਜੋਂ ਹੋਈ ਹੈ। ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਪਾਰਟੀਆਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਬਾਕੀ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਕਾਬੂ ਕੀਤੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰਕੇ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।