ਰਾਤ ਸਮੇਂ ਸ਼ਹਿਰ ਵਾਸੀਆਂ ਦਾ ਰੱਬ ਹੀ ਰਾਖਾ

Monday, Jun 11, 2018 - 05:52 AM (IST)

ਕਪੂਰਥਲਾ, (ਭੂਸ਼ਣ)- ਸ਼ਹਿਰ 'ਚ ਸ਼ਾਮ ਢਲਦੇ ਹੀ ਜਿਥੇ ਸਾਰੇ ਸੰਵੇਦਨਸ਼ੀਲ ਮਾਰਗਾਂ 'ਤੇ ਵੱਡੀ ਗਿਣਤੀ 'ਚ ਸ਼ੱਕੀ ਵਿਅਕਤੀਆਂ ਨੂੰ ਘੁੰਮਦੇ ਵੇਖਿਆ ਜਾ ਸਕਦਾ ਹੈ, ਉਥੇ ਹੀ ਬੀਤੇ ਕੁਝ ਦਿਨਾਂ ਦੌਰਾਨ ਸ਼ਹਿਰ 'ਚ ਲੁੱਟ-ਖੋਹ ਅਤੇ ਚੋਰੀ ਦੀਆਂ ਵਧ ਚੁਕੀਆਂ ਵਾਰਦਾਤਾਂ ਨੇ ਲੋਕਾਂ 'ਚ ਭਾਰੀ ਖੌਫ ਪੈਦਾ ਕਰ ਦਿੱਤਾ ਹੈ। ਕੁਝ ਸਾਲ ਪਹਿਲਾਂ ਤਕ ਅਪਰਾਧੀਆਂ 'ਚ ਭਾਰੀ ਡਰ ਪੈਦਾ ਕਰਨ ਵਾਲੀ ਪੀ. ਸੀ. ਆਰ. ਟੀਮ ਜਿਥੇ ਪੂਰੀ ਤਰ੍ਹਾਂ ਨਾਲ ਬੇਬੱਸ ਨਜ਼ਰ ਆ ਰਹੀ ਹੈ, ਉਥੇ ਹੀ ਸ਼ਹਿਰ ਦੇ ਪ੍ਰਮੁੱਖ ਪੁਆਇੰਟਾਂ (ਨਾਕਿਆਂ) 'ਤੇ ਦੇਰ ਰਾਤ ਤਕ ਪੁਲਸ ਟੀਮਾਂ ਦੇ ਗਾਇਬ ਰਹਿਣ ਨਾਲ ਇਸ ਦਾ ਫਾਇਦਾ ਉਨ੍ਹਾਂ ਲੁਟੇਰਿਆਂ ਨੂੰ ਹੋ ਰਿਹਾ ਹੈ, ਜੋ ਬਿਨਾਂ ਡਰ ਦੇ ਨਕਦੀ, ਮੋਬਾਇਲ ਅਤੇ ਸੋਨੇ ਦੀਆਂ ਵਾਲੀਆਂ ਖੋਹਣ ਵਰਗੀਆਂ ਘਟਨਾਵਾਂ ਨੂੰ ਸ਼ਰੇਆਮ ਅੰਜਾਮ ਦੇ ਰਹੇ ਹਨ। ਸ਼ਹਿਰ 'ਚ ਪਿਛਲੇ ਇਕ ਹਫ਼ਤੇ ਤੋਂ ਲਗਾਤਾਰ ਵਧ ਰਹੇ ਅਪਰਾਧਾਂ ਦੇ ਗ੍ਰਾਫ ਦੇ ਬਾਅਦ ਬਣੇ ਹਾਲਾਤ ਨੂੰ ਲੈ ਕੇ ਜਦੋਂ 'ਜਗ ਬਾਣੀ' ਨੇ ਬੀਤੀ ਰਾਤ ਸ਼ਹਿਰ ਦੇ ਪ੍ਰਮੁੱਖ ਸੰਵੇਦਨਸ਼ੀਲ ਮਾਰਗਾਂ ਅਤੇ ਪੁਆਇੰਟਾਂ (ਨਾਕਿਆਂ) ਦਾ ਦੌਰਾ ਕੀਤਾ ਤਾਂ ਕਾਫ਼ੀ ਥਾਵਾਂ 'ਤੇ ਪੁਲਸ ਫੋਰਸ ਗਾਇਬ ਨਜ਼ਰ ਆਈ।  
PunjabKesari
