ਖਤਰਨਾਕ ਲੁਟੇਰਾ ਗੈਂਗ ਦਾ ਮੁਖੀ ਪੱਪੀ 3 ਸਾਥੀਆਂ ਸਮੇਤ ਗ੍ਰਿਫਤਾਰ
Tuesday, Dec 17, 2019 - 01:46 AM (IST)
ਲੁਧਿਆਣਾ: ਬਸਤੀ ਜੋਧੇਵਾਲ ਪੁਲਸ ਨੇ ਸਖਤ ਯਤਨਾਂ ਦੇ ਬਾਅਦ ਦੋ ਦਰਜਨ ਤੋਂ ਜ਼ਿਆਦਾ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ ਵਿਚ ਸ਼ਾਮਲ ਰਹਿ ਚੁੱਕੇ ਖਤਰਨਾਕ ਗੈਂਗ ਮੁਖੀ ਜਤਿੰਦਰ ਉਰਫ ਪੱਪੀ ਨੂੰ ਆਪਣੇ 3 ਸਾਥੀਆਂ ਨਾਲ ਡਕੈਤੀ ਦੀ ਯੋਜਨਾ ਬਣਾਉਂਦੇ ਹੋਏ ਗ੍ਰਿਫਤਾਰ ਕੀਤਾ ਹੈ। ਜਦਕਿ ਇਕ ਦੋਸ਼ੀ ਪੁਲਸ ਨੂੰ ਚਕਮਾ ਦੇ ਕੇ ਭੱਜਣ ਵਿਚ ਕਾਮਯਾਬ ਹੋ ਗਿਆ। ਪੁਲਸ ਨੇ ਇਸ ਗੈਂਗ ਦੇ ਕਬਜ਼ੇ ਵਿਚੋਂ ਇਕ ਕ੍ਰਿਪਾਨ, ਕਮਾਨੀਦਾਰ ਚਾਕੂ ਲੋਹੇ ਦੀ ਰਾਡ ਤੇ 3 ਮੋਟਰਸਾਈਕਲ ਬਰਾਮਦ ਕੀਤੇ ਹਨ।
ਇਹ ਜਾਣਕਾਰੀ ਐਡੀਸ਼ਨਲ ਡਿਪਟੀ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਸਿਕੰਦ ਨੇ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ਵਿਚ ਦਿੱਤੀ। ਉਨ੍ਹਾਂ ਦੱਸਿਆ ਕਿ ਰਾਹੋਂ ਰੋਡ ਕ੍ਰਿਸ਼ਨਾ ਕਾਲੋਨੀ ਦੇ ਰਹਿਣ ਵਾਲੇ ਜਤਿੰਦਰ ਉਰਫ ਪੱਪੀ ਦੇ ਇਲਾਵਾ ਹੋਰ ਦੋਸ਼ੀਆਂ ਦੀ ਸ਼ਨਾਖਤ ਨਿਊ ਸੁਭਾਸ਼ ਨਗਰ ਦੇ ਸੋਨੂੰ ਖਾਨ ਉਰਫ ਸੋਨੂ ਰਾਹੋਂ ਰੋਡ, ਪਿੰਡ ਸਸਰਾਲੀ ਦੇ ਰੋਹਿਤ ਕੁਮਾਰ ਉਰਫ ਸੂਰਜ, ਕੈਲਾਸ਼ ਨਗਰ ਸੰਤ ਵਿਹਾਰ ਦੇ ਰਾਕੇਸ਼ ਕੁਮਾਰ ਉਰਫ ਕੈਸ਼ਾ ਦੇ ਰੂਪ ਵਿਚ ਹੋਈ ਹੈ ਜਦਕਿ ਫਰਾਰ ਮੁਲਜ਼ਮ ਰਾਹੋਂ ਰੋਡ, ਗੁੱਜਰ ਕਾਲੋਨੀ ਦੇ ਰਿਤਿਕ ਕੁਮਾਰ ਦੀ ਤਲਾਸ਼ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਦੋਸ਼ੀ ਹਥਿਆਰਾਂ ਨਾਲ ਲੈਸ ਹੋ ਕੇ ਪਿੰਡ ਕਾਕੋਵਾਲ ਤੋਂ ਅੱਗੇ ਇਕ ਫੈਕਟਰੀ ਨੇੜੇ ਸੁਨਸਾਨ ਪਲਾਟ ਵਿਚ ਇਕੱਠੇ ਹੋ ਕੇ ਪੈਟ੍ਰੋਲ ਪੰਪ ਜਾਂ ਵੱਡੇ ਉਦਯੋਗਿਕ ਇਕਾਈ ਵਿਚ ਡਕੈਤੀ ਦੀ ਯੋਜਨਾ ਬਣਾ ਰਹੇ ਹਨ। ਇਨ੍ਹਾਂ ਦੋਸ਼ੀਆਂ 'ਤੇ ਲੁੱਟ-ਖੋਹ ਤੇ ਚੋਰੀਆਂ ਦੇ ਕਈ ਮਾਮਲੇ ਦਰਜ ਹਨ।
ਇਸ ਮੌਕੇ ਜੋਧੇਵਾਲ ਥਾਣਾ ਮੁਖੀ ਸਬ ਇੰਸਪੈਕਟਰ ਅਰਸ਼ਪ੍ਰੀਤ ਕੌਰ ਤੇ ਸਬ ਇੰਸਪੈਕਟਰ ਦਲਜੀਤ ਸਿੰਘ ਦੀ ਟੀਮ ਨੇ ਅਸਿਸਟੈਂਟ ਕਮਿਸ਼ਨਰ ਪੁਲਸ ਅਨਿਲ ਕੋਹਲੀ ਦੀ ਨਿਗਰਾਨੀ ਵਿਚ 4 ਦੋਸ਼ੀਆਂ ਨੂੰ ਸਪੈਸ਼ਲ ਨਾਕਾਬੰਦੀ ਦੌਰਾਨ ਹਥਿਆਰਾਂ ਸਣੇ ਗ੍ਰਿਫਤਾਰ ਕਰ ਲਿਆ ਜਦ ਕਿ ਰਿਤਿਕ ਭੱਜਣ ਵਿਚ ਕਾਮਯਾਬ ਹੋ ਗਿਆ।