'ਜਗ ਬਾਣੀ' ਨੇ ਜਦੋਂ ਸ਼ਹਿਰ ਦੇ ਪ੍ਰਮੁੱਖ ਪੁਆਇੰਟਾਂ (ਨਾਕਿਆਂ) ਅਤੇ ਚੌਕਾਂ ਜਿਨ੍ਹਾਂ 'ਚ ਸੈਨਿਕ ਸਕੂਲ ਚੌਕ, ਡੀ. ਸੀ. ਚੌਕ, ਜਲੰਧਰ ਮਾਰਗ, ਕਰਤਾਰਪੁਰ ਮਾਰਗ, ਕਾਂਜਲੀ ਮਾਰਗ, ਨਕੋਦਰ ਮਾਰਗ, ਸੁਲਤਾਨਪੁਰ ਲੋਧੀ ਮਾਰਗ, ਅੰਮ੍ਰਿਤਸਰ ਚੁੰਗੀ ਖੇਤਰ, ਸੁਭਾਨਪੁਰ ਮਾਰਗ, ਪੁਰਾਣੀ ਦਾਣਾ ਮੰਡੀ ਖੇਤਰ ਅਤੇ ਮਾਰਕਫੈੱਡ ਖੇਤਰ ਦਾ ਦੌਰਾ ਕੀਤਾ ਤਾਂ ਕਾਫ਼ੀ ਹੈਰਾਨ ਕਰਨ ਵਾਲੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ। ਪਹਿਲਾਂ ਹੀ ਸਟ੍ਰੀਟ ਲਾਈਟਾਂ ਦੀ ਬਦਹਾਲੀ ਦੇ ਚਲਦੇ ਘਣੇ ਹਨੇਰੇ ਦਾ ਸਾਹਮਣਾ ਕਰ ਰਹੇ ਕਪੂਰਥਲਾ ਸ਼ਹਿਰ 'ਚ ਸੁਰੱਖਿਆ ਪ੍ਰਣਾਲੀ ਦਾ ਆਲਮ ਤਾਂ ਇਹ ਸੀ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਪੁਆਇਟਾਂ 'ਚ 1-2 ਪੀ. ਸੀ. ਆਰ. ਦੇ ਮੋਟਰਸਾਈਕਲਾਂ ਨੂੰ ਛੱਡ ਕੇ ਕਿੱਤੇ ਵੀ ਪੁਲਸ ਟੀਮਾਂ ਚੈਕਿੰਗ ਕਰਦੀਆਂ ਨਜ਼ਰ ਨਹੀਂ ਆਈਆਂ। ਇਸ ਦੌਰਾਨ ਵੱਡੀ ਗਿਣਤੀ 'ਚ ਸ਼ੱਕੀ ਨੌਜਵਾਨ 3-3 ਦੀ ਗਿਣਤੀ 'ਚ ਮੋਟਰਸਾਈਕਲ 'ਤੇ ਘੁੰਮਦੇ ਨਜ਼ਰ ਆਏ, ਜੋ ਕਿੱਤੇ ਨਾ ਕਿੱਤੇ ਪਹਿਲਾਂ ਹੀ ਸੰਵੇਦਨਸ਼ੀਲ ਮੰਨੇ ਜਾਣ ਵਾਲੇ ਕਪੂਰਥਲਾ ਸ਼ਹਿਰ ਦੀ ਰਾਤ ਵੇਲੇ ਦੀਆਂ ਸੁਰੱਖਿਆ ਵੱਲ ਇਸ਼ਾਰਾ ਕਰਦੀਆਂ ਹਨ।  
ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ 'ਚ ਕਈ ਗੁਣਾ ਵਾਧਾ
ਸ਼ਹਿਰ 'ਚ ਪੁਲਸ ਗਸ਼ਤ 'ਚ ਭਾਰੀ ਕਮੀ ਅਤੇ ਗੁੰਡਾ ਅਨਸਰਾਂ ਦਾ ਲਗਾਤਾਰ ਸੰਵੇਦਨਸ਼ੀਲ ਅਤੇ ਭੀੜਭਾੜ ਵਾਲੀਆਂ ਥਾਵਾਂ 'ਤੇ ਮੰਡਰਾਉਣ ਨਾਲ ਬੀਤੇ ਇਕ ਹਫ਼ਤੇ ਤੋਂ ਮਹਿਲਾਵਾਂ ਤੋਂ ਸੋਨੇ ਦੀਆਂ ਚੈਨੀਆਂ, ਵਾਲੀਆਂ ਖੋਹਣ ਅਤੇ ਮੋਬਾਇਲ ਖੋਹਣ ਦੀਆਂ 10 ਤੋਂ ਜ਼ਿਆਦਾ ਵਾਰਦਾਤਾਂ ਹੋਣ ਦੇ ਬਾਵਜੂਦ ਸੁਰੱਖਿਆ ਵਿਵਸਥਾ ਦੀ ਹਾਲਤ ਕਾਫ਼ੀ ਢਿੱਲੀ ਹੋਣ ਕਾਰਨ ਲੋਕਾਂ 'ਚ ਕਾਫ਼ੀ ਦਹਿਸ਼ਤ ਦੇਖਣ ਨੂੰ ਮਿਲੀ ਹੈ, ਜਿਸ ਦੌਰਾਨ ਰਾਤ ਦੇ ਸਮੇਂ ਆਪਣੇ ਪਰਿਵਾਰਾਂ ਦੇ ਨਾਲ ਸੈਰ ਕਰਨ ਵਾਲੇ ਲੋਕਾਂ ਨੂੰ ਆਪਣੀ ਸੁਰੱਖਿਆ ਦੀ ਚਿੰਤਾ ਸਤਾਉਣ ਲੱਗੀ ਹੈ। ਦੱਸਿਆ ਜਾਂਦਾ ਹੈ ਕਿ ਸ਼ਹਿਰ 'ਚ ਘੁੰਮਣ ਵਾਲੇ ਸ਼ੱਕੀ ਅਨਸਰਾਂ ਦੀ ਚੈਕਿੰਗ ਨਾ ਹੋਣ ਦੇ ਕਾਰਨ ਇਨ੍ਹਾਂ ਦੇ ਹੌਸਲੇ ਇਸ ਕਦਰ ਬੁਲੰਦੀਆਂ 'ਤੇ ਪਹੁੰਚ ਚੁੱਕੇ ਹਨ ਕਿ ਇਨ੍ਹਾਂ ਨੂੰ ਹੁਣ ਰਿਹਾਇਸ਼ੀ ਖੇਤਰਾਂ 'ਚ ਵੀ ਆਮ ਘੁੰਮਦੇ ਵੇਖਿਆ ਜਾ ਸਕਦਾ ਹੈ। ਉਥੇ ਹੀ ਜੇਕਰ ਪੁਲਸ ਅਜਿਹੇ ਅਨਸਰਾਂ ਦੀ ਸਖਤੀ ਨਾਲ ਚੈਕਿੰਗ ਕਰੇ ਤਾਂ ਪੁਲਸ ਕਾਫ਼ੀ ਗਿਣਤੀ 'ਚ ਹਥਿਆਰ ਵੀ ਬਰਾਮਦ ਕਰ ਸਕਦੀ ਹੈ।  
ਸਮਾਜ ਵਿਰੋਧੀ ਅਨਸਰਾਂ ਖਿਲਾਫ ਕੀਤੀ ਜਾਵੇਗੀ ਸਖਤ ਕਾਰਵਾਈ : ਐੱਸ. ਐੱਸ. ਪੀ.
ਇਸ ਸਬੰਧ 'ਚ ਜਦੋਂ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਕਪੂਰਥਲਾ ਸ਼ਹਿਰ ਦੀ ਸੁਰੱਖਿਆ ਉਨ੍ਹਾਂ ਦੀ ਸਭ ਤੋਂ ਵੱਡੀ ਪਹਿਲ ਹੈ, ਉਨ੍ਹਾਂ ਕਿਹਾ ਕਿ ਜਲਦੀ ਹੀ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਜਿਥੇ ਗ੍ਰਿਫਤਾਰ ਕਰ ਕੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਸ਼ਹਿਰ 'ਚ ਸੁਰੱਖਿਆ ਵਿਵਸਥਾ ਨੂੰ ਪੂਰੀ ਤਰ੍ਹਾਂ ਨਾਲ ਸਖ਼ਤ ਕੀਤਾ ਜਾਵੇਗਾ। 


Related News